ਕੇਂਦਰ ਪੰਜਾਬ ਸਿਰ ਪਾ ਰਿਹੈ ਕੋਲਾ ਢੁਆਈ ਦਾ ਵਾਧੂ ਬੋਝ: ਭਗਵੰਤ ਮਾਨ

ਕੇਂਦਰ ਪੰਜਾਬ ਸਿਰ ਪਾ ਰਿਹੈ ਕੋਲਾ ਢੁਆਈ ਦਾ ਵਾਧੂ ਬੋਝ: ਭਗਵੰਤ ਮਾਨ

ਬਿਜਲੀ ਚੋਰੀ ਖ਼ਿਲਾਫ਼ ਮੁਹਿੰਮ ਵਿੱਢਣ ਦਾ ਐਲਾਨ; ਬੀਬੀਐੱਮਬੀ ਦੇ ਮੈਂਬਰ ਦੀ ਨਾਮਜ਼ਦਗੀ ’ਚ ਪੰਜਾਬ ਦੇ ਹਿੱਤ ਸੁਰੱਖਿਅਤ ਰੱਖਣ ਦਾ ਅਹਿਦ
ਪਟਿਆਲਾ- ਇੱਥੇ ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ’ਤੇ ਪੰਜਾਬ ਨਾਲ ਲਗਾਤਾਰ ਵਿਤਕਰੇ ਕਰਨ ਦੇ ਦੋਸ਼ ਲਾਏ ਹਨ। ਪੰਜਾਬ ਵਿੱਚ ਕੋਲਾ ਲਿਆਉਣ ਲਈ ਰੇਲ ਗੱਡੀਆਂ ਨਾ ਮੁਹੱਈਆ ਕਰਵਾਉਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਨੂੰ ਬਣਦੇ ਹੱਕਾਂ ਤੋਂ ਵਿਰਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਨਿੱਜੀ ਮੁਫ਼ਾਦਾਂ ਲਈ ਵੀ ਪੰਜਾਬ ਦਾ ਘਾਣ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਦੀ ਅਗਵਾਈ ਹੇਠ ਕਰਵਾਏ ਸੂੁਬਾਈ ਸਮਾਗਮ ’ਚ ਸ੍ਰੀ ਮਾਨ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।

ਪੰਜਾਬ ਭਰ ਤੋਂ ਪੁੱਜੇ ਇੰਜਨੀਅਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਅਲਾਟ ਹੋਈ ਖਾਣ ਤੋਂ ਕੋਲਾ ਪੰਜਾਬ ਲਿਆਉਣ ਲਈ ਪੂਰੇ ਮੁਲਕ ’ਚੋਂ ਘੁੰਮਣਾ ਪਵੇਗਾ। ਇਸ ਨਾਲ ਕਈ ਸੌ ਕਿਲੋਮੀਟਰ ਦਾ ਵੱਧ ਸਫ਼ਰ ਤੈਅ ਕਰਨ ਕਰ ਕੇ ਸਮਾਂ ਅਤੇ ਪੈਸਾ ਵੀ ਵਧੇਰੇ ਖ਼ਰਚ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜੇ ਦੂਜੇ ਸੂਬਿਆਂ ਨੂੰ ਅਨਾਜ ਦੀ ਢੋਆ-ਢੁਆਈ ਲਈ ਪੰਜਾਬ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਸਕਦੀਆਂ ਹਨ ਤਾਂ ਫਿਰ ਪੰਜਾਬ ਨੂੰ ਕੋਲੇ ਦੀ ਸਪਲਾਈ ਲਈ ਅੜਿੱਕੇ ਕਿਉਂ ਖੜ੍ਹੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਡਾਨੀ ਨੂੰ ਵਿੱਤੀ ਲਾਭ ਦੇਣ ਲਈ ਪੰਜਾਬ ਸਿਰ ਬੇਲੋੜਾ ਖ਼ਰਚਾ ਮੜ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਐਕਟ-2020 ਦਾ ਵੀ ਡੱਟਵਾਂ ਵਿਰੋਧ ਕਰਨ ਸਣੇ ਬੀਬੀਐੱਮਬੀ ਦੇ ਮੈਂਬਰ ਦੀ ਨਾਮਜ਼ਦਗੀ ਵਿੱਚ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ। ਜਥੇਬੰਦੀ ਦੇ ਹਵਾਲੇ ਨਾਲ ਬਾਰ੍ਹਾਂ ਸੌ ਕਰੋੜ ਸਾਲਾਨਾ ਬਿਜਲੀ ਚੋਰੀ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਦੇ ਸਹਿਯੋਗ ਨਾਲ ਬਿਜਲੀ ਚੋਰੀ ਖਿਲਾਫ਼ ਮੁਹਿੰਮ ਚਲਾਉਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਉਦਮ ਸਦਕਾ 87 ਫ਼ੀਸਦੀ ਘਰਾਂ ਦਾ ਪਿਛਲਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਇਸ ਦੌਰਾਨ ਉਨ੍ਹਾਂ ਸਰਕਾਰੀ ਦਫ਼ਤਰਾਂ ’ਚ ਸੋਲਰ ਪਲਾਂਟ ਲਾਉਣ ਦੀ ਤਜਵੀਜ਼ ਦਾ ਖ਼ੁਲਾਸਾ ਵੀ ਕੀਤਾ। ਬਿਜਲੀ ਉਤਪਾਦਨ ਵਿੱਚ 83 ਫ਼ੀਸਦੀ ਵਾਧੇ ਲਈ ਇੰਜਨੀਅਰਾਂ ਅਤੇ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਉਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਕਰਨ ਵਾਲਾ ਭਾਵੇਂ ਕੋਈ ਵੀ ਹੋਵੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਤੋਂ ਪਹਿਲਾਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਅਦਾਰੇ ਦੇ ਪ੍ਰਿੰਸੀਪਲ ਸਕੱੱਤਰ ਤੇਜਵੀਰ ਸਿੰਘ, ਸੀਐੱਮਡੀ ਬਲਦੇਵ ਸਰਾਂ, ਜਥੇਬੰਦੀ ਦੇ ਪ੍ਰਧਾਨ ਜਸਵੀਰ ਧੀਮਾਨ, ਕੌਮੀ ਆਗੂ ਸ਼ਲਿੰਦਰ ਦੂਬੇ ਸਣੇ ਹੋਰਨਾਂ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਜੌੜਾਮਾਜਰਾ, ਵਿਧਾਇਕ ਹਰਮੀਤ ਪਠਾਣਮਾਜਰਾ ਤੇ ਗੁਰਲਾਲ ਘਨੌਰ ਵੀ ਮੌਜੂਦ ਸਨ। ਜਥੇਬੰਦੀ ਦੀ ਤਰਫੋਂ ਮੁੱਖ ਮੰਤਰੀ ਨੇ ਇੰਜ. ਐਚ.ਐਸ ਬੇਦੀ ਤੇ ਇੰਜਨੀਅਰ ਕਰੁਨ ਅਗਰਵਾਲ ਦਾ ਵਿਸ਼ੇਸ਼ ਸਨਮਾਨ ਕੀਤਾ।