‘ਆਪ ਸਰਕਾਰ ਦੇ ਕਾਰਜਕਾਲ ਵੇਲੇ ਭ੍ਰਿਸ਼ਟਾਚਾਰ ਵਧਿਆ’

‘ਆਪ ਸਰਕਾਰ ਦੇ ਕਾਰਜਕਾਲ ਵੇਲੇ ਭ੍ਰਿਸ਼ਟਾਚਾਰ ਵਧਿਆ’

ਪੰਜਾਬ ਦਾ ਪੈਸਾ ਦੂਜੇ ਸੂਬਿਆਂ ’ਚ ਇਸ਼ਤਿਹਾਰਬਾਜ਼ੀ ’ਤੇ ਲਾਇਆ: ਸੁਖਬੀਰ ਬਾਦਲ
ਗੁਰਾਇਆ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਵਾਸੀਆਂ ਦੀ ਹਮੇਸ਼ਾ ਸੇਵਾ ਕੀਤੀ ਹੈ ਤੇ ਭਵਿੱਖ ਵਿਚ ਵੀ ਲੋਕਾਂ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਪਿੰਡ ਜੌਹਲ ਵਿਚ ਵਰਕਰਾਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਜਿੱਥੇ ਭ੍ਰਿਸ਼ਟਾਚਾਰ ਵਿਰੋਧੀ ਹੋਣ ਦਾ ਦਿਖਾਵਾ ਕਰ ਰਹੀ ਹੈ ਉੱਥੇ ਹੁਣ ਇਹ ਸਾਫ਼ ਹੋ ਰਿਹਾ ਹੈ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਦਾ ਰਾਜ ਹੈ। ਇਹ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੀ ਹੈ। ਪੰਜਾਬ ਦਾ ਪੈਸਾ ਅੰਨ੍ਹੇਵਾਹ ਬਾਹਰਲੇ ਸੂਬਿਆਂ ਵਿਚ ਇਸ਼ਤਿਹਾਰ ਦੇ ਕੇ ਖ਼ਰਾਬ ਕੀਤਾ ਜਾ ਰਿਹਾ ਹੈ। ਇਹ ਸਰਕਾਰ ਇਕ ਹਜ਼ਾਰ ਰੁਪਏ ਔਰਤਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਉਣ ਦਾ ਕਹਿ ਕੇ ਸੱਤਾ ਵਿਚ ਆਈ ਸੀ ਪਰ ਇਹ ਵਾਅਦਾ ਵੀ ਝੂਠਾ ਹੀ ਸਾਬਤ ਹੋ ਰਿਹਾ ਹੈ। ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਡਾ. ਸੁਖਵਿੰਦਰ ਸੁੱਖੀ ਮੌਜੂਦ ਸਨ।

ਭਗਵੰਤ ਮਾਨ ਨੂੰ ਪਰਿਵਾਰ ਦੀ ਸੁਰੱਖਿਆ ਦਾ ਹੀ ਫਿਕਰ: ਹਰਸਿਮਰਤ
ਮਾਨਸਾ/ਬੁਢਲਾਡਾ: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਮੰਤਰੀ ਵਿਜੈ ਸਿੰਗਲਾ, ਫੌਜਾ ਸਿੰਘ ਸਰਾਰੀ ਨੂੰ ਅਹੁਦਿਆਂ ਤੋਂ ਹਟਾਇਆ ਪਰ ਉਨ੍ਹਾਂ ਖ਼ਿਲਾਫ਼ ਅੱਗੇ ਕੋਈ ਕਾਰਵਾਈ ਨਾ ਕੀਤੀ। ਹੁਣ ਵੀ ਬਠਿੰਡਾ ਦੇ ਵਿਧਾਇਕ ਅਮਿਤ ਰਤਨ ਮਾਮਲੇ ਵਿਚ ਇਹੀ ਰੁਖ਼ ਅਪਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਮਾਮਲੇ ’ਚ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਅੱਜ ਬੁਢਲਾਡਾ ਖੇਤਰ ਦੇ ਪਿੰਡ ਬੀਰੋਕੇ ਕਲਾਂ, ਗੜੱਦੀ, ਰੰਘੜਿਆਲ, ਬਰੇਟਾ, ਕੁਲਰੀਆਂ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਸੁਰੱਖਿਆ ਦੇਣ ਦੀ ਬਜਾਏ ਆਪਣੇ ਪਰਿਵਾਰਾਂ ਨੂੰ ਸੁਰੱਖਿਆ ਦੇਣ ’ਤੇ ਲੱਗੀ ਹੋਈ ਹੈ।