ਤਰੀਕ ਭੁਗਤਣ ਆਈ ਔਰਤ ਦੀਆਂ ਉਂਗਲਾਂ ਵੱਢੀਆਂ

ਤਰੀਕ ਭੁਗਤਣ ਆਈ ਔਰਤ ਦੀਆਂ ਉਂਗਲਾਂ ਵੱਢੀਆਂ

ਰੰਜਿਸ਼ ਤਹਿਤ ਕਾਲਜ ਦੇ ਵਿਦਿਆਰਥੀ ਦੀ ਕੁੱਟਮਾਰ; ਸੁਖਬੀਰ ਬਾਦਲ ਵੱਲੋਂ ਘਟਨਾਵਾਂ ਦੀ ਆਲੋਚਨਾ
ਫ਼ਿਰੋਜ਼ਪੁਰ – ਸਥਾਨਕ ਛਾਉਣੀ ਸਥਿਤ ਕਚਹਿਰੀਆਂ ਦੇ ਬਾਹਰ ਬਾਜ ਵਾਲੇ ਚੌਕ ਵਿਚ ਅੱਜ ਮੋਟਰਸਾਈਕਲ ਸਵਾਰ ਕੁਝ ਅਣਪਛਾਤੇ ਹਮਲਾਵਰਾਂ ਨੇ ਇੱਕ ਕਤਲ ਕੇਸ ਵਿੱਚ ਤਰੀਕ ਭੁਗਤਣ ਆਈ ਇੱਕ ਔਰਤ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀਆਂ ਉਂਗਲਾਂ ਵੱਢੀਆਂ ਗਈਆਂ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਔਰਤ ਦੀ ਪਛਾਣ ਕਮਲੇਸ਼ ਪਤਨੀ ਭੋਲਾ ਵਾਸੀ ਪਿੰਡ ਵਜੀਦਪੁਰ ਵਜੋਂ ਹੋਈ ਹੈ। ਜ਼ਖ਼ਮੀ ਕਮਲੇਸ਼ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ। ਪੁਲੀਸ ਨੇ ਹਮਲਾਵਰਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਆਰੰਭ ਦਿੱਤੇ ਹਨ। ਵੇਰਵਿਆਂ ਮੁਤਾਬਕ ਕਮਲੇਸ਼ ’ਤੇ ਆਪਣੇ ਦੋ ਸਾਥੀਆਂ ਨਾਲ ਰਲ ਕੇ ਆਪਣੀ ਧੀ ਦੇ ਪ੍ਰੇਮੀ ਦੀ ਹੱਤਿਆ ਕਰਨ ਦਾ ਦੋਸ਼ ਹੈ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਥਾਣਾ ਛਾਉਣੀ ਦੇ ਇੰਚਾਰਜ ਇੰਸਪੈਕਟਰ ਨਵੀਨ ਕੁਮਾਰ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ।

ਦੂਜੇ ਪਾਸੇ, ਛਾਉਣੀ ਦੇ ਲਾਈਟਾਂ ਵਾਲੇ ਚੌਕ ਵਿਚ ਅੱਜ ਲਗਪਗ ਇੱਕ ਦਰਜਨ ਵਿਅਕਤੀਆਂ ਨੇ ਇੱਕ ਨੌਜਵਾਨ ’ਤੇ ਜਾਨਲੇਵਾ ਹਮਲਾ ਕਰ ਦਿੱਤਾ ’ਤੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਨੌਜਵਾਨ ਗੁਰਬਾਜ ਸਿੰਘ ਪੁੱਤਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਥਾਨਕ ਗੁਰੂ ਨਾਨਕ ਕਾਲਜ ਦਾ ਵਿਦਿਆਰਥੀ ਹੈ ਤੇ ਕੁਝ ਦਿਨ ਪਹਿਲਾਂ ਉਸ ਦਾ ਕਾਲਜ ਵਿੱਚ ਕੁਝ ਮੁੰਡਿਆਂ ਨਾਲ ਝਗੜਾ ਹੋਇਆ ਸੀ। ਇਸੇ ਰੰਜਿਸ਼ ਤਹਿਤ ਅੱਜ ਉਸ ’ਤੇ ਹਮਲਾ ਹੋਇਆ ਹੈ। ਪੀੜਤ ਗੁਰਬਾਜ ਨੂੰ ਪਹਿਲਾਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਵਾਪਰੀਆਂ ਦੋ ਹਿੰਸਕ ਘਟਨਾਵਾਂ ਦੀ ਕੜੀ ਨਿਖੇਧੀ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਇਸ ਵੇਲੇ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਤੇ ਪੰਜਾਬ ਸਰਕਾਰ ਕੁੰਭਕਰਨ ਦੀ ਨੀਂਦ ਸੌਂ ਰਹੀ ਹੈ।