ਅਗਲੇ ਵਿੱਤੀ ਵਰ੍ਹੇ ’ਚ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਮਿਲਣ ਦੀ ਸੰਭਾਵਨਾ

ਅਗਲੇ ਵਿੱਤੀ ਵਰ੍ਹੇ ’ਚ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਮਿਲਣ ਦੀ ਸੰਭਾਵਨਾ

ਚੰਡੀਗੜ੍ਹ, 9 ਫਰਵਰੀ

‘ਆਪ’ ਸਰਕਾਰ ਅਗਲੇ ਵਿੱਤੀ ਵਰ੍ਹੇ ’ਚ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਵਿੱਤੀ ਸਹਾਇਤਾ ਦੇਣ ਦੀ ਗਾਰੰਟੀ ਨੂੰ ਅੰਜਾਮ ਦੇ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਵਿੱਤੀ ਬੋਝ ਬਾਰੇ ਵਿਉਂਤਬੰਦੀ ਕੀਤੀ ਜਾਣ ਲੱਗੀ ਹੈ। ਸੰਭਾਵੀ ਤੌਰ ’ਤੇ ਮਈ 2024 ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੂਬਾ ਸਰਕਾਰ ਆਪਣੇ ਇਸ ਵਾਅਦੇ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ। ਹਾਲਾਂਕਿ ਇਸ ਗਾਰੰਟੀ ਨੂੰ ਫ਼ੌਰੀ ਲਾਗੂ ਕਰਨਾ ਵਿੱਤੀ ਤੌਰ ’ਤੇ ਸਰਕਾਰ ਲਈ ਕਾਫ਼ੀ ਮੁਸ਼ਕਲ ਕੰਮ ਹੈ। ਇੱਕ ਸੀਨੀਅਰ ਮੰਤਰੀ ਨੇ ਇਸ ਬਾਰੇ ਕਿਹਾ ਕਿ ਬੇਸ਼ੱਕ ਇਹ ਗਾਰੰਟੀ ਬਜਟ ਤਜਵੀਜ਼ਾਂ ਦਾ ਹਿੱਸਾ ਤਾਂ ਨਹੀਂ ਹੋਵੇਗੀ, ਪਰ ਸਰਕਾਰ ਇਸ ਦਾ ਮਗਰੋਂ ਐਲਾਨ ਕਰੇਗੀ। ਵਿੱਤ ਵਿਭਾਗ ਦੇ ਸੂਤਰ ਆਖਦੇ ਹਨ ਕਿ ਇਸ ਵਾਸਤੇ ਸਾਲਾਨਾ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਦੀ ਲੋੜ ਹੈ। ਅਧਿਕਾਰੀ ਦੱਸਦੇ ਹਨ ਕਿ ਇਸ ਗਾਰੰਟੀ ਨੂੰ ਪੜਾਅਵਾਰ ਵੀ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ।