ਵਿਸ਼ਵ ਦੀ ਖੁਸ਼ਹਾਲੀ ਭਾਰਤ ਦੀ ਸਲਾਮਤੀ ’ਤੇ ਨਿਰਭਰ: ਮੋਦੀ

ਵਿਸ਼ਵ ਦੀ ਖੁਸ਼ਹਾਲੀ ਭਾਰਤ ਦੀ ਸਲਾਮਤੀ ’ਤੇ ਨਿਰਭਰ: ਮੋਦੀ

ਤਿੰਨ ਦਿਨਾ ਉੱਤਰ ਪ੍ਰਦੇਸ਼ ਗਲੋਬਲ ਨਿਵੇਸ਼ ਸੰਮੇਲਨ ਦਾ ਉਦਘਾਟਨ ਕੀਤਾ; ਕਾਰੋਬਾਰੀ ਸਮੂਹਾਂ ਵੱਲੋਂ ਸੂਬੇ ਵਿੱਚ ਇਕ ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਵਾਅਦਾ
ਲਖਨਊ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦੇ ਨਾਲ ਹੀ ਦੁਨੀਆ ਦੀ ਖੁਸ਼ਹਾਲੀ ਜੁੜੀ ਹੋਈ ਹੈ। ਉਨ੍ਹਾਂ ਨਿਵੇਸ਼ਕਾਂ ਨੂੰ ਦੇਸ਼ ਤੇ ਉੱਤਰ ਪ੍ਰਦੇਸ਼ ’ਚ ਨਿਵੇਸ਼ ਕਰਨ ਦੀ ਅਪੀਲ ਕੀਤੀ ਜਿੱਥੇ ਕਿ ਇਕ ਵੱਡੀਆਂ ਇੱਛਾਵਾਂ ਵਾਲਾ ਸਮਾਜ ਤਾਂਘ ਨਾਲ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ। ਉਹ ਇੱਥੇ ਤਿੰਨ ਦਿਨਾਂ ਉੱਤਰ ਪ੍ਰਦੇਸ਼ ਗਲੋਬਲ ਨਿਵੇਸ਼ ਸੰਮੇਲਨ ਦਾ ਉਦਘਾਟਨ ਕਰਨ ਮੌਕੇ ਬੋਲ ਰਹੇ ਸਨ।

ਸੂਬਾ ਸਰਕਾਰ ਦਾ ਦਾਅਵਾ ਹੈ ਕਿ ਰਾਜ ਵਿੱਚ ਪਹਿਲਾਂ ਹੀ 33 ਲੱਖ ਕਰੋੜ ਦੇ ਨਿਵੇਸ਼ ਪ੍ਰਸਤਾਵ ਆ ਚੁੱਕੇ ਹਨ। ਇਸ ਸੰਮੇਲਨ ਵਿੱਚ ਭਾਰਤ ਦੇ ਮੋਹਰੀ ਸਮੂਹ ਰਿਲਾਇੰਸ, ਆਦਿੱਤਿਆ ਬਿਰਲਾ ਗਰੁੱਪ ਅਤੇ ਟਾਟਾ ਸੰਨਜ਼ ਨੇ ਸੂਬੇ ਵਿੱਚ ਆਪੋ-ਆਪਣੇ ਕਾਰੋਬਾਰ ਵਧਾਉਣ ਲਈ ਇਕ ਲੱਖ ਕਰੋੜ ਰਪੁਏ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ।

ਇਸ ਸੰਮੇਲਨ ਵਿੱਚ ਵਿਦੇਸ਼ੀ ਡੈਲੀਗੇਟਾਂ ਤੇ ਭਾਰਤ ਦੇ ਸਨਅਤੀ ਆਗੂਆਂ ਦਾ ਸਵਾਗਤ ਕਰਦਿਆਂ ਸ੍ਰੀ ਮੋਦੀ ਨੇ ਵਿਸ਼ਵ ਦੀ ਆਰਥਿਕ ਖੁਸ਼ਹਾਲੀ ਨੂੰ ਭਾਰਤ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਸੂਬੇ ਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੋਣ ਕਾਰਨ ਉੱਤਰ ਪ੍ਰਦੇਸ਼ ’ਚ ‘ਡਬਲ ਇੰਜਣ’ ਸਰਕਾਰ ਹੈ ਅਤੇ ਇਹ ਸੂਬਾ ਸੰਭਾਵਨਾਵਾਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਉਨ੍ਹਾਂ ਕਿਹਾ, ‘‘ਇਸ ਨਾਲੋਂ ਵਧੀਆ ਭਾਈਵਾਲੀ ਨਹੀਂ ਹੋ ਸਕਦੀ। ਇਹ ਸਮਾਂ ਵਿਅਰਥ ਨਾ ਗੁਆਈਏ। ਵਿਸ਼ਵ ਦੀ ਖੁਸ਼ਹਾਲੀ, ਭਾਰਤ ਦੀ ਖੁਸ਼ਹਾਲੀ ਨਾਲ ਸਬੰਧਤ ਹੈ। ਭਾਰਤ ਦੇ ਸੁਨਹਿਰੀ ਭਵਿੱਖ ’ਤੇ ਹੀ ਦੁਨੀਆ ਦਾ ਸੁਨਹਿਰੀ ਭਵਿੱਖ ਨਿਰਭਰ ਕਰਦਾ ਹੈ।’’

ਸ੍ਰੀ ਮੋਦੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਤੇ ਯੂਕਰੇਨ ’ਚ ਚੱਲ ਰਹੀ ਜੰਗ ਦਾ ਵਿਸ਼ਵ ਦੇ ਅਰਥਚਾਰੇ ’ਤੇ ਕਾਫੀ ਪ੍ਰਭਾਵ ਪਿਆ ਹੈ ਪਰ ਭਾਰਤ ਇਸ ਸੰਕਟ ’ਚੋਂ ਕਾਫੀ ਜਲਦੀ ਉੱਭਰ ਆਇਆ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤੀਆਂ ਦਾ ਖ਼ੁਦ ’ਤੇ ਭਰੋਸਾ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਨੌਜਵਾਨਾਂ ਦੀ ਸੋਚ ਅਤੇ ਸਮਾਜ ਦੀਆਂ ਇੱਛਾਵਾਂ ’ਚ ਵੱਡਾ ਬਦਲਾਅ ਆਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਸਮੁੱਚੇ ਭਾਰਤ ਵਾਂਗ, ਉੱਤਰ ਪ੍ਰਦੇਸ਼ ਵਿੱਚ ਵੀ ਇਕ ਬਹੁਤ ਵੱਡੀਆਂ ਇੱਛਾਵਾਂ ਵਾਲਾ ਸਮਾਜ ਤੁਹਾਡੀ ਉਡੀਕ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਕਦੇ ਉੱਤਰ ਪ੍ਰਦੇਸ਼ ਨੂੰ ‘ਬਿਮਾਰ’ ਰਾਜ ਵਜੋਂ ਜਾਣਿਆ ਜਾਂਦਾ ਸੀ ਪਰ ਹੁਣ ਇਸ ਤੋਂ ਆਸ ਕੀਤੀ ਜਾ ਸਕਦੀ ਹੈ ਕਿ ‘‘ਜੇਕਰ ਭਾਰਤ ਵਿਸ਼ਵ ਦੇ ਸੁਨਹਿਰੀ ਭਵਿੱਖ ਦਾ ਕੇਂਦਰ ਹੈ ਤਾਂ ਉੱਤਰ ਪ੍ਰਦੇਸ਼ ਭਾਰਤ ਦੇ ਵਿਕਾਸ ’ਚ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਨੇ ਪੰਜ-ਛੇ ਸਾਲਾਂ ਵਿੱਚ ਹੀ ਆਪਣੀ ਇਕ ਨਵੀਂ ਪਛਾਣ ਬਣਾ ਲਈ ਹੈ।

ਸੰਮੇਲਨ ’ਚ ਲਘੂ, ਛੋਟੇ ਤੇ ਦਰਮਿਆਨੇ ਉਦਯੋਗ ਤੇ ਸਹਿਕਾਰੀ ਅਦਾਰਿਆਂ ਨੂੰ ਬੜ੍ਹਾਵਾ ਦੇਣ ਸਬੰਧੀ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਨੂੰ ਪੰਜ ਖਰਬ ਡਾਲਰ ਦਾ ਅਰਥਚਾਰਾ ਬਣਾਉਣ ਲਈ ਉੱਤਰ ਪ੍ਰਦੇਸ਼ ਦਾ ਵਿਕਾਸ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲਘੂ, ਛੋਟੇ ਤੇ ਦਰਮਿਆਨੇ ਉਦਯੋਗ ਇਹ ਟੀਚਾ ਹਾਸਲ ਕਰਨ ’ਚ ਅਹਿਮ ਭੂਮਿਕਾ ਨਿਭਾਉਣਗੇ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸੰਮੇਲਨ ਤੋਂ ਪਹਿਲਾਂ ਹੀ 33 ਲੱਖ ਕਰੋੜ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਆ ਚੁੱਕੇ ਹਨ। ਰਨਰ-ਅੱਪ ਪ੍ਰੋਗਰਾਮਾਂ ਦੌਰਾਨ 18000 ਤੋਂ ਵੱਧ ਸਮਝੌਤਿਆਂ ’ਤੇ ਦਸਤਖਤ ਕੀਤੇ ਗੲੇ। ਉਨ੍ਹਾਂ ਅਗਲੇ ਕੁਝ ਸਾਲਾਂ ਵਿੱਚ 92 ਲੱਖ ਤੋਂ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਪ੍ਰਗਟਾਈ।

ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ, ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਵੀ ਸੰਬੋਧਨ ਕੀਤਾ।