ਕਿਸਾਨ ਮਿਲਣੀ ਪ੍ਰੋਗਰਾਮ – ਨਵੀਂ ਖੇਤੀ ਤਕਨਾਲੋਜੀ ਦੇ ਗੁਰ ਸਿੱਖਣਗੇ ਕਿਸਾਨ

ਕਿਸਾਨ ਮਿਲਣੀ ਪ੍ਰੋਗਰਾਮ – ਨਵੀਂ ਖੇਤੀ ਤਕਨਾਲੋਜੀ ਦੇ ਗੁਰ ਸਿੱਖਣਗੇ ਕਿਸਾਨ

ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨਾਲ ਕਰਨਗੇ ਸਿੱਧੀ ਗੱਲਬਾਤ
ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿੱਚ 12 ਫਰਵਰੀ ਨੂੰ ਕਰਵਾਈ ਜਾ ਰਹੀ ‘ਕਿਸਾਨ ਮਿਲਣੀ’ ਪ੍ਰੋਗਰਾਮ ’ਚ ਕਿਸਾਨਾਂ ਨੂੰ ਨਵੀਂ ਖੇਤੀ ਤਕਨਾਲੋਜੀ ਦੇ ਗੁਰ ਸਿੱਖਣ ਨੂੰ ਮਿਲਣਗੇ। ਸੂਬਾ ਸਰਕਾਰ ਨਵੀਂ ਖੇਤੀ ਨੀਤੀ ਤਿਆਰ ਕਰ ਰਹੀ ਹੈ, ਜਿਸ ਤੋਂ ਪਹਿਲਾਂ ਕਿਸਾਨਾਂ ਤੋਂ ਫ਼ਸਲੀ ਲੋੜਾਂ ਅਤੇ ਮੰਗਾਂ ਬਾਰੇ ਜਾਣਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਇਸ ਕਿਸਾਨ ਮਿਲਣੀ ਵਿੱਚ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਗੇ। ਹਰ ਜ਼ਿਲ੍ਹੇ ’ਚੋਂ ਕਰੀਬ ਦੋ ਸੌ ਕਿਸਾਨਾਂ ਦਾ ਜਥਾ ਇਸ ਕਿਸਾਨ ਮਿਲਣੀ ਵਿੱਚ ਸ਼ਮੂਲੀਅਤ ਕਰੇਗਾ। ਖੇਤੀ ਵਿਭਾਗ ਇਸ ਕਿਸਾਨ ਮਿਲਣੀ ਵਿੱਚ ਖੇਤੀ ਸੈਕਟਰ ਦੀਆਂ ਆਧੁਨਿਕ ਤਕਨੀਕਾਂ ਤੋਂ ਜਾਣੂ ਕਰਾਏਗਾ।

ਕਿਸਾਨਾਂ ਨੂੰ ਕੀਟਨਾਸ਼ਕਾਂ ਦੇ ਛਿੜਕਾਅ ਲਈ ਡਰੋਨਾਂ ਦੀ ਵਰਤੋਂ ਬਾਰੇ ਦੱਸਿਆ ਜਾਵੇਗਾ ਅਤੇ ਡੀਏਪੀ ਖਾਦ ਦੇ ਬਦਲ ਵਜੋਂ ਨੈਨੋ ਡੀਏਪੀ ਦੇ ਫ਼ਾਇਦਿਆਂ ਬਾਰੇ ਵੀ ਚਾਨਣਾ ਪਾਇਆ ਜਾਵੇਗਾ। ਇਹ ਕਿਸਾਨ ਮਿਲਣੀ ਪੰਜਾਬ ਖੇਤੀ ’ਵਰਸਿਟੀ ਦੇ ਕੈਂਪਸ ਵਿੱਚ ਹੋਵੇਗੀ। ਖੇਤੀ ’ਵਰਸਿਟੀ ਦੇ ਮੁਲਾਜ਼ਮ ਪਿਛਲੇ ਦਿਨਾਂ ਤੋਂ ਹੜਤਾਲ ’ਤੇ ਚੱਲੇ ਆ ਰਹੇ ਹਨ ਜਿਨ੍ਹਾਂ ਨਾਲ ਸਰਕਾਰ ਨੇ ਗੱਲਬਾਤ ਵੀ ਸ਼ੁਰੂ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਇਸ ਕਿਸਾਨ ਮਿਲਣੀ ਵਿੱਚ ਕਿਸਾਨਾਂ ਨੂੰ ਡਰੋਨਾਂ ਦੀ ਸਿਖਲਾਈ ਦੀ ਪੇਸ਼ਕਸ਼ ਵੀ ਕਰੇਗੀ ਅਤੇ ਇਹ ਸਿਖਲਾਈ ਕੇਂਦਰ ਪੰਜਾਬ ਖੇਤੀ ’ਵਰਸਿਟੀ ਵਿੱਚ ਸਥਾਪਿਤ ਕੀਤਾ ਗਿਆ ਹੈ। ਪੰਜਾਬ ਸਰਕਾਰ ਇਨ੍ਹਾਂ ਕਿਸਾਨਾਂ ਤੋਂ ਫ਼ਸਲੀ ਲੋੜਾਂ ਜਿਵੇਂ ਬੀਜਾਂ ਦੀ ਮੰਗ ਤੇ ਕਿਸਮਾਂ ਬਾਰੇ, ਨਹਿਰੀ ਅਤੇ ਬਿਜਲੀ ਦੀ ਮੰਗ ਅਤੇ ਮਾਰਕੀਟਿੰਗ ਆਦਿ ਬਾਰੇ ਫੀਡ ਬੈਕ ਵੀ ਲਏਗੀ। ਛੋਟੇ ਕਿਸਾਨੀ ਨੂੰ ਸਸਤੇ ਖੇਤੀ ਸੰਦਾਂ ਅਤੇ ਮਸ਼ੀਨਰੀ ਬਾਰੇ ਵੀ ਦੱਸਿਆ ਜਾਵੇਗਾ। ਕਿਸਾਨ ਮਿਲਣੀ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਫ਼ਸਲੀ ਵਿਭਿੰਨਤਾ ਬਾਰੇ ਵੀ ਕਿਸਾਨਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਈ ਸਰਕਾਰ ਪਹਿਲੀ ਦਫ਼ਾ ਕਿਸਾਨਾਂ ਨਾਲ ਆਹਮੋ-ਸਾਹਮਣੇ ਬੈਠ ਉਨ੍ਹਾਂ ਦੀਆਂ ਲੋੜਾਂ ਅਤੇ ਮੁਸ਼ਕਲਾਂ ਬਾਰੇ ਜਾਣੇਗੀ। ਸਰਕਾਰ ਨੇ ਐਲਾਨ ਕੀਤਾ ਹੈ ਕਿ 31 ਮਾਰਚ ਤੋਂ ਪਹਿਲਾਂ ਨਵੀਂ ਖੇਤੀ ਨੀਤੀ ਤਿਆਰ ਕਰ ਲਈ ਜਾਵੇਗੀ।