ਲਤੀਫਪੁਰਾ ਉਜਾੜਾ: ਮੋਰਚੇ ਦਾ ਇੱਕ ਹੋਰ ਆਗੂ ਗ੍ਰਿਫ਼ਤਾਰ

ਲਤੀਫਪੁਰਾ ਉਜਾੜਾ: ਮੋਰਚੇ ਦਾ ਇੱਕ ਹੋਰ ਆਗੂ ਗ੍ਰਿਫ਼ਤਾਰ

ਭੁੱਖ ਹੜਤਾਲ ’ਤੇ ਬੈਠੇ ਬਾਜਵਾ ਨੂੰ ਪੁਲੀਸ ਨੇ ਕੀਤਾ ਗ੍ਰਿਫ਼ਤਾਰ; ਜੱਥੇਬੰਦੀਆਂ ਵੱਲੋਂ ਪ੍ਰਸ਼ਾਸਨ ਦੀ ਨਿਖੇਧੀ
ਜਲੰਧਰ- ਪੰਜਾਬ ਸਰਕਾਰ ਨੇ ਲਤੀਫ਼ਪੁਰਾ ਵਿੱਚ ਉਜਾੜੇ 50 ਘਰਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਦੀ ਥਾਂ ਇਨਸਾਫ ਲਈ ਲੜ ਰਹੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕਮਿਸ਼ਨਰੇਟ ਪੁਲੀਸ ਨੇ ਲਤੀਫਪੁਰਾ ਮੁੜ ਵਸੇਬਾ ਮੋਰਚੇ ਦੇ ਇੱਕ ਹੋਰ ਆਗੂ ਮਹਿੰਦਰ ਸਿੰਘ ਬਾਜਵਾ ਨੂੰ ਨੈਸ਼ਨਲ ਹਾਈਵੇਅ ਰੋਕਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ। ਮੋਰਚੇ ਵੱਲੋਂ 16 ਜਨਵਰੀ ਨੂੰ ਧੰਨੋਵਾਲੀ ਨੇੜੇ ਨੈਸ਼ਨਲ ਹਾਈਵੇਅ ਜਾਮ ਕੀਤਾ ਸੀ। ਥਾਣਾ ਰਾਮਾਮੰਡੀ ਵਿੱਚ ਪੁਲੀਸ ਨੇ ਮਹਿੰਦਰ ਸਿੰਘ ਬਾਜਵਾ ਸਮੇਤ ਹੋਰ ਅਣਪਛਾਤੇ ਲੋਕਾਂ ’ਤੇ ਮਾਮਲੇ ਦਰਜ ਕੀਤੇ ਸਨ। ਇਸ ਜਾਮ ਵਿੱਚ ਕਿਸਾਨ ਜੱਥੇਬੰਦੀਆਂ ਨੇ ਵੀ ਸਾਥ ਦਿੱਤਾ ਸੀ। ਉਧਰ, ਸੰਘਰਸ਼ ਕਮੇਟੀ ਨੇ ਪੁਲੀਸ ਦੀ ਇਸ ਕਾਰਵਾਈ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।

ਇਸ ਤੋਂ ਪਹਿਲਾਂ ਮੋਰਚੇ ਦੇ ਇੱਕ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੂੰ ਜਲੰਧਰ ਦਿਹਾਤੀ ਪੁਲੀਸ ਨੇ ਇੱਕ ਪੁਰਾਣੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ। ਪੁਲੀਸ ਦਾ ਕਹਿਣਾ ਸੀ ਕਿ ਘੁੱਗਸ਼ੋਰ ਇੱਕ ਮਾਮਲੇ ਵਿੱਚ ਭਗੌੜਾ ਚੱਲ ਰਿਹਾ ਸੀ ਤੇ ਉਹ ਅਦਾਲਤ ਨੂੰ ਲੋੜੀਂਦਾ ਸੀ। ਥਾਣਾ ਰਾਮਾ ਮੰਡੀ ਦੇ ਐਸਐਚਓ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਆਈਪੀਸੀ ਦੀ ਧਾਰਾ 188, 341, 283 ਅਤੇ ਨੈਸ਼ਨਲ ਹਾਈਵੇਜ਼ ਐਕਟ ਦੀ 8 ਬੀ ਤਹਿਤ ਮਹਿੰਦਰ ਸਿੰਘ ਬਾਜਵਾ ਤੇ ਪੰਜ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਹੋਇਆ ਸੀ। ਬਾਕੀਆਂ ਦੀ ਅਜੇ ਪਛਾਣ ਕਰਨੀ ਬਾਕੀ ਹੈ। ਉਸ ਦਿਨ 16 ਜਨਵਰੀ ਨੂੰ ਪੀੜਤ ਪਰਿਵਾਰਾਂ ਤੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਜਾਮ ਕਰਨ ਦੇ ਨਾਲ-ਨਾਲ ਰੇਲਵੇ ਟਰੈਕ ਵੀ ਜਾਮ ਕਰ ਦਿੱਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਿਸਾਨ ਅਤੇ ਹੋਰ ਜਥੇਬੰਦੀਆਂ ਅਤੇ ਸੜਕਾਂ ਜਾਮ ਕਰਦੇ ਰਹੇ ਹਨ ਪਰ ਕੁਝ ਦੇਰ ਬਾਅਦ ਪੁਲੀਸ ਨੇ ਅਜਿਹੇ ਪ੍ਰਦਰਸ਼ਨਕਾਰੀਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੰਦੀ ਹੈ।

ਬਾਜਵਾ ਅਤੇ ਉਸ ਦੇ ਪਰਿਵਾਰ ’ਤੇ ਦੋਸ਼ ਲੱਗਦੇ ਰਹੇ ਹਨ ਕਿ ਲਤੀਫਪੁਰਾ ਵਿੱਚ ਲੋੜੀਂਦੀ ਜ਼ਮੀਨ ਦੇ ਮੁਕਾਬਲਤਨ ਉਨ੍ਹਾਂ ਨੇ ਜ਼ਮੀਨ ਦੇ ਵੱਡੇ ਹਿੱਸੇ ’ਤੇ ਕਬਜ਼ਾ ਕੀਤਾ ਹੋਇਆ ਸੀ।

ਲਤੀਫਪੁਰਾ ਮੁੜ ਵਸੇਬਾ ਮੋਰਚੇ ਨੂੰ ਖਿੰਡਾਉਣ ਲਈ ਪੁਲੀਸ ਨੇ ਪਹਿਲਾਂ ਮੋਰਚੇ ਦੇ ਵੱਡੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੂੰ ਗ੍ਰਿਫਤਾਰ ਕੀਤਾ ਸੀ ਤੇ ਅੱਜ ਭੁੱਖ ਹੜਤਾਲ ’ਤੇ ਬੈਠੇ ਮੋਰਚੇ ਦੇ ਕਮੇਟੀ ਮੈਂਬਰ ਮਹਿੰਦਰ ਸਿੰਘ ਬਾਜਵਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਸਰਕਾਰ ਦੀ ਚੁਫੇਰੇਓ ਨਿੰਦਾ ਹੋ ਰਹੀ ਹੈ। ਲਤੀਫਪੁਰਾ ਮੁੜ ਵਸੇਬਾ ਮੋਰਚਾ, ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ , ਪੰਜਾਬ ਕਿਸਾਨ ਯੂਨੀਅਨ ਬਾਗੀ, ਕਿਸਾਨ ਯੂਨੀਅਨ ਅੰਮ੍ਰਿਤਸਰ, ਬੀਕੇਯੂ ਰਾਜੇਵਾਲ ਦੇ ਆਗੂਆਂ ਨੇ ਇੱਕਸੁਰ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਕਾਰਨ ਮੋਰਚਾ ਆਪਣੇ ਮਿਸ਼ਨ ਤੋਂ ਥਿੜਕੇਗਾ ਨਹੀਂ। ਸੂਤਰਾਂ ਅਨੁਸਾਰ ਬਾਜਵਾ ਸਰਕਾਰ ਦੇ ਨਿਸ਼ਾਨੇ ’ਤੇ ਪਹਿਲਾਂ ਹੀ ਦੱਸਿਆ ਜਾ ਰਿਹਾ ਸੀ।

ਇਸ ਗ੍ਰਿਫਤਾਰੀ ਵਿਰੁੱਧ ਮੋਰਚੇ ਦੇ ਆਗੂਆਂ ਵਲੋਂ ਲਤੀਫਪੁਰਾ ਚੌਕ ’ਚ ਧਰਨਾ ਦਿੱਤਾ। ਪ੍ਰਸ਼ਾਸਨ ਵਲੋਂ 20 ਫਰਵਰੀ ਨੂੰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਮਗਰੋਂ ਹੀ ਇਹ ਧਰਨਾ ਚੁੱਕਿਆ ਗਿਆ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਆਪ ਸਰਕਾਰ ਲਤੀਫਪੁਰਾ ਮੋਰਚੇ ਨੂੰ ਦਬਾਉਣ ਅਤੇ ਮੋਰਚੇ ਨੂੰ ਆਗੂ ਰਹਿਤ ਕਰਨ ਲਈ ਲਗਾਤਾਰ ਗ੍ਰਿਫ਼ਤਾਰੀਆਂ ਕਰ ਰਹੀ ਹੈ। ਪਹਿਲਾਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੂੰ ਗ੍ਰਿਫ਼ਤਾਰ ਕੀਤਾ ਤੇ ਹੁਣ ਲਤੀਫਪੁਰਾ ਮੋਰਚੇ ਦੇ ਕਮੇਟੀ ਮੈਂਬਰ ਮਹਿੰਦਰ ਸਿੰਘ ਬਾਜਵਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਗੂਆਂ ਕਿਹਾ ਕਿ ਸਰਕਾਰ ਜੇਕਰ ਧੱਕੇਸ਼ਾਹੀ ਕਰਨ ਤੋਂ ਨਾ ਹਟੀ ਤਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੇ ਆਗੂ, ਡਾ਼ ਗੁਰਦੀਪ ਸਿੰਘ, ਸੰਤੋਖ ਸਿੰਘ ਸੰਧੂ, ਪਰਮਜੀਤ ਸਿੰਘ ਜੱਬੋਵਾਲ, ਮੋਹਨ ਸਿੰਘ ਫੌਜੀ ਜਮਸ਼ੇਰ, ਲਖਵੀਰ ਸਿੰਘ ਸੌਂਟੀ, ਪਰਮਿੰਦਰ ਸਿੰਘ ਮਿੰਟੂ, ਹੰਸ ਰਾਜ ਪੱਬਵਾਂ, ਬਲਜਿੰਦਰ ਕੌਰ, ਉਪਿੰਦਰਜੀਤ ਕੌਰ, ਕੁਲਦੀਪ ਸਿੰਘ ਦੌਧਰ ਆਦਿ ਨੇ ਸਖ਼ਤ ਨਿਖੇਧੀ ਕੀਤੀ।