ਮਹਿਰੌਲੀ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ

ਮਹਿਰੌਲੀ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ

ਸਥਾਨਕ ਲੋਕਾਂ ਨੇ ਰੋਸ ਪ੍ਰਗਟਾਇਆ; ਪੁਲੀਸ ਦੇ ਸਖ਼ਤ ਪਹਿਰੇ ਹੇਠ ਹੋਈ ਕਾਰਵਾਈ
ਨਵੀਂ ਦਿੱਲੀ- ਦਿੱਲੀ ਨਗਰ ਨਿਗਮ ਵੱਲੋਂ ਸ਼ੁੱਕਰਵਾਰ ਨੂੰ ਮਹਿਰੌਲੀ ਖੇਤਰ ਵਿੱਚ ਵੱਡੇ ਪੱਧਰ ’ਤੇ ਨਾਜਾਇਜ਼ ਉਸਾਰੀਆਂ ਢਾਹੁਣ ਲਈ ਮੁਹਿੰਮ ਚਲਾਈ ਗਈ। ਇਸ ਦੌਰਾਨ ਵੱਡੀ ਗਿਣਤੀ ਵਸਨੀਕ ਇਕੱਠੇ ਹੋਏ। ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਨੇ ਸ਼ੁੱਕਰਵਾਰ ਨੂੰ ਮਹਿਰੌਲੀ ਖੇਤਰ ਵਿੱਚ ਪੁਲੀਸ ਸੁਰੱਖਿਆ ਦੇ ਵਿਚਕਾਰ ਘਰ ਢਾਹੁਣ ਲਈ ਮੁਹਿੰਮ ਸ਼ੁਰੂ ਕੀਤੀ।
ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਸਵੇਰੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੌਰਾਨ ਅੰਦੇਰੀਆ ਮੋਰ ਵਿੱਚ ਔਲੀਆ ਮਸਜਿਦ ਦੇ ਨੇੜੇ ਝੁੱਗੀਆਂ ਸਮੇਤ ਦੋ ਅਤੇ ਤਿੰਨ ਮੰਜ਼ਿਲਾ ਇਮਾਰਤਾਂ ਨੂੰ ਢਾਹ ਦਿੱਤਾ ਗਿਆ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਿਸ ਜ਼ਮੀਨ ’ਤੇ ਕਥਿਤ ਕਬਜ਼ਾ ਕੀਤਾ ਗਿਆ ਸੀ, ਉਹ ਡੀਡੀਏ, ਵਕਫ਼ ਬੋਰਡ ਤੇ ਏਐੱਸਆਈ ਸਮੇਤ ਕਈ ਏਜੰਸੀਆਂ ਦੀ ਹੈ। ਮਹਿਰੌਲੀ ਪੁਰਾਤੱਤਵ ਪਾਰਕ ਦਾ ਹਿੱਸਾ ਹੈ ਤੇ ‘ਮੌਜੂਦਾ ਅਣਅਧਿਕਾਰਕ ਕਬਜ਼ੇ’ ਪਾਰਕ ਦੇ ਵਿਕਾਸ ਵਿੱਚ ਰੁਕਾਵਟ ਬਣ ਰਿਹਾ ਹੈ। ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ 10 ਫਰਵਰੀ ਤੋਂ 9 ਮਾਰਚ ਤੱਕ ਢਾਹੁਣ ਦੀ ਮੁਹਿੰਮ ਬਾਰੇ ਜਾਣਕਾਰੀ ਦੇਣ ਵਾਲੇ ਲੋਕਾਂ ਨੂੰ ਨੋਟਿਸ ਦਿੱਤਾ ਸੀ। ਨੋਟਿਸ ਵਿੱਚ ਕਿਹਾ ਗਿਆ ਸੀ ਕਿ ਕਲੋਨੀ ਅਣਅਧਿਕਾਰਤ ਹੋਣ ਕਾਰਨ ਡੀਡੀਏ ਵੱਲੋਂ ਝੁੱਗੀਆਂ ਨੂੰ ਢਾਹੁਣ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ ਜਾਵੇਗੀ। ਅਧਿਕਾਰੀਆਂ ਅਨੁਸਾਰ ਹੋਰ ਏਜੰਸੀਆਂ ਦੇ ਨਾਲ ਤਾਲਮੇਲ ਵਿੱਚ ਆਵਾਜਾਈ ਅਤੇ ਪੈਦਲ ਚੱਲਣ ਵਾਲਿਆਂ ਦੀ ਆਵਾਜਾਈ ਨੂੰ ਸੌਖਾ ਬਣਾਉਣ ਲਈ ਫੁੱਟਪਾਥਾਂ ਤੋਂ ਅਸਥਾਈ/ਸਥਾਈ ਕਬਜ਼ੇ ਹਟਾਏ ਜਾਣਗੇ। ਡੀਡੀਏ ਨੇ ਇਸੇ ਤਰ੍ਹਾਂ ਦੇ ਨੋਟਿਸ ਮਾਦੀਪੁਰ, ਪੰਜਾਬੀ ਬਾਗ, ਤੁਗਲਕਾਬਾਦ ਦੀਆਂ ਝੁੱਗੀਆਂ ਵਿੱਚ ਵੀ ਲਗਾਏ ਹਨ। ਪੂਰੀ ਦਿੱਲੀ ਵਿੱਚ ਜਿੱਥੇ ਕਿਤੇ ਵੀ ਅਣਅਧਿਕਾਰਤ ਕਲੋਨੀਆਂ ਅਤੇ ਝੁੱਗੀਆਂ ਹਨ, ਇਹ ਲੋਕ ਉਨ੍ਹਾਂ ਨੂੰ ਢਾਹੁਣ ਦੀ ਕੋਸ਼ਿਸ਼ ਕਰ ਰਹੇ ਹਨ।
ਨਾਜਾਇਜ਼ ਉਸਾਰੀਆਂ ਢਾਹਣ ਖ਼ਿਲਾਫ਼ ਉੱਥੇ ਕਈ ਸਾਲਾਂ ਤੋਂ ਰਹਿੰਦੇ ਲੋਕਾਂ ਵੱਲੋਂ ਤੋੜ-ਫੋੜ ਕਰਨ ਆਏ ਅਧਿਕਾਰੀਆਂ ਦੀਆਂ ਮਿੰਨਤਾਂ ਕੀਤੀਆਂ ਗਈਆਂ, ਰੋ-ਰੋ ਕੇ ਉਨ੍ਹਾਂ ਦੇ ਮਕਾਨ ਨਾ ਤੋੜਨ ਦੀ ਬੇਨਤੀ ਵਾਰ-ਵਾਰ ਕੀਤੀ। ਸਥਾਨਕ ਲੋਕਾਂ ਵੱਲੋਂ ਇਸ ਮੁਹਿੰਮ ਦਾ ਵਿਰੋਧ ਵੀ ਕੀਤਾ ਗਿਆ। ‘ਆਪ’ ਦੇ ਵਿਧਾਇਕ ਸੋਮਨਾਥ ਭਾਰਤੀ ਤੇ ਨਰੇਸ਼ ਯਾਦਵ ਸਮੇਤ ਕੌਂਸਲਰ ਰੇਖਾ ਨੂੰ ਦਿੱਲੀ ਪੁਲੀਸ ਨੇ ਰੋਕ ਲਿਆ। ਦੋਨਾਂ ਵਿਧਾਇਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਲੋਕਾਂ ਵਿੱਚ ਰੋਸ ਸੀ ਤੇ ਏਜੰਸੀਆਂ ਦੀ ਮੁਹਿੰਮ ਤੋਂ ਦੁਖੀ ਸਨ। ਲੋਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੁਲੀਸ ਦੀ ਨਫ਼ਰੀ ਵਧਾ ਦਿੱਤੀ ਗਈ ਤੇ ਸਖ਼ਤ ਪਹਿਰੇ ਹੇਠ ਕਾਰਵਾਈ ਅੰਜ਼ਾਮ ਦਿੱਤੀ ਗਈ। ਇਸ ਖੇਤਰ ਦੀ ਆਵਾਜਾਈ ਵੀ ਹੋਰ ਪਾਸੇ ਮੋੜ ਦਿੱਤੀ ਗਈ। ਜਿਸ ਜ਼ਮੀਨ ਤੋਂ ਕਬਜ਼ੇ ਹਟਾਏ ਗਏ ਉਹ ਡੀਡੀਏ, ਵਕਫ਼ ਬੋਰਡ ਤੇ ਭਾਰਤੀ ਪੁਰਾਤਤਵ ਦੀ ਦੱਸੀ ਜਾ ਰਹੀ ਹੈ। ਦਿੱਲੀ ਆਪਦਾ ਪ੍ਰਬੰਧਨ ਤੇ ਬਾਗ਼ਬਾਨੀ ਮਹਿਕਮੇ ਵੱਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ।