ਭੂਚਾਲ: ਲਾਪਤਾ ਭਾਰਤੀ ਦੀ ਲਾਸ਼ ਮਲਬੇ ’ਚੋਂ ਮਿਲੀ

ਭੂਚਾਲ: ਲਾਪਤਾ ਭਾਰਤੀ ਦੀ ਲਾਸ਼ ਮਲਬੇ ’ਚੋਂ ਮਿਲੀ

ਕੰਪਨੀ ਨੇ ਉੱਤਰਾਖੰਡ ਦੇ ਨਿਵਾਸੀ ਨੂੰ ਕੰਮ ਲਈ ਭੇਜਿਆ ਸੀ ਤੁਰਕੀ
ਕੋਟਦਵਾਰ/ਅੰਤਾਕਿਆ- ਤੁਰਕੀ ’ਚ 6 ਫਰਵਰੀ ਨੂੰ ਭੂਚਾਲ ਆਉਣ ਮਗਰੋਂ ਲਾਪਤਾ ਹੋਏ ਭਾਰਤੀ ਵਿਜੈ ਕੁਮਾਰ ਗੌੜ ਦੀ ਅੱਜ ਉਥੋਂ ਦੇ ਹੋਟਲ ਮਲਾਤਿਆ ਦੇ ਮਲਬੇ ਹੇਠਿਉਂ ਲਾਸ਼ ਮਿਲ ਗਈ ਹੈ। ਉਹ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਕੋਟਦਵਾਰ ’ਚ ਪਦਮਪੁਰ ਇਲਾਕੇ ਦਾ ਵਸਨੀਕ ਸੀ ਅਤੇ ਬੰਗਲੂਰੂ ਆਧਾਰਿਤ ਕੰਪਨੀ ’ਚ ਕੰਮ ਕਰ ਰਿਹਾ ਸੀ ਜਿਸ ਨੇ ਉਸ ਨੂੰ ਕੰਮ ਲਈ ਤੁਰਕੀ ਭੇਜਿਆ ਸੀ।

ਚਿਹਰਾ ਬੁਰੀ ਤਰ੍ਹਾਂ ਕੁਚਲਿਆ ਹੋਣ ਕਰਕੇ ਗੌੜ ਦੀ ਪਛਾਣ ਉਸ ਦੇ ਹੱਥ ’ਤੇ ਬਣੇ ਟੈਟੂ ਨਾਲ ਹੋਈ। ਤੁਰਕੀ ’ਚ ਭਾਰਤੀ ਸਫ਼ਾਰਤਖਾਨੇ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਉਸ ਦੀ ਦੇਹ ਪਹਿਲਾਂ ਇਸਤਾਂਬੁਲ ਅਤੇ ਫਿਰ ਦਿੱਲੀ ਲਿਆਂਦੀ ਜਾਵੇਗੀ। ਗੌੜ ਦੀ ਦੇਹ ਕੋਟਦਵਾਰ ਪਹੁੰਚਣ ’ਚ ਤਿੰਨ ਦਿਨ ਦਾ ਸਮਾਂ ਲੱਗ ਸਕਦਾ ਹੈ। ਉਸ ਦੇ ਵੱਡੇ ਭਰਾ ਅਰੁਣ ਕੁਮਾਰ ਗੌੜ ਨੇ ਕਿਹਾ ਕਿ ਵਿਜੈ ਕੁਮਾਰ ਔਕਸੀ ਪਲਾਂਟ ਇੰਡੀਆ ਪ੍ਰਾਈਵੇਟ ਲਿਮਟਿਡ ’ਚ ਕੰਮ ਕਰਦਾ ਸੀ। ਜਦੋਂ ਤੋਂ ਉਹ ਲਾਪਤਾ ਹੋਇਆ ਸੀ, ਉਸ ਦਾ ਫੋਨ ਲਗਾਤਾਰ ਵੱਜ ਰਿਹਾ ਸੀ ਪਰ ਕੋਈ ਜਵਾਬ ਨਹੀਂ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਵਿਜੈ ਦੀ ਪਤਨੀ ਅਤੇ ਛੇ ਸਾਲ ਦੇ ਬੇਟੇ ਨੇ 5 ਫਰਵਰੀ ਨੂੰ ਉਸ ਨਾਲ ਗੱਲਬਾਤ ਕੀਤੀ ਸੀ ਅਤੇ ਉਸ ਨੇ 20 ਫਰਵਰੀ ਨੂੰ ਭਾਰਤ ਮੁੜਨਾ ਸੀ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਤੁਰਕੀ ’ਚ ਭੂਚਾਲ ਆਉਣ ਮਗਰੋਂ ਇਕ ਭਾਰਤੀ ਲਾਪਤਾ ਹੈ ਅਤੇ 10 ਹੋਰ ਸੁਰੱਖਿਅਤ ਹਨ। ਉਧਰ ਭਾਰਤੀ ਥਲ ਸੈਨਾ ਦੀ 99 ਮੈਂਬਰੀ ਮੈਡੀਕਲ ਟੀਮ ਨੇ ਇਸਕੇਂਦਰਨ ਦੇ ਆਰਜ਼ੀ ਹਸਪਤਾਲ ’ਚ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਤੁਰਕੀ ’ਚ ਬਚਾਅ ਟੀਮਾਂ ਨੇ ਭੂਚਾਲ ਦੇ ਪੰਜ ਦਿਨਾਂ ਬਾਅਦ ਇਕ ਘਰ ਦੇ ਮਲਬੇ ਹੇਠਿਉਂ ਪੰਜ ਜੀਆਂ ਨੂੰ ਜਿਊਂਦਾ ਕੱਢਿਆ ਹੈ। ਉਂਜ ਤੁਰਕੀ ਅਤੇ ਸੀਰੀਆ ’ਚ ਭੂਚਾਲ ਕਾਰਨ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ 25 ਹਜ਼ਾਰ ਤੋਂ ਪਾਰ ਹੋ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮਲਬੇ ਹੇਠਾਂ ਦੱਬੇ ਲੋਕ ਇਕ ਹਫ਼ਤਾ ਜਾਂ ਉਸ ਤੋਂ ਵੱਧ ਸਮੇਂ ਤੱਕ ਜਿਊਂਦੇ ਰਹਿ ਸਕਦੇ ਹਨ।
ਮਲਬੇ ਹੇਠਾਂ ਦੱਬੇ ਲੋਕਾਂ ਦਾ ਪਤਾ ਲਾਉਣ ਲਈ ਥਰਮਲ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ। ਭੂਚਾਲ ਤੋਂ ਬਾਅਦ ਠੰਢ ਨੇ ਵੀ ਆਪਣਾ ਕਹਿਰ ਢਾਹਿਆ ਹੋਇਆ ਹੈ। ਤੁਰਕ ਸਰਕਾਰ ਨੇ ਲੱਖਾਂ ਲੋਕਾਂ ਨੂੰ ਗਰਮ ਭੋਜਨ, ਟੈਂਟ ਅਤੇ ਕੰਬਲ ਵੰਡੇ ਹਨ ਪਰ ਫਿਰ ਵੀ ਹਜ਼ਾਰਾਂ ਲੋਕਾਂ ਤੱਕ ਅਜੇ ਵੀ ਪਹੁੰਚ ਨਹੀਂ ਬਣਾਈ ਜਾ ਸਕੀ ਹੈ।