ਦਿੱਲੀ ਟੈਸਟ: ਆਸਟਰੇਲੀਆ ਪਹਿਲੀ ਪਾਰੀ ਵਿੱਚ 263 ਦੌੜਾਂ ’ਤੇ ਆਊਟ

ਦਿੱਲੀ ਟੈਸਟ: ਆਸਟਰੇਲੀਆ ਪਹਿਲੀ ਪਾਰੀ ਵਿੱਚ 263 ਦੌੜਾਂ ’ਤੇ ਆਊਟ

ਪੁਜਾਰਾ 100 ਟੈਸਟ ਖੇਡਣ ਵਾਲਾ 13ਵਾਂ ਭਾਰਤੀ ਕ੍ਰਿਕਟਰ ਬਣਿਆ
ਨਵੀਂ ਦਿੱਲੀ: ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰੰਮੀ ਅਤੇ ਸਪਿੰਨਰਾਂ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਆਸਟਰੇਲਿਆਈ ਟੀਮ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਅੱਜ 263 ਦੌੜਾਂ ’ਤੇ ਆਊਟ ਹੋ ਗਈ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ ਬਿਨਾਂ ਕੋਈ ਵਿਕਟ ਗੁਆਏ 21 ਦੌੜਾਂ ਬਣਾ ਲਈਆਂ ਸਨ। ਰੋਹਿਤ ਸ਼ਰਮਾ 13 ਅਤੇ ਕੇ.ਐੱਲ. ਰਾਹੁਲ 4 ਦੌੜਾਂ ਬਣਾ ਕੇ ਕਰੀਜ਼ ’ਤੇ ਸਨ। ਇਸ ਤੋਂ ਪਹਿਲਾਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਆਸਟਰੇਲੀਆ ਵੱਲੋਂ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਨੇ ਅਰਧ ਸੈਂਕੜਾ ਬਣਾਉਂਦਿਆਂ 81 ਦੌੜਾਂ ਦੀ ਪਾਰੀ ਖੇਡੀ ਪਰ ਬਾਕੀ ਬੱਲੇਬਾਜ਼ ਉਸ ਦਾ ਬਹੁਤਾ ਸਾਥ ਨਾ ਦੇ ਸਕੇ। ਭਾਰਤ ਦੀ ਕੱਸੀ ਹੋਈ ਗੇਂਦਬਾਜ਼ੀ ਸਾਹਮਣੇ ਆਸਟਰੇਲੀਆ ਦੇ ਤਿੰਨ ਬੱਲੇਬਾਜ਼ ਸਟੀਵ ਸਮਿਥ, ਟੀ. ਮਰਫੀ ਅਤੇ ਐਲੈਕਸ ਕੈਰੀ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ ਜਦਕਿ ਡੇਵਿਡ ਵਾਰਨਰ 15, ਪੈਟ ਕਮਿਨਸ 33 ਅਤੇ ਮਾਰਨਸ ਲਾਬੂਸ਼ੇਨ 18 ਦੌੜਾਂ ਹੀ ਬਣਾ ਸਕੇ। ਪੀਟਰ ਹੈਂਡਸਕੌਂਬ ਨੇ 72 ਦੌੜਾਂ ਦੀ ਨਾਬਾਦ ਪਾਰੀ ਖੇਡਦਿਆਂ ਟੀਮ ਨੂੰ 263 ਦੌੜਾਂ ਤੱਕ ਪਹੁੰਚਾਇਆ। ਭਾਰਤ ਵੱਲੋਂ ਮੁਹੰਮਦ ਸ਼ੰਮੀ ਨੇ 4 ਵਿਕਟਾਂ ਹਾਸਲ ਕੀਤੀਆਂ ਜਦਕਿ ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਚੇਤੇਸ਼ਵਰ ਪੁਜਾਰਾ ਅੱਜ ਆਸਟਰੇਲੀਆ ਖ਼ਿਲਾਫ਼ ਦੂਜਾ ਟੈਸਟ ਮੈਚ ਖੇਡਣ ਦੇ ਨਾਲ ਹੀ 100 ਟੈਸਟ ਮੈਚ ਖੇਡਣ ਵਾਲਾ 13ਵਾਂ ਭਾਰਤੀ ਕ੍ਰਿਕਟਰ ਬਣ ਗਿਆ ਹੈ। ਇਸ ਮੌਕੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਪੁਜਾਰਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਸਖਤ ਮਿਹਨਤ ਅਤੇ ਆਤਮਵਿਸ਼ਵਾਸ ਦੀ ਸ਼ਾਨਦਾਰ ਉਦਾਹਰਨ ਹੈ। ਗਾਵਸਕਰ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਪੁਜਾਰਾ ਆਪਣੇ 100ਵੇਂ ਟੈਸਟ ਮੈਚ ਵਿੱਚ ਸੈਂਕੜਾ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣਨਗੇ। ਦੱਸਣਯੋਗ ਹੈ ਕਿ 35 ਸਾਲਾ ਪੁਜਾਰਾ ਨੇ 2010 ਵਿੱਚ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ।