ਮੁੱਖ ਮੰਤਰੀ ਦੀ ਕੋਠੀ ਅੱਗੇ ਪੁਲੀਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੀ ਖਿੱਚ-ਧੂਹ

ਮੁੱਖ ਮੰਤਰੀ ਦੀ ਕੋਠੀ ਅੱਗੇ ਪੁਲੀਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੀ ਖਿੱਚ-ਧੂਹ

ਬੇਰੁਜ਼ਗਾਰ ਅਧਿਆਪਕਾਂ ਨੇ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ; ਤਿੰਨ ਸਾਲ ਤੋਂ ਪੀਐੱਸ ਟੈੱਟ ਨਾ ਲੈਣ ਕਾਰਨ ਰੋਸ
ਸੰਗਰੂਰ- ਇੱਥੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਈਟੀਟੀ ਐਂਡ ਬੀਐੱਡ ਪਾਸ ਬੇਰੁਜ਼ਗਾਰ ਅਧਿਆਪਕਾਂ ਅਤੇ ਪੁਲੀਸ ਦਰਮਿਆਨ ਖਿੱਚ-ਧੂਹ ਹੋਈ। ਪੁਲੀਸ ਵੱਲੋਂ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ ਜਿਸ ਮਗਰੋਂ ਬੇਰੁਜ਼ਗਾਰ ਅਧਿਆਪਕਾਂ ਨੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕ ਸਾਲ 2020, 2021 ਅਤੇ 2022 ਦੀ ਪੈਂਡਿੰਗ ਪੀਐੱਸ ਟੈੱਟ ਪ੍ਰੀਖਿਆ ਨਾ ਲੈਣ ਤੋਂ ਖਫ਼ਾ ਸਨ। ਉਨ੍ਹਾਂ ਜਲਦ ਪੀਐਸ ਟੈੱਟ ਪ੍ਰੀਖਿਆ ਲੈਣ ਦੀ ਮੰਗ ਕੀਤੀ।

ਪੰਜਾਬ ਭਰ ਤੋਂ ਪੀਐੱਸ ਟੈਟ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਈਟੀਟੀ ਐਂਡ ਬੀਐੱਡ ਪਾਸ ਬੇਰੁਜ਼ਗਾਰ ਅਧਿਆਪਕ ਇੱਥੇ ਪਟਿਆਲਾ ਰੋਡ ’ਤੇ ਇਕੱਠੇ ਹੋਏ ਜਿੱਥੋਂ ਰੋਸ ਮਾਰਚ ਕਰਦੇ ਹੋਏ ਜਿਉਂ ਹੀ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਅੱਗੇ ਪੁੱਜੇ ਤਾਂ ਪੁਲੀਸ ਨੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਖਿੱਚ-ਧੂਹ ਵੀ ਹੋਈ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਵਾਜਾਈ ਠੱਪ ਕਰਕੇ ਸੜਕ ਉਪਰ ਰੋਸ ਧਰਨਾ ਲਗਾ ਦਿੱਤਾ। ਯੂਨੀਅਨ ਪ੍ਰਧਾਨ ਸੋਨੂੰ ਕੰਬੋਜ ਨੇ ਕਿਹਾ ਕਿ ਸਾਲ 2020, 2021 ਅਤੇ 2022 ਦਾ ਪੀਐੱਸ ਟੈਟ ਦਾ ਪੇਪਰ ਨਾ ਲੈਣ ਕਾਰਨ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਦਾ ਭਵਿੱਖ ਖਤਰੇ ਵਿਚ ਜਾ ਰਿਹਾ ਹੈ ਜਦੋਂਕਿ ਹਰਿਆਣਾ ਵਿਚ ਹਰ ਸਾਲ ਇਹ ਪੇਪਰ ਲਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਪਹਿਲੇ ਪੀਐੱਸ ਟੈੱਟ ਪਾਸ ਵਿਦਿਆਰਥੀਆਂ ਨੂੰ 2364 ਅਤੇ 6635 ਭਰਤੀ ਵਿੱਚ ਮੌਕਾ ਮਿਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀਐੱਸ ਟੈੱਟ ਦਾ ਪੇਪਰ ਲੈਣ ਤੋਂ ਪਹਿਲਾਂ 5994 ਅਸਾਮੀਆਂ ਕੱਢੀਆਂ ਗਈਆਂ ਤਾਂ ਈਟੀਟੀ ਪਾਸ ਵਿਦਿਆਰਥੀਆਂ ਨਾਲ ਬੇਇਨਸਾਫ਼ੀ ਹੋਵੇਗੀ ਅਤੇ ਬੇਰੁਜ਼ਗਾਰ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਹੋਵੇਗਾ। ਉਨ੍ਹਾਂ ਕਿਹਾ ਕਿ ਈਟੀਟੀ ਅਤੇ ਬੀਐੱਡ ਪਾਸ ਕਰੀਬ ਦੋ ਲੱਖ ਤੋਂ ਵੱਧ ਬੇਰੁਜ਼ਗਾਰ ਅਧਿਆਪਕ ਪਿਛਲੇ ਕਾਫ਼ੀ ਸਮੇਂ ਤੋਂ ਇਸ ਟੈਸਟ ਦੀ ਉਡੀਕ ਕਰ ਰਹੇ ਹਨ।

ਡਾਇਰੈਕਟਰ ਸਿੱਖਿਆ ਵਿਭਾਗ ਨਾਲ ਮੀਟਿੰਗ ਤੈਅ

ਬੁਲਾਰਿਆਂ ਨੇ ਮੰਗ ਕੀਤੀ ਕਿ ਪੈਂਡਿੰਗ ਟੈੱਟ ਪੇਪਰ ਜਲਦ ਲਿਆ ਜਾਵੇ ਅਤੇ ਬਾਕੀ ਰਾਜਾਂ ਦੀ ਤਰਜ਼ ’ਤੇ ਪੰਜਾਬ ਵਿਚ ਵੀ ਹਰ ਸਾਲ ਟੈੱਟ ਦਾ ਪੇਪਰ ਲਿਆ ਜਾਵੇ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਮੰਗਾਂ ਨਾ ਮੰਨੀਆਂ ਗਈਆ ਤਾਂ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਯੂਨੀਅਨ ਆਗੂਆਂ ਅਮਨਦੀਪ ਕੰਬੋਜ, ਸ਼ੇਰਬਾਜ, ਸੁਰਿੰਦਰ ਕੁਮਾਰ, ਕਮਲਦੀਪ, ਲੋਵਿਸ ਕੁਮਾਰ, ਰਾਜਨ ਕੰਬੋਜ, ਅਮਨਦੀਪ ਸਿੰਘ ਮਾਮੂ ਖੇੜਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 22 ਫਰਵਰੀ ਦੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨਾਲ ਮੀਟਿੰਗ ਤੈਅ ਕਰਵਾਈ ਗਈ ਜਿਸ ਮਗਰੋਂ ਰੋਸ ਧਰਨਾ ਸਮਾਪਤ ਕੀਤਾ ਗਿਆ।