ਨੇੜ ਭਵਿੱਖ ਵਿੱਚ ‘ਮਹਾਕੁੰਭ’ ਬਣ ਜਾਵੇਗੀ ਵਿਸ਼ਵ ਹਿੰਦੀ ਕਾਨਫਰੰਸ: ਜੈਸ਼ੰਕਰ

ਨੇੜ ਭਵਿੱਖ ਵਿੱਚ ‘ਮਹਾਕੁੰਭ’ ਬਣ ਜਾਵੇਗੀ ਵਿਸ਼ਵ ਹਿੰਦੀ ਕਾਨਫਰੰਸ: ਜੈਸ਼ੰਕਰ

ਫਿਜੀ ’ਚ ਕਾਨਫਰੰਸ ਸਮਾਪਤ; 30 ਮੁਲਕਾਂ ਦੇ ਹਿੰਦੀ ਬੁੱਧੀਜੀਵੀਆਂ ਤੇ ਲੇਖਕਾਂ ਨੇ ਸ਼ਿਰਕਤ ਕੀਤੀ
ਨਾਦੀ (ਫਿਜੀ)-
ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਵਿਸ਼ਵ ਹਿੰਦੀ ਕਾਨਫਰੰਸ ਆਉਣ ਵਾਲੇ ਸਮੇਂ ਵਿੱਚ ਹਿੰਦੀ ‘ਮਹਾਕੁੰਭ’ ਵਿੱਚ ਤਬਦੀਲ ਹੋ ਜਾਵੇਗੀ ਅਤੇ ਇਸ ਨੂੰ ਵਿਸ਼ਵ ਭਾਸ਼ਾ ਬਣਾਉਣ ਲਈ ਜੁਟੇ ਲੋਕਾਂ ਨੂੰ ਇਹ ਅਹਿਮ ਮੰਚ ਪ੍ਰਦਾਨ ਕਰੇਗੀ। ਫਿਜੀ ਵਿੱਚ 12ਵੀਂ ਵਿਸ਼ਵ ਹਿੰਦੀ ਕਾਨਫਰੰਸ ਦੀ ਸਮਾਪਤੀ ਮੌਕੇ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਹਿੰਦੀ ਨੂੰ ਆਲਮੀ ਪੱਧਰ ਦੀ ਭਾਸ਼ਾ ਬਣਾਉਣ ਦਾ ਉਦੇਸ਼ ਹਾਸਲ ਕਰਨ ਲਈ ਸਾਰੇ ਹਿੰਦੀ ਪ੍ਰੇਮੀਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ।

ਜ਼ਿਕਰਯੋਗ ਹੈ ਕਿ ਨਾਦੀ ਵਿੱਚ ਕਰਵਾਈ ਤਿੰਨ ਰੋਜ਼ਾ ਕਾਨਫਰੰਸ ਵਿੱਚ 30 ਮੁਲਕਾਂ ਦੇ ਹਜ਼ਾਰ ਤੋਂ ਉੱਤੇ ਹਿੰਦੀ ਸਕਾਲਰਾਂ ਅਤੇ ਲੇਖਕਾਂ ਨੇ ਸ਼ਿਰਕਤ ਕੀਤੀ। ਇਹ ਕਾਨਫਰੰਸ ਫਿਜੀ ਸਰਕਾਰ ਦੇ ਸਹਿਯੋਗ ਨਾਲ ਕਰਵਾਈ ਗਈ ਸੀ।

ਫਿਜੀ ਦੇ ਡਿਪਟੀ ਪ੍ਰਧਾਨ ਮੰਤਰੀ ਬਿਮਾਨ ਪ੍ਰਸਾਦ ਨੇ ਕਾਨਫਰੰਸ ਨੂੰ ਦੱਖਣ-ਪ੍ਰਸ਼ਾਂਤ ਖੇਤਰ ਲਈ ਇਤਿਹਾਸਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਫਿਜੀ ਦੇ ਪ੍ਰਧਾਨ ਮੰਤਰੀ ਸਿਤੀਵਨੀ ਰਾਬੁਕਾ ਦੇਸ਼ ਵਿੱਚ ਹਿੰਦੀ ਨੂੰ ਲਾਗੂ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੇ ਹਨ। ਫਿਜੀ ਸੰਸਦ ਵਿੱਚ ਉਨ੍ਹਾਂ ਹਿੰਦੀ ’ਚ ਭਾਸ਼ਨ ਦੇਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ। ਆਪਣੇ ਸਿਆਸੀ ਵਿਰੋਧੀਆਂ ’ਤੇ ਹਮਲਾ ਕਰਦਿਆਂ ਪ੍ਰਸਾਦ ਨੇ ਹਿੰਦੀ ਵਿੱਚ ਕਿਹਾ ਕਿ ਪਿਛਲੇ 10-15 ਵਰ੍ਹਿਆਂ ਵਿੱਚ ਭਾਸ਼ਾ ਨੂੰ ਕਮਜ਼ੋਰ ਕਰਨ ਲਈ ਯਤਨ ਕੀਤੇ ਗਏ ਹਨ। ਫਿਜੀ ਲੀਡਰਸ਼ਿਪ ਨਾਲ ਬੁੱਧਵਾਰ ਨੂੰ ਹੋਈ ਵਿਚਾਰ-ਚਰਚਾ ਦਾ ਹਵਾਲਾ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਰਾਬੁਕਾ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਫਿਜੀ ਨਾਲ ਸੱਭਿਆਚਾਰਕ ਸਬੰਧ ਮਜ਼ਬੂਤ ਕਰਨ ਲਈ ਕਦਮ ਚੁੱਕੇਗਾ। ਉਨ੍ਹਾਂ ਕਿਹਾ,‘ਵਿਸ਼ਵ ਹਿੰਦੂ ਕਾਨਫਰੰਸ ਨੇੜ ਭਵਿੱਖ ਵਿੱਚ ਹਿੰਦੀ ਦਾ ਮਹਾਕੁੰਭ ਬਣ ਜਾਵੇਗੀ।’ ਉਨ੍ਹਾਂ ਇਹ ਵੀ ਦੱਸਿਆ ਕਿ ਫਿਜੀ ਪ੍ਰਧਾਨ ਮੰਤਰੀ ਦੀ ਪਸੰਦੀਦਾ ਫਿਲਮ ‘ਸ਼ੋਲੇ’ ਹੈ। ਇਸ ਦੀ ਤੁਲਨਾ ਉਹ ਦੋਵਾਂ ਮੁਲਕਾਂ ਵਿਚਾਲੇ ਦੋਸਤੀ ਦੇ ਸੰਦਰਭ ’ਚ ਕਰਦੇ ਸਨ। ਰਾਬੁਕਾ ਨੂੰ ਇਸ ਫਿਲਮ ਦਾ ਗੀਤ ‘ਯੇਹ ਦੋਸਤੀ ਹਮ ਨਹੀਂ ਤੋੜੇਂਗੇ’ ਬੇਹੱਦ ਪਸੰਦ ਹੈੈ। ਸਮਾਗਮ ਦੌਰਾਨ ਆਲਮੀ ਪੱਧਰ ’ਤੇ ਹਿੰਦੀ ਦੇ ਪ੍ਰਚਾਰ ਤੇ ਪਸਾਰ ’ਚ ਯੋਗਦਾਨ ਪਾ ਰਹੇ 25 ਸਕਾਲਰਾਂ ਦਾ ਸਨਮਾਨ ਕੀਤਾ ਗਿਆ। ਵਿਦੇਸ਼ੀ ਰਾਜ ਮੰਤਰੀ ਵੀ ਮੁਰਲੀਧਰਨ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਵੱਖ ਵੱਖ ਮੁੱਦਿਆਂ ਬਾਰੇ ਚਰਚਾ ਹੋਈ। ਇਸ ਦੌਰਾਨ ਸਿੱਟਾ ਨਿਕਲਿਆ ਕਿ ਤਕਨੀਕ ਦੀ ਵਰਤੋਂ ਲਈ ਹਿੰਦੀ ਪ੍ਰਭਾਵਸ਼ਾਲੀ ਭਾਸ਼ਾ ਹੈ।