ਪੰਜਾਬ ਦੇ ਅਧਿਆਪਕਾਂ ਨੂੰ ਵੀ ਵਿਦੇਸ਼ ’ਚ ਸਿਖਲਾਈ ਵਾਸਤੇ ਭੇਜਾਂਗੇ: ਹਰਜੋਤ ਬੈਂਸ

ਪੰਜਾਬ ਦੇ ਅਧਿਆਪਕਾਂ ਨੂੰ ਵੀ ਵਿਦੇਸ਼ ’ਚ ਸਿਖਲਾਈ ਵਾਸਤੇ ਭੇਜਾਂਗੇ: ਹਰਜੋਤ ਬੈਂਸ

ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ’ਚ ਕੀਤੀ ਸ਼ਿਰਕਤ
ਬਠਿੰਡਾ- ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਥੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਉਹ ਅੱਜ ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 8ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਪਹਿਲਾ ਅਜਿਹਾ ਸੂਬਾ ਹੈ, ਜਿਸ ਦੇ 36 ਪ੍ਰਿੰਸੀਪਲ ਸਿੰਘਾਪੁਰ ਤੋਂ ਸਿਖਲਾਈ ਲੈ ਕੇ ਆਏ ਹਨ ਤੇ ਜਲਦ ਹੀ ਮਾਰਚ ਮਹੀਨੇ ਵਿੱਚ ਅਧਿਆਪਕਾਂ ਦੇ ਇੱਕ ਹੋਰ ਵਫ਼ਦ ਨੂੰ ਸਿਖਲਾਈ ਲੈਣ ਲਈ ਵਿਦੇਸ਼ ਭੇਜਿਆ ਜਾਵੇਗਾ। ਇਸ ਮੌਕੇ ਚੇਅਰਮੈਨ ਪੰਜਾਬ ਟ੍ਰੇਡਰਜ਼ ਕਮਿਸ਼ਨ ਅਨਿਲ ਠਾਕੁਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸ੍ਰੀ ਬੈਂਸ ਨੇ ਕਿਹਾ ਕਿ ਸਰਕਾਰ ਦਾ ਪ੍ਰਮੁੱਖ ਏਜੰਡਾ ਸਿੱਖਿਆ ਅਤੇ ਸਿਹਤ ਹੈ, ਜਿਸ ’ਚ ਸੁਧਾਰ ਕਰਨ ਲਈ ਸਰਕਾਰ ਵੱਲੋਂ ਹਰ ਸੰਭਵ ਤੇ ਅਣਥੱਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਬਹਾਦਰੀ ਅਤੇ ਪ੍ਰਜਾ ਲਈ ਕੀਤੇ ਗਏ ਕਾਰਜਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।

ਉਨ੍ਹਾਂ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ, ਗਿਆਨੀ ਜ਼ੈਲ ਸਿੰਘ ਸਕੂਲ ਆਫ਼ ਆਰਕੀਟੈਕਚਰ ਅਤੇ ਪਲੈਨਿੰਗ ਵਿਭਾਗ ਦੇ ਮੁਖੀ ਡਾ. ਭੁਪਿੰਦਰ ਪਾਲ ਸਿੰਘ ਢੋਟ ਅਤੇ ਸੀਨੀਅਰ ਫੈਕਲਟੀ ਨਾਲ ਸੂਬੇ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਨ ਲਈ ਇੱਕ ਰੂਪ-ਰੇਖਾ ਉਲੀਕਣ ਲਈ ਵਿਸਤ੍ਰਿਤ ਮੀਟਿੰਗ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਅਤੇ ਪਤਵੰਤੇ ਸੱਜਣਾਂ ਨੇ ਉੱਘੇ ਕਲਾਕਾਰ ਹਰਦਰਸ਼ਨ ਸਿੰਘ ਸੋਹਲ ਵੱਲੋਂ ਤਿਆਰ ਕੀਤੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਨੂੰ ਜਾਰੀ ਕੀਤਾ। ਉਪਰੰਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਥਾਨਕ ਕੈਨਾਲ ਕਲੋਨੀ ਵਿਖੇ ਸਥਿਤ ਸਰਕਾਰੀ ਆਦਰਸ਼ ਪ੍ਰਾਇਮਰੀ ਸਕੂਲ ਵੱਲੋਂ ਕਰਵਾਏ ਗਏ ਸਲਾਨਾ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹੁਣ ਸਰਕਾਰੀ ਸਕੂਲ ਕਿਸੇ ਵੀ ਤਰ੍ਹਾਂ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਹਨ। ਇਸ ਤਹਿਤ ਪੰਜਾਬ ਅੰਦਰ 117 ‘ਸਕੂਲ ਆਫ਼ ਐਮੀਨੈਂਸ’ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਆਦਰਸ਼ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਇਆ ਜਾਵੇਗਾ। ਉਨ੍ਹਾਂ ਇਸ ਸਕੂਲ ’ਚ ਕਮਰਿਆਂ ਦੀ ਘਾਟ ਨੂੰ ਦੇਖਦੇ ਹੋਏ 3 ਕਰੋੜ ਦੀ ਲਾਗਤ ਨਾਲ 50 ਹੋਰ ਕਮਰੇ ਬਣਾਉਣ ਅਤੇ ਲਿਫ਼ਟ ਲਗਵਾਉਣ ਦਾ ਵੀ ਐਲਾਨ ਕੀਤਾ।