ਪੰਜਾਬ ਵਿੱਚ ਵਧ ਰਿਹੈ ਭਾਜਪਾ ਦਾ ਪਰਿਵਾਰ: ਗਜੇਂਦਰ ਸ਼ੇਖਾਵਤ

ਪੰਜਾਬ ਵਿੱਚ ਵਧ ਰਿਹੈ ਭਾਜਪਾ ਦਾ ਪਰਿਵਾਰ: ਗਜੇਂਦਰ ਸ਼ੇਖਾਵਤ

ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਜਿੱਤਣ ਦਾ ਕੀਤਾ ਦਾਅਵਾ
ਅੰਮ੍ਰਿਤਸਰ- ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਪਰਿਵਾਰ ਲਗਾਤਾਰ ਵੱਧ ਰਿਹਾ ਹੈ ਤੇ ਲੋਕ ਭਾਜਪਾ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਵਿਚ ਲੋਕਾਂ ਦੀ ਵੱਧ ਰਹੀ ਆਮਦ ਤੋਂ ਸਪੱਸ਼ਟ ਹੈ ਕਿ ਆਉਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਭਾਜਪਾ ਜਿੱਤ ਪ੍ਰਾਪਤ ਕਰੇਗੀ। ਇਸੇ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਮਜ਼ਬੂਤ ਹੋ ਕੇ ਉਭਰੇਗੀ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਦੌਰਾਨ ਪੰਜਾਬ ’ਚ ਭਾਜਪਾ ਦੀ ਸਰਕਾਰ ਸਥਾਪਤ ਹੋਵੇਗੀ।

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਖਿਆ ਕਿ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ਤੇ ਹੋਰ ਵੀ ਕਈ ਅਹਿਮ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀਆਂ ਸਰਕਾਰਾਂ ਵਾਂਗ ਲੋਕ ‘ਆਪ’ ਸਰਕਾਰ ਤੋਂ ਵੀ ਤੰਗ ਆ ਚੁੱਕੇ ਹਨ। ਦੋਵੇਂ ਆਗੂ ਇੱਥੇ ਵੱਖ-ਵੱਖ ਪਾਰਟੀਆਂ ਨਾਲ ਸਬੰਧਤ 6 ਕੌਂਸਲਰਾਂ ਸਮੇਤ ਕਾਰਕੁਨਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਮੌਕੇ ਸੰਬੋਧਨ ਕਰ ਰਹੇ ਸਨ।

ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਏ ਕੌਂਸਲਰਾਂ ਤੇ ਹੋਰਨਾਂ ਦਾ ਸਨਮਾਨ ਵੀ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਕੌਂਸਲਰਾਂ ਵਿੱਚ ਸੁਖਦੇਵ ਸਿੰਘ ਚਾਹਲ, ਰਾਜੇਸ਼ ਮਦਾਨ, ਰਮੇਸ਼ ਕੁਮਾਰ ਬਬਲੂ, ਮੰਦੀਪ ਸ਼ਰਮਾ, ਤਰੁਣ ਭੱਟੀ ਅਤੇ ਅਤੁਲ ਅਰੋੜਾ ਸ਼ਾਮਲ ਹਨ।

ਹੁਣ ਅਕਾਲੀਆਂ ਨਾਲ ਚੋਣ ਗੱਠਜੋੜ ਨਹੀਂ: ਸ਼ਰਮਾ
ਪਟਿਆਲਾ : ਭਾਜਪਾ ਦੀ ਸ਼ਹਿਰੀ ਇਕਾਈ ਪਟਿਆਲਾ ਦੀ ਮੀਟਿੰਗ ਅੱੱਜ ਇੱਥੇ ਸ਼ਹਿਰੀ ਪ੍ਰਧਾਨ ਕੇਕੇ ਮਲਹੋਤਰਾ ਦੀ ਅਗਵਾਈ ਹੇਠਾਂ ਹੋਈ ਜਿਸ ਵਿੱਚ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਨਾਲ ਭਾਜਪਾ ਦਾ ਹੁਣ ਕਿਸੇ ਵੀ ਤਰਾਂ ਦਾ ਚੋਣ ਸਮਝੌਤਾ ਨਹੀਂ ਹੋਵੇਗਾ। ਕਿਉਂਕਿ ਰਾਜਸੀ ਸਾਂਝ ਦੌਰਾਨ ਅਕਾਲੀ ਦਲ ਤੋਂ ਭਾਜਪਾ ਪਹਿਲਾਂ ਕਈ ਵਾਰ ਧੋਖੇ ਦਾ ਸ਼ਿਕਾਰ ਹੋ ਚੁੱੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਸਿਰਫ਼ ਆਪਣੇ ਬਲਬੂਤੇ ’ਤੇ ਚੋਣਾ ਲੜਨ ਦੀ ਸਮੱਰਥਾ ਰੱਖਣ ਲੱਗੀ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਰਾਜ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਲੜਖੜਾਈ ਹੋਈ ਹੈ ਤੇ ਗੈਂਗਸਟਰਾਂ ਵੱਲੋਂ ਫੋਨਾਂ ਜ਼ਰੀਏ ਜੇਲ੍ਹਾਂ ਵਿਚ ਬੈਠ ਕੇ ਹਥਿਆਰਾਂ ਦੇ ਕਾਰੋਬਾਰ ਕਰ ਰਹੇ ਹਨ।