ਸਾਕਾ ਨਕੋਦਰ ਦੇ ਸ਼ਹੀਦਾਂ ਦਾ 37ਵਾਂ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ

ਸਾਕਾ ਨਕੋਦਰ ਦੇ ਸ਼ਹੀਦਾਂ ਦਾ 37ਵਾਂ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ

ਫਰੀਮੌਂਟ : ਸਾਕਾ ਨਕੋਦਰ ਦੇ ਸ਼ਹੀਦਾਂ ਦਾ 37ਵਾਂ ਸ਼ਹੀਦੀ ਦਿਹਾੜਾ ਗੁਰਦਵਾਰਾ ਸਾਹਿਬ ਫਰੀਮੌਂਟ, ਕੈਲੀਫੋਰਨੀਆ, ਅਮਰੀਕਾ ਵਿਖੇ ਹਰ ਸਾਲ ਦੀ ਤਰ੍ਹਾਂ ਪੂਰਨ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਆਰੰਭ ਹੋਏ ਤੇ ਐੈਤਵਾਰ ਵਾਲੇ ਦਿਨ, 12 ਫਰਵਰੀ ਨੂੰ ਭੋਗ ਪਾਏ ਗਏ। ਸ਼ੁੱਕਰਵਾਰ ਨੁੰ ਅਖੰਡ ਪਾਠ ਸਾਹਿਬ ਅਰੰਭ ਹੋਣ ਤੋਂ ਉਪਰੰਤ ਹੀ ਗੁਰੂ ਘਰ ਵਿੱਚ ਸੰਗਤਾ ਦਾ ਆਉਣਾ ਸ਼ੁਰੂ ਹੋ ਗਿਆ ਭੋਗ ਵਾਲੇ ਦਿਨ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਸ਼ਰਧਾ ਤੇ ਸਤਿਕਾਰ ਸਹਿਤ ਗੁਰੂ ਘਰ ਪਹੁੰਚੀਆਂ ਸੰਗਤਾਂ ਨੂੰ ਪ੍ਰਚਾਰਕਾਂ ਨੇ ਸ਼ਹੀਦੀ ਸਾਕਾ ਨਕੋਦਰ ਅਤੇ ਸ਼ਹੀਦ ਸਿੰਘਾਂ ਦੇ ਜੀਵਨ ਬਾਰੇ ਜਾਣੂ ਕਰਵਾਇਆ। ਭਾਈ ਗੁਰਪ੍ਰੀਤ ਸਿੰਘ ਜੀ ਬਠਿੰਡਾ ਅਤੇ ਗੁਰਦਵਾਰਾ ਸਾਹਿਬ ਜੀ ਦੀ ਹਜ਼ੂਰੀ ਜੱਥੇ ਦੇ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਕਥਾ ਵਾਚਕ ਭਾਈ ਜਗਜੀਤ ਸਿੰਘ ਜੀ ਨਲਵੀ ਨਿਊਯਾਰਕ ਵਾਲਿਆਂ ਨੇ ਗੁਰਮਤਿ ਵਿਚਾਰਾਂ ਕੀਤੀਆਂ। ਭਾਈ ਦਵਿੰਦਰ ਸਿੰਘ ਜੀ ਨੇ ਸਟੇਜ ਸਕੱਤਰ ਦੀ ਸੇਵਾ ਕੀਤੀ। ਇਸ ਮੌਕੇ ਸੈਂਟਾ ਕਲਾਰਾ ਸਹਿਰ ਦੇ ਵਾਈਸ ਮੇਅਰ ਰਾਜ ਸਿੰਘ ਚਾਹਲ ਜੀ ਵਲੋਂ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਇਸ ਗੱਲ ਤੇ ਬਹੁਤ ਦੁੱਖ ਪ੍ਰਗਟ ਕੀਤਾ ਕਿ ਇਨ੍ਹਾਂ ਸਮਾਂ ਬੀਤਣ ਬਾਅਦ ਵੀ ਨਾ ਤਾਂ ਪੰਜਾਬ ਸਰਕਾਰ ਵਲੋਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਹੀ ਜਨਤਕ ਕੀਤੀ ਹੈ ਅਤੇ ਨਾ ਹੀ ਇਸ ਤੇ ਕੋਈ ਕਾਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸੈਂਟਾ ਕਲਾਰਾ ਸਹਿਰ ਪਿਛਲੇ 3 ਸਾਲਾਂ ਤੋਂ 4 ਫਰਵਰੀ ਨੂੰ ਆਪਣੇ ਸ਼ਹਿਰ ਵਿੱਚ ਸਾਕਾ ਨਕੋਦਰ ਦਿਵਸ ਵਜੋਂ ਘੋਸ਼ਿਤ ਕਰਦਾ ਆ ਰਿਹਾ ਹੈ, ਉਨ੍ਹਾਂ ਆਖਿਆ ਕਿ ਭਗਵੰਤ ਮਾਨ ਦੀ ਆਪ ਸਰਕਾਰ ਤੋਂ ਉਨ੍ਹਾਂ ਨੂੰ ਬਹੁਤ ਉਮੀਦ ਸੀ ਕਿ ਇਹ ਸਾਕਾ ਨਕੋਦਰ ਦਾ ਇਨਸਾਫ ਦੇਣਗੇ ਪਰ ਅਜਿਹਾ ਨਾ ਹੋਣਾ ਸਰਕਾਰ ਵਲੋਂ ਚੋਣ ਤੋਂ ਪਹਿਲਾਂ ਕੀਤੇ ਵਾਅਦਿਆਂ ਤੇ ਸਵਾਲੀਆ ਨਿਸਾਨ ਲਗਾਉਂਦਾ ਹੈ। ਰਾਜ ਚਾਹਲ ਨੇ ਕਿਹਾ ਕਿ ਉਹ ਆਉਂਦੇ ਦਿਨਾਂ ਵਿੱਚ ਇਸ ਸੰਬੰਧੀ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਣਗੇ। ਇਸ ਮੌਕੇ ਡਾ ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ, ਛੋਟੇ ਵੀਰ ਸਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਵੱਲੋਂ ਸੰਗਤਾਂ ਨੂੰ ਤਸਵੀਰਾਂ ਸਹਿਤ ਸਾਕਾ ਨਕੋਦਰ ਦੇ 37 ਸਾਲਾ ਇਤਿਹਾਸ ਤੇ ਨਾਇਨਸਾਫੀ ਦੀ ਦਾਸਤਾਨ ਨੂੰ ਵਿਸਥਾਰ ਸਹਿਤ ਵਰਣਨ ਕੀਤਾ। ਸਾਕਾ ਨਕੋਦਰ 4 ਫਰਵਰੀ 1986 ਨੂੰ ਵਾਪਰਿਆਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਵਾਸਤੇ ਸਿੰਘਾਂ ਨੇ ਇਸ ਦਿਨ ਸਹੀਦੀਆਂ ਪਾਈਆਂ ਸਨ। ਇਸ ਮੌਕੇ ਸਿੱਖ ਸਟੂਡੈਂਟਸ ਫੈਡਰੇਸਨ ਦੇ ਚਾਰ ਨੌਜਵਾਨ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ ਚਲੂਪੁਰ, ਭਾਈ ਬਲਧੀਰ ਸਿੰਘ ਰਾਮਗੜ੍ਹ ਅਤੇ ਭਾਈ ਝਿਲਮਣ ਸਿੰਘ ਗੋਰਸੀਆਂ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸਹੀਦ ਕਰ ਦਿੱਤੇ ਗਏ। ਗੁਰੂ ਘਰ ਦੇ ਸੇਵਾਦਾਰ ਜਸਵਿੰਦਰ ਸਿੰਘ ਜੀ ਜੰਡੀ ਵਲੋਂ ਆਈਆ ਸਾਰੀਆ ਸੰਗਤਾਂ ਦਾ ਧੰਨਵਾਦ ਕੀਤਾ ਤੇ ਆਉਣ ਵਾਲੇ ਸਮੇ ਵਿੱਚ ਵੀ ਗੁਰੂ ਅਦਬ ਲਈ ਸਹਾਦਤਾਂ ਪਾਉਣ ਵਾਲੇ ਮਹਾਨ ਸਹੀਦਾਂ ਦੀ ਯਾਦ ਨੂੰ ਮਨਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਨ੍ਹਾਂ ਸਹਾਦਤਾਂ ਨੂੰ ਯਾਦ ਰੱਖਣਾ ਸਾਡਾ ਸਭ ਦਾ ਫਰਜ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਜੀ ਅਤੇ ਸੈਂਟਾ ਕਲਾਰਾ ਸਹਿਰ ਦੇ ਵਾਇਸ ਮੇਅਰ ਰਜਵੰਤ ਸਿੰਘ ਚਾਹਲ ਜੀ ਦਾ ਸਤਿਕਾਰ ਸਹਿਤ ਸਨਮਾਨ ਕੀਤਾ ਗਿਆ ।