ਸ਼ਿਮਲਾ ਨੇ 17 ਸਾਲਾਂ ਬਾਅਦ ਦੇਖਿਆ ਫਰਵਰੀ ਦਾ ਸਭ ਤੋਂ ਗਰਮ ਦਿਨ

ਸ਼ਿਮਲਾ ਨੇ 17 ਸਾਲਾਂ ਬਾਅਦ ਦੇਖਿਆ ਫਰਵਰੀ ਦਾ ਸਭ ਤੋਂ ਗਰਮ ਦਿਨ

ਸ਼ਨਿਚਰਵਾਰ ਨੂੰ ਦਰਜ ਹੋਇਆ 23.2 ਡਿਗਰੀ ਸੈਲਸੀਅਸ ਤਾਪਮਾਨ ਆਮ ਨਾਲੋਂ 11 ਡਿਗਰੀ ਵੱਧ
ਚੰਡੀਗੜ੍ਹ – ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਸ਼ਨਿਚਰਵਾਰ ਦਾ ਦਿਨ 17 ਸਾਲਾਂ ਵਿਚ ਫਰਵਰੀ ਮਹੀਨੇ ਦੇ ਸਭ ਤੋਂ ਗਰਮ ਦਿਨ ਵਜੋਂ ਦਰਜ ਕੀਤਾ ਗਿਆ ਹੈ। ਇੱਥੇ ਸ਼ਨਿਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਰਿਹਾ ਜੋ ਆਮ ਨਾਲੋਂ 11.4 ਡਿਗਰੀ ਵੱਧ ਹੈ।

ਇਸ ਤੋਂ ਪਹਿਲਾਂ 19 ਫਰਵਰੀ, 2006 ਨੂੰ 22.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਸ਼ਿਮਲਾ ਵਿਚ ਐਤਵਾਰ ਨੂੰ ਦਿਨ ਦਾ ਤਾਪਮਾਨ 21.6 ਡਿਗਰੀ ਰਿਹਾ ਜਦਕਿ ਘੱਟੋ-ਘੱਟ ਤਾਪਮਾਨ 14 ਡਿਗਰੀ ਦਰਜ ਕੀਤਾ ਗਿਆ ਜੋ ਕਿ ਔਸਤ ਨਾਲੋਂ 10.6 ਡਿਗਰੀ ਵੱਧ ਸੀ। ਸ਼ਨਿਚਰਵਾਰ ਨੂੰ ਘੱਟੋ-ਘੱਟ ਤਾਪਮਾਨ 14.4 ਡਿਗਰੀ ਸੀ। ਇਹ ਫਰਵਰੀ ਮਹੀਨੇ ਦਾ ਸਭ ਤੋਂ ਵੱਧ ਘੱਟੋ-ਘੱਟ ਤਾਪਮਾਨ ਸੀ। ਇਸ ਤੋਂ ਪਹਿਲਾਂ 23 ਫਰਵਰੀ, 2015 ਨੂੰ 14.2 ਡਿਗਰੀ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ ਸੀ। ਹਾਲਾਂਕਿ ਮੌਸਮ ਵਿਭਾਗ ਨੇ ਰਾਜ ਵਿਚ ਭਲਕੇ ਹਨੇਰੀ-ਤੂਫ਼ਾਨ ਚੱਲਣ ਤੇ ਬਿਜਲੀ ਲਿਸ਼ਕਣ ਦੀ ਚਿਤਾਵਨੀ ਜਾਰੀ ਕੀਤੀ ਹੈ। ਦਰਮਿਆਨੇ ਪਹਾੜੀ ਇਲਾਕਿਆਂ ਵਿਚ ਮੌਸਮ ’ਚ ਬਦਲਾਅ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ।

ਕਈ ਸਾਲਾਂ ਵਿਚ ਪਹਿਲੀ ਵਾਰ ‘ਪਹਾੜਾਂ ਦੀ ਰਾਣੀ’ ਵਜੋਂ ਜਾਣੇ ਜਾਂਦੇ ਸ਼ਿਮਲਾ ਦੀ ਧਰਤੀ ਬਰਫ਼ ਤੋਂ ਬਿਨਾਂ ਸੁੱਕੀ ਜਿਹੀ ਨਜ਼ਰ ਆ ਰਹੀ ਹੈ। ਸ਼ਿਮਲਾ ਦੀ ਜਾਖੂ ਪਹਾੜੀ ’ਤੇ ਇਸ ਰੁੱਤ ’ਚ ਹਲਕੀ ਬਰਫ਼ ਪਈ ਸੀ। ਕਾਰੋਬਾਰੀ ਕੇਂਦਰ ਮਾਲ ਰੋਡ, ਰਿੱਜ ਤੇ ਹੋਰ ਥਾਵਾਂ ਹਾਲੇ ਤੱਕ ਬਰਫ਼ ਨਾਲ ਢਕੀਆਂ ਨਜ਼ਰ ਨਹੀਂ ਆਈਆਂ। ਜਾਖੂ ਖੇਤਰ ਵਿਚ ਵੀ ਬਰਫ਼ ਕੁਝ ਘੰਟਿਆਂ ਵਿਚ ਹੀ ਪਿਘਲ ਗਈ। ਲੋਕ ਇਸ ਸਭ ਨੂੰ ਹੁਣ ਜਲਵਾਯੂ ਤਬਦੀਲੀ ਨਾਲ ਜੋੜ ਕੇ ਵੀ ਦੇਖ ਰਹੇ ਹਨ। ਕਈਆਂ ਵੱਲੋਂ ਸ਼ਿਮਲਾ ਵਿਚ ਹੋਈ ਬੇਤਹਾਸ਼ਾ ਉਸਾਰੀ ਨੂੰ ਬਰਫ਼ਬਾਰੀ ਦਾ ਪੈਟਰਨ ਬਦਲਣ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਹੋਟਲ ਸਨਅਤ ਤੇ ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਲੋਕ ਵਪਾਰਕ ਪੱਖ ਤੋਂ ਚਿੰਤਾ ਵਿਚ ਘਿਰੇ ਹੋਏ ਹਨ। ਉਨ੍ਹਾਂ ਮੁਤਾਬਕ ਬਰਫ਼ ਨਾ ਪੈਣ ਨਾਲ ਸੈਲਾਨੀਆਂ ਦੀ ਆਮਦ ਘਟੇਗੀ। ਪੰਜਾਬ ਤੇ ਹਰਿਆਣਾ ਵਿਚ ਵੀ ਘੱਟੋ-ਘੱਟ ਤਾਪਮਾਨ ਲਗਾਤਾਰ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਹੈ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਅੱਜ ਘੱਟੋ-ਘੱਟ ਤਾਪਮਾਨ 14.2 ਡਿਗਰੀ ਰਿਹਾ। ਇਸੇ ਤਰ੍ਹਾਂ ਪੰਜਾਬ ਦੇ ਅੰਮ੍ਰਿਤਸਰ ਵਿਚ ਅੱਜ ਘੱਟ ਤੋਂ ਘੱਟ ਤਾਪਮਾਨ 13.1 ਡਿਗਰੀ, ਲੁਧਿਆਣਾ ਵਿਚ 11.7 ਡਿਗਰੀ, ਪਟਿਆਲਾ ਵਿਚ 12.7 ਡਿਗਰੀ, ਪਠਾਨਕੋਟ ਵਿਚ 14.6 ਡਿਗਰੀ ਤੇ ਮੁਹਾਲੀ ਵਿਚ 16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 27.3 ਡਿਗਰੀ, ਮੁਹਾਲੀ ਦਾ 28 ਡਿਗਰੀ ਤੇ ਲੁਧਿਆਣਾ ਦਾ 27.4 ਡਿਗਰੀ ਰਿਹਾ। ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 28.2 ਡਿਗਰੀ ਰਿਹਾ। ਹਰਿਆਣਾ ਦੇ ਹਿਸਾਰ ਦਾ ਤਾਪਮਾਨ ਅੱਜ 26.4 ਡਿਗਰੀ ਸੈਲਸੀਅਸ ਤੇ ਕਰਨਾਲ ਦਾ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। –