ਆਮ ਆਦਮੀ ਪਾਰਟੀ ਵੱਲੋਂ ਭਾਜਪਾ ਹੈੱਡਕੁਆਰਟਰ ਅੱਗੇ ਰੋਸ ਪ੍ਰਦਰਸ਼ਨ

ਆਮ ਆਦਮੀ ਪਾਰਟੀ ਵੱਲੋਂ ਭਾਜਪਾ ਹੈੱਡਕੁਆਰਟਰ ਅੱਗੇ ਰੋਸ ਪ੍ਰਦਰਸ਼ਨ

ਹਿੰਡਨਬਰਗ ਰਿਪੋਰਟ ’ਚ ਅਡਾਨੀ ਬਾਰੇ ਦਿੱਤੀ ਜਾਣਕਾਰੀ ਸਬੰਧੀ ਜਾਂਚ ਕਰਵਾਉਣ ਦੀ ਮੰਗ
ਨਵੀਂ ਦਿੱਲੀ- ‘ਆਪ’ ਵੱਲੋਂ ਅੱਜ ਇਥੇ ਭਾਜਪਾ ਦੇ ਹੈਡਕੁਆਰਟਰ ਨੇੜੇ ਰੋਸ ਪ੍ਰਦਰਸ਼ਨ ਕਰਕੇ ਹਿੰਡਨਵਰਗ ਖੁਲਾਸੇ ਦੀ ਜਾਂਚ ਲਈ ਸੰਯੁਕਤ ਪਾਰਲੀਮਾਨੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਅੱਜ ‘ਆਪ’ ਨੇ ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ, ਮੁੱਖ ਬੁਲਾਰੇ ਸੌਰਭ ਭਾਰਦਵਾਜ, ਸੀਨੀਅਰ ਆਗੂ ਦੁਰਗੇਸ਼ ਪਾਠਕ ਦੀ ਅਗਵਾਈ ਵਿੱਚ ਭਾਜਪਾ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਰਾਹੀਂ ‘ਆਪ’ ਵਰਕਰਾਂ ਨੇ ਇਸ ਘੁਟਾਲੇ ਦੀ ਜੇਪੀਸੀ (ਸੰਯੁਕਤ ਸੰਸਦੀ ਕਮੇਟੀ) ਤੋਂ ਜਾਂਚ ਦੀ ਮੰਗ ਕੀਤੀ। ਗੋਪਾਲ ਰਾਏ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਜਦੋਂ ਦੇਸ਼ ਦੇ ਹਰ ਛੋਟੇ-ਵੱਡੇ ਮੁੱਦੇ ’ਤੇ ਕੇਂਦਰ ਵੱਲੋਂ ਈਡੀ ਤੇ ਸੀਬੀਆਈ ਤੋਂ ਜਾਂਚ ਕਰਵਾਈ ਜਾ ਰਹੀ ਹੈ ਤਾਂ ਅਡਾਣੀ ਗਰੁੱਪ ਖ਼ਿਲਾਫ਼ ਲੱਗੇ ਇਨ੍ਹਾਂ ਗੰਭੀਰ ਦੋਸ਼ਾਂ ਸਬੰਧੀ ਹਾਲੇ ਤੱਕ ਕੋਈ ਜਾਂਚ ਕਿਉਂ ਨਹੀਂ ਆਰੰਭੀ ਗਈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪ੍ਰਧਾਨ ਮੰਤਰੀ ਵੱਲੋਂ ਇਸ ਮੁੱਦੇ ’ਤੇ ਕੋਈ ਵੀ ਬਿਆਨ ਕਿਉਂ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਜੋ ਘਪਲਾ ਅਡਾਨੀ ਵੱਲੋਂ ਕੀਤਾ ਗਿਆ ਹੈ, ਉਸ ਨੇ ਭਾਰਤ ਲਈ ਆਰਥਿਕ ਸੰਕਟ ਖੜ੍ਹਾ ਕਰ ਦਿੱਤਾ ਹੈ। ਇਸੇ ਕਰਕੇ ਪੂਰੇ ਦੇਸ਼ ਵਿੱਚ ਜੇਪੀਸੀ ਰਾਹੀਂ ਜਾਂਚ ਕਰਵਾਉਣ ਦੀ ਮੰਗ ਉਠਾਈ ਜਾ ਰਹੀ ਹੈ ਤੇ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਘੁਟਾਲੇ ਦੀ ਜਾਂਚ ਨਹੀਂ ਕਰਵਾਉਂਦੇ ਤਾਂ ਇਸ ਦਾ ਮਤਲਬ ਹੈ ਕਿ ਉਹ ਵੀ ਇਸ ਘੁਟਾਲੇ ਵਿੱਚ ਸ਼ਾਮਲ ਹਨ। ਜੇਕਰ ਨਰਿੰਦਰ ਮੋਦੀ ਅਤੇ ਭਾਜਪਾ ਦੇ ਹੋਰ ਆਗੂ ਇਸ ਘੁਟਾਲੇ ਵਿੱਚ ਸ਼ਾਮਲ ਨਹੀਂ ਹਨ, ਤਾਂ ਤੁਸੀਂ ਜਾਂਚ ਕਰਵਾਉਣ ਤੋਂ ਕਿਉਂ ਡਰਦੇ ਹੋ? ਇਸ ਮੌਕੇ ਸੌਰਭ ਭਾਰਦਵਾਜ ਨੇ ਕਿਹਾ ਕਿ ਪੀਐਮ ਮੋਦੀ ਦਿਨ ਰਾਤ ਬੋਲਦੇ ਹਨ ਪਰ ਉਨ੍ਹਾਂ ਅਡਾਨੀ ਵਾਲੇ ਮੁੱਦੇ ’ਤੇ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ। ਅਡਾਨੀ ਨੂੰ ਆਸਟਰੇਲੀਆ ਵਿੱਚ ਕੋਲੇ ਦੀ ਖਾਨ, ਇਜ਼ਰਾਈਲ ਵਿੱਚ ਰੱਖਿਆ ਸੌਦਾ, ਸ੍ਰੀਲੰਕਾ ਵਿੱਚ ਹਰੀ ਊਰਜਾ ਅਤੇ ਬੰਗਲਾਦੇਸ਼ ਵਿੱਚ ਬਿਜਲੀ ਦਾ ਠੇਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹਿੰਡਨਬਰਗ ਇਸ ਤੋਂ ਪਹਿਲਾਂ ਵੀ ਕਈ ਕੰਪਨੀਆਂ ਦਾ ਪਰਦਾਫਾਸ਼ ਕਰ ਚੁੱਕਾ ਹੈ। ਦੋ ਸਾਲਾਂ ਦੀ ਖੋਜ ਤੋਂ ਬਾਅਦ, ਉਸ ਨੇ ਦੁਨੀਆਂ ਨੂੰ ਦੱਸਿਆ ਕਿ ਅਡਾਨੀ ਦਾ ਸਟਾਕ ਡੁੱਬ ਜਾਵੇਗਾ।

ਆਮ ਆਦਮੀ ਪਾਰਟੀ ਦੇ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ ਕਿ ਕਾਂਗਰਸ ਸਰਕਾਰ ਅੰਬਾਨੀ ਨੂੰ ਦੇਸ਼ ਦੀਆਂ ਜ਼ਮੀਨਾਂ ਦੇ ਰਹੀ ਸੀ। 2014 ਵਿੱਚ ਜਦੋਂ ਨਰਿੰਦਰ ਮੋਦੀ ਆਇਆ ਤਾਂ ਉਹ ਆਪਣੀ ਅਡਾਨੀ ਲੈ ਕੇ ਆਇਆ। ਕਰੋਨਾ ਤੋਂ ਬਾਅਦ ਹਰ ਕਿਸੇ ਦੀ ਆਮਦਨ ਘੱਟ ਗਈ ਪਰ ਅਡਾਨੀ ਦੀ ਆਮਦਨ ਵਧਦੀ ਗਈ।