ਖੋਜ ਤੇ ਕਾਢ ਨੂੰ ਉਤਸ਼ਾਹਿਤ ਕਰਨ ਸਿੱਖਿਆ ਸੰਸਥਾਵਾਂ: ਮੁਰਮੂ

ਖੋਜ ਤੇ ਕਾਢ ਨੂੰ ਉਤਸ਼ਾਹਿਤ ਕਰਨ ਸਿੱਖਿਆ ਸੰਸਥਾਵਾਂ: ਮੁਰਮੂ

ਅੰਬੇਦਕਰ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਦੌਰਾਨ ਕੀਤਾ ਸੰਬੋਧਨ; ਬੁਕਸਾ ਆਦਿਵਾਸੀ ਭਾਈਚਾਰੇ ਦੀ ਤਰੱਕੀ ’ਤੇ ਜ਼ੋਰ
ਲਖਨਊ-
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸਿੱਖਿਆ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਖੋਜ ਅਤੇ ਕਾਢ ਪ੍ਰਤੀ ਉਤਸ਼ਾਹਤ ਕਰਨ। ਉਨ੍ਹਾਂ ਨਾਲ ਹੀ ਉਮੀਦ ਪ੍ਰਗਟ ਕੀਤੀ ਕਿ ਇਸ ਤਰ੍ਹਾਂ ਕੁੱਝ ਵਿਦਿਆਰਥੀ ਵਧੀਆ ਅਧਿਆਪਕ ਜਾਂ ਪ੍ਰੋਫੈਸਰ ਵੀ ਬਣਨਗੇ। ਉਹ ਇੱਥੇ ਬਾਬਾਸਾਹਿਬ ਭੀਮਰਾਓ ਅੰਬੇਦਕਰ ਯੂਨੀਵਰਸਿਟੀ ਦੀ ਦਸਵੀਂ ਕਾਨਵੋਕੇਸ਼ਨ ਮੌਕੇ ਸੰਬੋਧਨ ਕਰ ਰਹੇ ਸਨ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤ ਕੋਲ ਅੱਜ ਚੌਗਿਰਦੇ (ਈਕੋਸਿਸਟਮ) ਨਾਲ ਜੁੜਿਆ ਤੀਜਾ ਸਭ ਤੋਂ ਵੱਡਾ ਸਟਾਰਟ-ਅੱਪ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਿੱਖਿਆ ਸੰਸਥਾਵਾਂ, ਖ਼ਾਸ ਕਰ ਯੂਨੀਵਰਸਿਟੀ ਅਤੇ ਤਕਨੀਕੀ ਸੰਸਥਾਵਾਂ ਨੂੰ ਇਸ ਚੌਗਿਰਦੇ ਦਾ ਪੂਰਾ ਲਾਹਾ ਲੈਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਖੋਜ ਅਤੇ ਕਾਢ ਪ੍ਰਤੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਯਤਨ ਭਾਰਤ ਨੂੰ ਖੋਜ ਅਤੇ ਤਕਨਾਲੋਜੀ ਵਿੱਚ ਆਗੂ ਦੇਸ਼ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਇਸੇ ਦੌਰਾਨ ਬੁਕਸਾ ਆਦਿਵਾਸੀਆਂ ਨੂੰ ਜੰਗਲ ਦੇ ਅਧਿਕਾਰ ਸਬੰਧੀ ਪੱਤਰ ਸੌਂਪਣ ਲਈ ਕਰਵਾਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਆਦਿਵਾਸੀਆਂ ਦੀ ਤਰੱਕੀ ’ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਸਮਾਜ ਦਾ ਕੋਈ ਵੀ ਤਬਕਾ ਵਿਕਾਸ ਪੱਖੋਂ ਪੱਛੜਿਆ ਨਾ ਰਹੇ ਅਤੇ ਉਹ ਹਰੇਕ ਖੇਤਰ ਵਿੱਚ ਤਰੱਕੀ ਕਰੇ। ਉਨ੍ਹਾਂ ਕਿਹਾ, ‘‘ਉੱਤਰ ਪ੍ਰਦੇਸ਼ ਵਿੱਚ 25 ਕਰੋੜ ਵਸਨੀਕ ਹਨ, ਪਰ ਪ੍ਰੋਗਰਾਮ ਵਿੱਚ ਬੁਕਸਾ ਭਾਈਚਾਰੇ ਨੂੰ ਹੀ ਕਿਉਂ ਸੱਦਿਆ ਗਿਆ, ਕਿਉਂਕਿ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਸਮਾਜ ਦਾ ਕੋਈ ਤਬਕਾ ਪਿੱਛੇ ਨਾ ਰਹੇ। ਸਾਰਿਆਂ ਨੂੰ ਅੱਗੇ ਵਧਣਾ ਚਾਹੀਦਾ ਹੈ। ਹਰੇਕ ਬੱਚੇ ਨੂੰ ਪੜ੍ਹਨ, ਸਿੱਖਿਆ ਪ੍ਰਾਪਤ ਕਰਨ ਅਤੇ ਆਰਥਿਕ ਤੌਰ ’ਤੇ ਤਰੱਕੀ ਕਰਨ ਦੇ ਮੌਕੇ ਮਿਲਣੇ ਚਾਹੀਦੇ ਹਨ।’’ ਉਨ੍ਹਾਂ ਕਿਹਾ ਕਿ ਬੁਕਸਾ ਭਾਈਚਾਰਾ ਸਮਾਜਿਕ ਤੇ ਆਰਥਿਕਤਾ ਦੇ ਨਾਲ ਸਿੱਖਿਆ ਵਿੱਚ ਵੀ ਪੱਛੜ ਗਿਆ ਹੈ। ਸਰਕਾਰ ਚਾਹੁੰਦੀ ਹੈ ਕਿ ਇਹ ਹਰੇਕ ਖੇਤਰ ਵਿੱਚ ਅੱਗੇ ਵਧੇ। ਉਨ੍ਹਾਂ ਕਿਹਾ, ‘‘ਰਾਜਪਾਲ ਹੁੰਦਿਆਂ ਮੈਂ ਸਰਕਾਰ ਨੂੰ ਆਦਿਵਾਸੀਆਂ ਦੇ ਵਿਕਾਸ ਲਈ ਕੰਮ ਕਰਨ ਲਈ ਕਿਹਾ ਸੀ। ਉਨ੍ਹਾਂ ਦੀ ਤਰੱਕੀ ਲਈ ਕੰਮ ਚੱਲ ਰਹੇ ਹਨ। ਸਕੂਲ ਤੇ ਕਾਲਜ ਖੋਲ੍ਹੇ ਜਾ ਰਹੇ ਹਨ। ਜੇਕਰ ਸ਼ੁਰੂਆਤ ਚੰਗੀ ਹੋਈ ਹੈ ਤਾਂ ਸਾਰੀਆਂ ਸਮੱਸਿਆਵਾਂ ਵੀ ਹੱਲ ਹੋ ਜਾਣਗੀਆਂ।’’ ਰਾਸ਼ਟਰਪਤੀ ਨੇ ਕਿਹਾ ਕਿ ਮੁੰਡਾ ਹੋਵੇ ਜਾਂ ਕੁੜੀ ਸਿੱਖਿਆ ਦੋਵਾਂ ਲਈ ਅਹਿਮ ਹੈ।

ਉਨ੍ਹਾਂ ਨਾਲ ਹੀ ਕਿਹਾ ਕਿ ਜੀਵਨ ਜਿਊਣ ਲਈ ਘਰ ਵੀ ਜ਼ਰੂਰੀ ਹੈ। ਸ੍ਰੀਮਤੀ ਮੁਰਮੂ ਨੇ ਕਿਹਾ, ‘‘ਕੁੜੀਆਂ ਦੀ ਗਿਣਤੀ ਵਧ ਰਹੀ ਅਤੇ ਤੁਹਾਡੇ ਵਿੱਚ ਕੁੱਝ ਪੰਚਾਇਤ ਆਗੂ ਅਤੇ ਕਮੇਟੀ ਮੈਂਬਰ ਵੀ ਬਣੀਆਂ ਹਨ।’’ ਰਾਸ਼ਟਰਪਤੀ ਨੇ ਕਿਹਾ ਕਿ ਲੋਕਾਂ ਵਿੱਚ ਤਰੱਕੀ ਅਤੇ ਅੱਗੇ ਵਧਣ ਦੀ ਜਗਿਆਸਾ ਹੋਣੀ ਚਾਹੀਦੀ ਹੈ।