ਜੋ ਇਸ਼ਕ ਨਮਾਜ਼ਾਂ ਪੜ੍ਹਦੇ ਨੇ

ਜੋ ਇਸ਼ਕ ਨਮਾਜ਼ਾਂ ਪੜ੍ਹਦੇ ਨੇ

ਡਾ. ਅਮਨਦੀਪ ਕੌਰ ਬਰਾੜ

ਤਿੰਨ ਅੱਖਰਾਂ ਦੀ ਸੰਯੁਕਤੀ ਤੋਂ ਬਣਿਆ ਸ਼ਬਦ ‘ਪਿਆਰ’ ਆਪਣੇ ਅੰਦਰ ਬ੍ਰਹਿਮੰਡ ਜਿੰਨੀ ਵਿਸ਼ਾਲਤਾ ਅਤੇ ਬੇਅੰਤ ਗਹਿਰਾਈ ਸਮੋਈ ਬੈਠਾ ਹੈ। ਗੁਰੂਆਂ ਪੀਰਾਂ ਦੇ ਵਰੋਸਾਏ ਪੰਜਾਬ ਨੂੰ ਇਸ ਦੀ ਧਰਤੀ ’ਤੇ ਠਾਠਾਂ ਮਾਰਦੇ ਪਿਆਰ ਦੇ ਦਰਿਆ ਨੇ ਆਲਮੀ ਪੱਧਰ ’ਤੇ ਵਿਲੱਖਣਤਾ ਬਖ਼ਸ਼ੀ ਹੈ। ਇਸ ਧਰਤੀ ’ਤੇ ਆਸ਼ਕਾਂ ਵੱਲੋਂ ਕਮਾਏ ਸੱਚੇ-ਸੁੱਚੇ ਇਸ਼ਕ ਨੇ ਆਸ਼ਕੀ ਨੂੰ ਪੰਜਾਬੀ ਸੰਸਕ੍ਰਿਤੀ ਦੇ ਨਿਵੇਕਲੇ ਪਛਾਣ-ਚਿੰਨ੍ਹ ਵਜੋਂ ਸਥਾਪਿਤ ਕੀਤਾ। ਵਾਰਿਸ ਸ਼ਾਹ ਆਪਣੀ ਸ਼ਾਹਕਾਰ ਰਚਨਾ ਹੀਰ ਦੇ ਮੰਗਲਾਚਰਨ ਵਿੱਚ ਜੱਗ ਦਾ ਮੂਲ ਇਸ਼ਕ ਨੂੰ ਮੰਨਦਾ ਹੈ (ਅੱਵਲ ਹਮਦ ਖੁਦਾਇ ਦਾ ਵਿਰਦ ਕੀਜੈ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ। ਪਹਿਲਾਂ ਆਪ ਖੁਦਾ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ)। ਪਿਆਰ ਜ਼ਿੰਦਗੀ ਦਾ ਧੁਰਾ ਹੈ। ਸੱਚਾ ਪਿਆਰ ਪਰਮਾਤਮਾ ਦੀ ਲਾਸਾਨੀ, ਅਦੁੱਤੀ ਅਤੇ ਅਨਮੋਲ ਨਿਆਮਤ ਹੈ ਜਿਸ ਨੂੰ ਪ੍ਰਾਪਤ ਕਰਕੇ ਜ਼ਿੰਦਗੀ ਵਿੱਚ ਕੁਝ ਹੋਰ ਪਾਉਣ ਦੀ ਚਾਹ ਸਮਾਪਤ ਹੋ ਜਾਂਦੀ ਹੈ।

ਇਸ਼ਕ ਭਾਵੇਂ ਹਕੀਕੀ ਹੋਵੇ ਜਾਂ ਮਜ਼ਾਜੀ, ਆਦਿ ਕਾਲ ਤੋਂ ਹੀ ਸਮਾਜ ਵਿੱਚ ਪ੍ਰਵਾਨ ਨਹੀਂ। ਅਸਲੀਅਤ ਵਿੱਚ ਇਸ਼ਕ ਦੀ ਪਛਾਣ ਅਤੇ ਨਿਭਾਓ ਹੀ ਨਿਯਮਿਤ ਸਮਾਜਿਕ ਦਾਇਰਿਆਂ ਤੋਂ ਪਾਰ ਜਾਣ ਵਿੱਚ ਹੈ। ਬਾਬਾ ਫਰੀਦ ਜੀ ਲਿਖਦੇ ਨੇ: ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ।। ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ।।

ਉਸ ਪ੍ਰੀਤਮ ਤੱਕ ਪਹੁੰਚਣ ਦਾ ਪੈਂਡਾ ਅਤਿ ਕਠਿਨ ਅਤੇ ਲੰਮਾ ਹੈ ਜਿਸ ਵਿੱਚ ਮਾਨਸਿਕ ਵਿਕਾਰ ਅਤੇ ਸਮਾਜਿਕ ਬੰਧਨ ਰਾਹ ਮੱਲੀ ਖੜ੍ਹੇ ਹਨ ਅਤੇ ਪਿਆਰੇ ਦੀ ਤੜਫ਼ ਵਿੱਚ ਸਹਿਕਦੀ ਜਿੰਦ ਆਪਣਾ ਨੇਹੁ ਪੁਗਾਉਣ ਲਈ ਲੋਕਾਂ ਦੇ ਤਾਅਨੇ-ਮਿਹਣਿਆਂ ਦਾ ਚਿੱਕੜ ਸਹਿਣ ਲਈ ਤਿਆਰ ਹੈ। ਪਿਆਰ ਇਬਾਦਤ ਹੈ, ਤਾਂਘ ਹੈ, ਤੜਫ਼ ਹੈ, ਤਿਆਗ ਹੈ। ਖ਼ੁਦਾ ਦੇ ਇਸ਼ਕ ਦੇ ਰੰਗ ਵਿੱਚ ਰੰਗੇ ਸਾਡੇ ਮਸਤ ਮੌਲੇ ਸੂਫ਼ੀ ਫ਼ਕੀਰ ਪਿਆਰ ਦੇ ਜਜ਼ਬੇ ਨੂੰ ਬ੍ਰਹਿਮੰਡ ਦੀਆਂ ਉਚਾਈਆਂ ਤੱਕ ਲੈ ਗਏ। ਉਨ੍ਹਾਂ ਨੇ ਆਪਣਾ ਧਰਮ, ਕਰਮ ਅਤੇ ਮਜ਼ਹਬ ਰੱਬੀ ਇਸ਼ਕ ਨੂੰ ਹੀ ਮੰਨਿਆ। ਇਸ਼ਕ ਹਕੀਕੀ ਨੂੰ ਮਾਣਦਾ ਬੁੱਲ੍ਹੇ ਸ਼ਾਹ ਜਿੱਥੇ ਆਪਣੇ ਮੁਰਸ਼ਦ ਦੀ ਨਾਰਾਜ਼ਗੀ ਦੂਰ ਕਰਨ ਲਈ ਪੈਰਾਂ ਵਿੱਚ ਘੁੰਗਰੂ ਬੰਨ੍ਹ ਸਰ੍ਹੇ ਬਾਜ਼ਾਰ ਨੱਚਦਾ ਹੈ ਉੱਥੇ ਆਪਣੇ ਦੁਨਿਆਵੀ ਰਿਸ਼ਤਿਆਂ ਦੀ ਪਰਵਾਹ ਵੀ ਨਹੀਂ ਕਰਦਾ। ਇੱਥੋਂ ਤੱਕ ਕਿ ਉਹ ਧਰਮ ਦੇ ਠੇਕੇਦਾਰਾਂ ਨੂੰ ਵੀ ਫੋਕੇ ਧਾਰਮਿਕ ਕਰਮ-ਕਾਂਡਾਂ ਤੋਂ ਵਰਜਦਿਆਂ ਰੱਬੀ ਇਸ਼ਕ ਵਿੱਚ ਰੰਗੇ ਜਾਣ ਲਈ ਪ੍ਰੇਰਦਾ ਹੈ। ਪਿਆਰ ਆਪਣੇ ਪਿਆਰੇ ਦੇ ਇਲਾਹੀ ਨੂਰ ਵਿੱਚ ਇਕਮਿਕ ਹੋਣ ਦਾ ਨਾਂ ਹੈ। ਬਾਬਾ ਬੁੱਲ੍ਹੇ ਸ਼ਾਹ ਆਪਣੇ ਇਸ਼ਕ ਦੇ ਅਹਿਸਾਸ ਨੂੰ ਇਸ ਤਰ੍ਹਾਂ ਪ੍ਰਗਟਾਉਂਦੇ ਹਨ:

ਮੈਂ ਵਿਚ ਰਾਂਝਾ ਮੈਂ ਰਾਂਝੇ ਵਿਚ, ਹੋਰ ਖਿਆਲ ਨਾ ਕੋਈ।

ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ।

ਪਿਆਰ ਹਿਰਦੇ ਵਿੱਚੋਂ ਮੈਂ ਨੂੰ ਖ਼ਤਮ ਕਰ ਕੇ ਧੁਰ ਅੰਦਰ ਤੱਕ ਪਾਕੀਜ਼ਗੀ ਬਖ਼ਸ਼ਦਾ ਹੈ। ਪਿਆਰ ਮਨੁੱਖ ਅੰਦਰ ਮਨੁੱਖਤਾ, ਸਾਂਝੀਵਾਲਤਾ ਅਤੇ ਸਮਰਪਣ ਦੇ ਭਾਵ ਪੈਦਾ ਕਰਦਾ ਹੈ। ਪਿਆਰ ਪਾਉਣ ਦਾ ਨਹੀਂ, ਤਿਆਗ ਦਾ ਨਾਮ ਹੈ। ਪਿਆਰ ਦੇ ਪੈਂਡੇ ’ਤੇ ਕਦਮ ਰੱਖਦਿਆਂ ਹੀ ਹਰ ਪਾਸੇ ਮਹਿਬੂਬ ਨਜ਼ਰ ਆਉਂਦਾ ਹੈ। ਹਰ ਪਲ ਪ੍ਰੀਤਮ ਨੂੰ ਮਿਲਣ ਦੀ ਤਾਂਘ ਮਨ ਵਿੱਚ ਤਤਪਰ ਰਹਿੰਦੀ ਹੈ। ਇਸ਼ਕ ਭਾਵੇਂ ਦੁਨਿਆਵੀ ਹੋਵੇ ਜਾਂ ਹਕੀਕੀ, ਜੱਗ ਤੋਂ ਛੁਪਾਇਆ ਨਹੀਂ ਜਾ ਸਕਦਾ। ਸੱਚਾ ਪਿਆਰ ਸਭ ਪਰਦੇ ਅਤੇ ਕੱਜਣ ਲਾਂਭੇ ਕਰ ਕੇ ਆਪਣੀ ਮਹਿਕ ਬਿਖੇਰਦਾ ਸਾਹਮਣੇ ਆ ਹੀ ਜਾਂਦਾ ਹੈ:

ਸਾਹਿਬਾਂ ਪੜ੍ਹਦੀ ਪੱਟੀਆਂ ਮਿਰਜ਼ਾ ਪੜ੍ਹੇ ਕੁਰਾਨ,

ਲੱਗੀਆਂ ਵਿਚ ਮਸੀਤ ਦੇ ਜਾਣੇ ਕੁੱਲ ਜਹਾਨ।

ਇਸ਼ਕ ਦੇ ਅਨਮੋਲ ਬੰਧਨ ਵਿੱਚ ਬੰਨ੍ਹੇ ਪ੍ਰੇਮੀ ਇੱਕ ਦੂਜੇ ਵਿੱਚੋਂ ਰੱਬ ਵੇਖਦੇ ਹਨ। ਹੀਰ-ਰਾਂਝਾ, ਮਿਰਜ਼ਾ-ਸਾਹਿਬਾ, ਸੱਸੀ-ਪੁੰਨੂੰ, ਸੋਹਣੀ-ਮਹੀਂਵਾਲ ਅਤੇ ਸ਼ੀਰੀ-ਫਰਿਹਾਦ ਆਦਿ ਆਸ਼ਕਾਂ ਨੇ ਇਸ਼ਕ ਨੂੰ ਧਰਮ ਵਾਂਗ ਕਬੂਲ ਕੀਤਾ ਅਤੇ ਸਿਦਕ ਤੇ ਸਿਰੜ ਨਾਲ ਇਖਲਾਕੀ ਫ਼ਰਜ਼ ਵਾਂਗ ਨਿਭਾਇਆ। ਆਸ਼ਕੀ ਦੇ ਰੰਗ ਵਿੱਚ ਰੰਗੇ ਇਨ੍ਹਾਂ ਆਸ਼ਕਾਂ ਨੇ ਬੇਸ਼ੱਕ ਸਮਾਜਿਕ ਦਾਇਰਿਆਂ ਨੂੰ ਉਲੰਘਿਆ, ਦੁੱਖ ਸਹਿ ਲਏ ਪਰ ਇਸ਼ਕ ਦੀ ਆਨ-ਸ਼ਾਨ ਨੂੰ ਨੀਵਾਂ ਨਹੀਂ ਹੋਣ ਦਿੱਤਾ। ਖ਼ੁਦਾ ਵਾਂਗ ਇਹ ਇਸ਼ਕ ਦੀ ਹੀ ਰਹਿਮਤ ਸੀ ਕਿ ਸੱਸੀ ਤਪਦੇ ਥਲਾਂ ਵਿੱਚ ਸੜੀ, ਮਹੀਂਵਾਲ ਨੇ ਮਾਸ਼ੂਕ ਨੂੰ ਪੱਟ ਚੀਰ ਖੁਆਇਆ, ਸੋਹਣੀ ਝਨਾਂ ਵਿੱਚ ਡੁੱਬ ਮਰੀ ਅਤੇ ਫਰਿਹਾਦ ਨੇ ਪਹਾੜ ਚੀਰ ਦਿੱਤਾ ਪਰ ਸੱਚੇ-ਸੁੱਚੇ ਪਿਆਰ ਨੂੰ ਦਾਗ ਨਹੀਂ ਲੱਗਣ ਦਿੱਤਾ। ਪਿਆਰ ਨੇ ਇਨ੍ਹਾਂ ਆਸ਼ਕਾਂ ਨੂੰ ਰੂਹ ਦਾ ਖੇੜਾ ਬਖ਼ਸ਼ਿਆ ਅਤੇ ਇਹ ਪ੍ਰੇਮੀ ਇਸ਼ਕ ਦੀ ਜਿਉਂਦੀ ਜਾਗਦੀ ਮਿਸਾਲ ਬਣ ਗਏ। ਦੁਨਿਆਵੀ ਪਿਆਰ ਨੂੰ ਮਾਣਦਿਆਂ ਵੀ ਇਨ੍ਹਾਂ ਨੇ ਪਿਆਰ ਦੀ ਪਾਕੀਜ਼ਗੀ ਨੂੰ ਕਾਇਮ ਰੱਖਿਆ। ਪਿਆਰ ਜਿਸਮਾਂ ਦਾ ਦਾਅਵਾ ਨਹੀਂ ਸਗੋਂ ਆਪਣੇ ਪਿਆਰੇ ਦੇ ਰੋਮ ਰੋਮ ਵਿੱਚ ਸਮਾ ਜਾਣ ਦਾ ਨਾਮ ਹੈ। ਜਨਮ ਜਨਮ ਦੇ ਸਾਥ ਦਾ ਵਾਅਦਾ ਹੈ।

ਇਸ਼ਕ ਦੀ ਅਮੀਰੀ ਅੱਗੇ ਦੁਨੀਆਂ ਦੇ ਸਾਰੇ ਰਸ ਅਤੇ ਸੁਆਦ ਫਿੱਕੇ ਪੈ ਜਾਂਦੇ ਹਨ। ਪਿਆਰ ਸ਼ਬਦਾਂ ਦਾ ਮੁਹਤਾਜ ਨਹੀਂ। ਇਹ ਇੱਕ ਜਜ਼ਬਾ ਹੈ, ਅਹਿਸਾਸ ਹੈ ਜੋ ਸਿਰਫ਼ ਮਹਿਸੂਸ ਕੀਤਾ ਜਾਂਦਾ ਹੈ। ਪਲ ਭਰ ਦਾ ਸਾਥ ਉਮਰੋਂ ਲੰਮਾ ਰਿਸ਼ਤਾ ਸਿਰਜ ਦਿੰਦਾ ਹੈ। ਕਲਪਨਾ ਤੋਂ ਪਾਰ ਵਸਦਾ ਸੱਜਣ ਵੀ ਹਰ ਪਲ ਕੋਲ ਨਜ਼ਰ ਆਉਂਦਾ ਹੈ। ਸੱਚੇ ਮੋਹ ਦੀਆਂ ਤੰਦਾਂ ਏਨੀਆਂ ਮਜ਼ਬੂਤ ਅਤੇ ਗੁੰਝਲਦਾਰ ਹਨ ਕਿ ਜੇ ਕੋਈ ਇੱਕ ਵਾਰ ਇਨ੍ਹਾਂ ਵਿੱਚ ਪੈ ਜਾਵੇ ਤਾਂ ਉਮਰ ਭਰ ਇਨ੍ਹਾਂ ਵਿੱਚੋਂ ਨਿਕਲ ਨਹੀਂ ਸਕਦਾ। ਵਕਤ ਦੀ ਸਿਤਮਜ਼ਰੀਫੀ ਹੈ ਕਿ ਰੂਹਾਂ ਦੇ ਮੇਲ ਨੂੰ ਅਖੌਤੀ ਅਤਿ ਆਧੁਨਿਕ ਪੀੜ੍ਹੀ ਸਿਰਫ਼ ਇੱਕ ਰਾਤ ਦਾ ਮਸਲਾ ਸਮਝ ਰਹੀ ਹੈ। ਛਿਣ ਭਰ ਲਈ ਮਿਲੇ ਪਾਕ-ਪਵਿੱਤਰ ਪਿਆਰ ਦੇ ਆਸਰੇ ਪੂਰੀ ਪਹਾੜ ਜਿੱਡੀ ਜ਼ਿੰਦਗੀ ਕੱਢੀ ਜਾ ਸਕਦੀ ਹੈ। ਇਸੇ ਲਈ ਅੰਮ੍ਰਿਤਾ ਪ੍ਰੀਤਮ ਲਿਖਦੀ ਹੈ:

ਰਲ ਗਈ ਸੀ ਏਸ ਵਿਚ ਇਕ ਬੂੰਦ ਤੇਰੇ ਇਸ਼ਕ ਦੀ

ਏਸ ਲਈ ਮੈਂ ਜ਼ਿੰਦਗੀ ਦੀ ਸਾਰੀ ਕੁੜੱਤਣ ਪੀ ਲਈ।

ਪਿਆਰ ਵਿੱਚ ਜਿੱਤ-ਹਾਰ ਨਹੀਂ ਹੁੰਦੀ। ਪਿਆਰ ਤਾਂ ਮਹਿਬੂਬ ਦੀ ਮਾਸੂਮੀਅਤ ਅੱਗੇ ਸਭ ਕੁਝ ਹਾਰਨ ਦਾ ਨਾਮ ਹੈ। ਜਿੱਤਣ ਦੀ ਕਾਮਨਾ ਪਿਆਰ ਨਹੀਂ। ਦਿਲਬਰ ਦੀ ਨਾਰਾਜ਼ਗੀ ਨੂੰ ਹੱਸ ਕੇ ਬਰਦਾਸ਼ਤ ਕਰਨਾ ਸੱਚੇ ਪਿਆਰ ਦੀ ਨਿਸ਼ਾਨੀ ਹੈ। ਮੁਹੱਬਤ ਵਿੱਚ ਜਿੱਥੇ ਵਸਲ ਦਾ ਆਨੰਦ ਹੈ ਉੱਥੇ ਵਿਛੋੜੇ ਦਾ ਸੱਲ੍ਹ ਵੀ ਭੁਗਤਣਾ ਪੈਂਦਾ ਹੈ। ਕਹਿੰਦੇ ਨੇ ਸੱਚੇ ਪਿਆਰ ਵਿੱਚ ਇਨਸਾਨ ਪਲ-ਪਲ ਖੁਰਦਾ ਹੈ, ਪਲ-ਪਲ ਮਰਦਾ ਹੈ। ਮਹਿਬੂਬ ਦੀ ਜੁਦਾਈ ਵਿੱਚ ਬਿਰਹਾ ਦੀ ਭੱਠੀ ਵਿੱਚ ਸੜਦਾ ਹੈ। ਇਸ਼ਕ ਦੀ ਕਸਕ ਨੂੰ ਉਹੀ ਸਮਝ ਸਕਦੇ ਹਨ ਜੋ ਇਸ ਤੜਪ ਨੂੰ ਹੰਢਾ ਰਹੇ ਹੋਣ। ਇਸ਼ਕ ਚਾਹੇ ਹਕੀਕੀ ਹੋਵੇ ਚਾਹੇ ਮਜ਼ਾਜੀ, ਇਸ ਨੂੰ ਪ੍ਰਾਪਤ ਕਰਨਾ ਕੰਡਿਆਂ ਦੀ ਸੇਜ ’ਤੇ ਸੌਣ ਦੇ ਬਰਾਬਰ ਹੈ। ਸ਼ਿਵ ਲਿਖਦਾ ਹੈ:

ਰੱਬ ਤਿਰਾ ਮਿਰਾ ਕਿਤੇ ਮੇਲ ਜੇ ਕਰੇ

ਸਾਰੇ ਮਾਰੂਥਲਾਂ ਦੀ ਭੜਾਸ ਡੀਕ ਲਾਂ।

ਇਕੋ ਛਾਲ ਮਾਰਾਂ ਤੇ ਮੈਂ ਟੱਪ ਜਾਂ ਸਮੁੰਦਰਾਂ ਨੂੰ

ਡੁੱਬ ਮਰਾਂ ਪਾਣੀਆਂ ਨੂੰ ਪੈਰ ਤੀਕ ਲਾਂ।

ਲੇਕਿਨ ਮੰਡੀਕਰਨ ਦੇ ਇਸ ਦੌਰ ਵਿੱਚ ਦਿਨ-ਬ-ਦਿਨ ਬਦਲ ਰਹੀਆਂ ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਪਿਆਰ ਦਾ ਸਰੂਪ ਵੀ ਲਗਾਤਰ ਬਦਲਦਾ ਜਾ ਰਿਹਾ ਹੈ। ਅਜੋਕੀ ਨੌਜਵਾਨ ਪੀੜ੍ਹੀ ਲਈ ਪਿਆਰ ਜਜ਼ਬਾ ਨਹੀਂ, ਕਬਜ਼ਾ ਹੈ। ਰੂਹਾਨੀ ਪਿਆਰ ਉੱਤੇ ਦੁਨਿਆਵੀ ਪਿਆਰ ਭਾਰੀ ਪੈ ਰਿਹਾ ਹੈ। ਹੁਣ ਦੇ ਅਖੌਤੀ ਆਸ਼ਕ ਪਿਆਰ ਦੀ ਪਾਕੀਜ਼ਗੀ ਨੂੰ ਛਿੱਕੇ ਟੰਗ ਕੇ ਸਿਰਫ਼ ਥੋੜ੍ਹ-ਚਿਰੇ ਸੁਪਨ-ਸੰਸਾਰ ਨੂੰ ਬਿਨਾਂ ਕਿਸੇ ਡਰ-ਭੈਅ ਦੇ ਹਾਸਲ ਕਰਨ ਲਈ ਹਰ ਦਾਈਆ ਵਰਤਦੇ ਹਨ। ਹੁਣ ਪਿਆਰ ਰੂਹਾਂ ਦਾ ਮੇਲ ਨਹੀਂ ਸਗੋਂ ਹੈਸੀਅਤ, ਪੈਸਾ ਅਤੇ ਰੁਤਬਾ ਵੇਖ ਕੇ ਸੋਚ-ਸਮਝ ਕੇ ਕੀਤਾ ਜਾਣ ਵਾਲਾ ਸੌਦਾ ਬਣਦਾ ਜਾ ਰਿਹਾ ਹੈ। ਹੁਣ ਇਸ਼ਕ ਹੱਡਾਂ ਵਿੱਚ ਨਹੀਂ ਰਚਦਾ ਸਗੋਂ ਇਸ ਦੀ ਓਪਰੀ ਜਿਹੀ ਪਰਤ ਪੈਸੇ ਨਾਲ ਧੋਤੀ ਜਾਂਦੀ ਹੈ। ਜਿਸਮ ਤੱਕ ਸੀਮਿਤ ਰਿਸ਼ਤਾ ਕਦੇ ਮਨ ਦੀ ਖ਼ੁਸ਼ੀ ਨਹੀਂ ਦੇ ਸਕਦਾ। ਪਿਆਰ ਦੇ ਪੱਤਰੇ ਤਾਂ ਖ਼ੂਨੀ ਪੱਤਰੇ ਹਨ। ਪਲ ਦੋ ਪਲ ਦੀ ਸਰੀਰਿਕ ਖ਼ੁਸ਼ੀ ਨਾਲ ਇਤਿਹਾਸ ਨਹੀਂ ਬਣਦੇ। ਪਿਆਰ ਦਾ ਪੈਂਡਾ ਤਖ਼ਤ ਹਜ਼ਾਰੇ ਤੋਂ ਖੇੜਿਆਂ ਤੱਕ ਅਤੇ ਜਾਂ ਫਿਰ ਸ਼ਹਿਰ ਭੰਬੋਰ ਤੋਂ ਤਪਦੇ ਥਲਾਂ ਤੱਕ ਦਾ ਹੈ। ਇਸ ਪਾਕੀਜ਼ਾ ਰੂਹਾਨੀ ਅਹਿਸਾਸ ਨੂੰ ਵਨ ਨਾਈਟ ਸਟੈਂਡ ਜਿਹੀ ਬਿਰਤੀ ਨਾਲ ਗੰਧਲਾ ਕੀਤਾ ਜਾ ਰਿਹਾ ਹੈ। ਉਸ ਪਾਕਿ-ਪਵਿੱਤਰ ਅਹਿਸਾਸ ਤੋਂ ਪ੍ਰਭਾਵਿਤ ਹੋ ਕੇ ਕਿਸੇ ਸ਼ਾਇਰ ਨੇ ਲਿਖਿਆ ਹੈ:

ਜੋ ਇਸ਼ਕ ਨਮਾਜ਼ਾਂ ਪੜ੍ਹਦੇ ਨੇ ਉਹ ਥਾਂ-ਥਾਂ ਸਿਜਦੇ ਕਰਦੇ ਨਹੀਂ

ਜੋ ਇਕ ਦੇ ਹੋ ਕੇ ਜਿਉਂਦੇ ਨੇ ਉਹ ਮਰ ਵੀ ਜਾਣ ਤਾਂ ਮਰਦੇ ਨਹੀਂ।