ਭਾਰਤ ਦੀ ਪਹਿਲੇ ਟੈਸਟ ’ਚ ਵੱਡੀ ਜਿੱਤ

ਭਾਰਤ ਦੀ ਪਹਿਲੇ ਟੈਸਟ ’ਚ ਵੱਡੀ ਜਿੱਤ

ਆਸਟਰੇਲੀਆ ਨੂੰ ਪਾਰੀ ਤੇ 132 ਦੌੜਾਂ ਨਾਲ ਹਰਾਇਆ; ਜਡੇਜਾ ਬਣਿਆ ‘ਪਲੇਅਰ ਆਫ ਦਿ ਮੈਚ’
ਨਾਗਪੁਰ – ਭਾਰਤ ਨੇ ਅੱਜ ਇੱਥੇ ਆਸਟਰੇਲੀਆ ਨੂੰ 91 ਦੌੜਾਂ ’ਤੇ ਆਊਟ ਕਰ ਕੇ ਸਿਰਫ਼ ਤਿੰਨ ਦਿਨ ਦੇ ਅੰਦਰ ਪਹਿਲਾ ਕ੍ਰਿਕਟ ਟੈਸਟ ਮੈਚ ਇੱਕ ਪਾਰੀ ਤੇ 132 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਦੇ ਨਾਲ ਹੀ ਮੇਜ਼ਬਾਨ ਟੀਮ ਨੇ ਬਾਰਡਰ-ਗਾਵਸਕਰ ਟਰਾਫੀ ਵਿੱਚ 1-0 ਦੀ ਲੀਡ ਬਣਾ ਲਈ ਹੈ। ਇਸ ਤੋਂ ਪਹਿਲਾਂ ਸਵੇਰੇ ਅਕਸ਼ਰ ਪਟੇਲ (84 ਦੌੜਾਂ) ਅਤੇ ਮੁਹੰਮਦ ਸ਼ਮੀ (37 ਦੌੜਾਂ) ਦੀ ਬਦੌਲਤ ਭਾਰਤ ਨੇ ਪਹਿਲੀ ਪਾਰੀ ਵਿੱਚ 400 ਦੌੜਾਂ ਬਣਾ ਕੇ 223 ਦੌੜਾਂ ਦੀ ਲੀਡ ਹਾਸਲ ਕਰ ਲਈ ਸੀ। ਇਸ ਦੇ ਜਵਾਬ ਵਿੱਚ ਆਸਟਰੇਲਿਆਈ ਟੀਮ ਨੇ ਸਿਰਫ਼ ਇੱਕ ਹੀ ਸੈਸ਼ਨ ਵਿੱਚ ਦਸ ਵਿਕਟਾਂ ਗੁਆ ਲਈਆਂ ਅਤੇ 32.3 ਓਵਰਾਂ ਵਿੱਚ 91 ਦੌੜਾਂ ’ਤੇ ਪੈਵੇਲੀਅਨ ਪਰਤ ਗਈ। ਸਪਿੰਨਰ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ 12 ਓਵਰਾਂ ਵਿੱਚ 37 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲੇ ਰਵਿੰਦਰ ਜਡੇਜਾ ਅਤੇ ਸ਼ਮੀ ਨੂੰ ਦੋ ਦੋ ਵਿਕਟਾਂ ਮਿਲੀਆਂ। ਹਰਫਨਮੌਲਾ ਪ੍ਰਦਰਸ਼ਨ ਕਰਨ ਵਾਲੇ ‘ਜਡੇਜਾ ਨੂੰ ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਇਸ ਤੋਂ ਪਹਿਲਾਂ ਭਾਰਤ ਨੇ ਪਿਛਲੇ ਸਕੋਰ ਸੱਤ ਵਿਕਟਾਂ ’ਤੇ 321 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਜਡੇਜਾ ਕੱਲ੍ਹ ਦੇ ਹੀ ਸਕੋਰ 70 ਦੌੜਾਂ ’ਤੇ ਆਊਟ ਹੋ ਗਿਆ ਸੀ।