ਚੋਣਾਂ ਮਗਰੋਂ ਰਾਜਸਥਾਨ ’ਚੋਂ ਗਾਇਬ ਹੋ ਜਾਣਗੇ ਮੋਦੀ ਤੇ ਓਵਾਇਸੀ: ਪਾਇਲਟ

ਚੋਣਾਂ ਮਗਰੋਂ ਰਾਜਸਥਾਨ ’ਚੋਂ ਗਾਇਬ ਹੋ ਜਾਣਗੇ ਮੋਦੀ ਤੇ ਓਵਾਇਸੀ: ਪਾਇਲਟ

ਜੈਪੁਰ- ਰਾਜਸਥਾਨ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸਚਿਨ ਪਾਇਲਟ ਨੇ ਅੱਜ ਦਾਅਵਾ ਕੀਤਾ ਕਿ ਸੂਬੇ ਵਿੱਚ ਚੋਣ ਵਰ੍ਹੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਏਆਈਐਮਆਈਐਮ ਦੇ ਪ੍ਰਧਾਨ ਅਸਦੂਦੀਨ ਓਵਾਇਸੀ ਵੱਲੋਂ ਕੀਤੇ ਜਾ ਰਹੇ ਦੌਰਿਆਂ ਦਾ ਮਕਸਦ ਸਿਰਫ਼ ਵੋਟਾਂ ਹਾਸਲ ਕਰਨਾ ਹੈ, ਜਦੋਂ ਇਹ ਪੂਰਾ ਹੋ ਗਿਆ, ਉਹ ਇੱਥੋਂ ਗਾਇਬ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸੱਤਾ ਵਿੱਚ ਮੌਕਾਪ੍ਰਸਤ ਲੋਕ ਬੈਠੇ ਹਨ ਅਤੇ ਇਹ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਚੋਣਾਂ ਦੌਰਾਨ ਮੁੜ ਹਿੰਦੂ ਬਨਾਮ ਮੁਸਲਿਮ, ਮੰਦਰ- ਮਸਜਿਦ, ਭਾਰਤ-ਪਾਕਿਸਤਾਨ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ।

ਸ੍ਰੀਗੰਗਾਨਗਰ ਜ਼ਿਲ੍ਹੇ ਵਿੱਚ ਜਨਤਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪਾਇਲਟ ਨੇ ਕਿਹਾ ਕਿ ਮੋਦੀ ਨੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇ ਦਿੱਲੀ-ਦੌਸਾ-ਲਾਲਸੋਤ ਹਿੱਸੇ ਦਾ ਉਦਘਾਟਨ ਕਰਨ ਲਈ ਦੌਸਾ ਨੂੰ ਸਿਰਫ਼ ਇਸ ਲਈ ਚੁਣਿਆ ਕਿਉਂਕਿ ਉਹ ਸਾਲ ਦੇ ਅਖੀਰ ਤੱਕ ਹੋਣ ਵਾਲੀਆਂ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਥਾਵਾਂ ਦਾ ਦੌਰਾ ਕਰਨਾ ਚਾਹੁੰਦੇ ਹਨ ਜਿੱਥੇ ਕਾਂਗਰਸ ਮਜ਼ਬੂਤ ​​ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ 12 ਫਰਵਰੀ ਨੂੰ ਐਕਸਪ੍ਰੈਸਵੇਅ ਦਾ ਉਦਘਾਟਨ ਕੀਤਾ ਸੀ ਅਤੇ ਦੌਸਾ ਵਿੱਚ ਜਨਤਕ ਇਕੱਠ ਨੂੰ ਸੰਬੋਧਨ ਕੀਤਾ ਸੀ। ਪਾਇਲਟ ਨੇ ਸੰਸਦ ਵਿੱਚ 2004 ਤੋਂ 2009 ਤੱਕ ਦੌਸਾ ਲੋਕ ਸਭਾ ਸੀਟ ਦੀ ਨੁਮਾਇੰਦਗੀ ਕੀਤੀ ਹੈ।

ਪਾਇਲਟ ਨੇ ਛਤੀਸਗੜ੍ਹ ਵਿੱਚ ਕਾਂਗਰਸ ਆਗੂਆਂ ਨਾਲ ਸਬੰਧਿਤ ਦਫ਼ਤਰਾਂ ’ਤੇ ਈਡੀ ਦੇ ਛਾਪਿਆਂ ਸਬੰਧੀ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਸਾਰਾ ਦੇਸ਼ ਇਹ ਸਭ ਕੁਝ ਵਾਚ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਵੱਲੋਂ ਛਤੀਸਗੜ੍ਹ ਵਿੱਚ ਤਿੰਨ ਰੋਜ਼ਾ ਸੈਸ਼ਨ 24 ਫਰਵਰੀ ਤੋਂ ਕਰਵਾਇਆ ਜਾ ਰਿਹਾ ਹੈ।