ਤੁਰਕੀ ਤੇ ਸੀਰੀਆ ’ਚ ਭੂਚਾਲ ਨਾਲ ਮੌਤਾਂ ਦੀ ਗਿਣਤੀ 6 ਹਜ਼ਾਰ ਤੋਂ ਟੱਪੀ

ਤੁਰਕੀ ਤੇ ਸੀਰੀਆ ’ਚ ਭੂਚਾਲ ਨਾਲ ਮੌਤਾਂ ਦੀ ਗਿਣਤੀ 6 ਹਜ਼ਾਰ ਤੋਂ ਟੱਪੀ

ਇਕੱਲੇ ਤੁਰਕੀ ਵਿਚ ਹੀ ਛੇ ਹਜ਼ਾਰ ਇਮਾਰਤਾਂ ਢਹਿ-ਢੇਰੀ; ਹੱਡ ਚੀਰਵੀਂ ਠੰਢ ’ਚ ਬਚਾਅ ਤੇ ਰਾਹਤ ਕਾਰਜ ਜਾਰੀ
ਅਦਾਨਾ – ਤੁਰਕੀ ਤੇ ਸੀਰੀਆ ਵਿਚ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 6000 ਤੋਂ ਟੱਪ ਗਈ ਹੈ। ਰਾਹਤ ਤੇ ਬਚਾਅ ਕਰਮੀ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਵਿਚ ਜੁਟੇ ਹੋਏ ਹਨ। ਜ਼ਿਕਰਯੋਗ ਹੈ ਕਿ 7.8 ਦੀ ਤੀਬਰਤਾ ਵਾਲੇ ਭੂਚਾਲ ਨਾਲ ਵੱਡੀ ਗਿਣਤੀ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ। ਪਿਛਲੇ ਕੁਝ ਘੰਟਿਆਂ ਦੌਰਾਨ ਭੂਚਾਲ ਦੇ ਕਈ ਝਟਕੇ ਲੱਗ ਚੁੱਕੇ ਹਨ। ਦੁਨੀਆ ਭਰ ਦੇ ਮੁਲਕਾਂ ਤੋਂ ਰਾਹਤ ਟੀਮਾਂ ਤੁਰਕੀ ਪਹੁੰਚ ਰਹੀਆਂ ਹਨ। ਤੁਰਕੀ ਦੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਦੱਸਿਆ ਕਿ 24000 ਤੋਂ ਵੱਧ ਕਰਮੀ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਭੂਚਾਲ ਨੇ ਬਹੁਤ ਵੱਡੇ ਖੇਤਰ ’ਤੇ ਮਾਰ ਕੀਤੀ ਹੈ ਤੇ ਇਕੱਲੇ ਤੁਰਕੀ ਵਿਚ ਹੀ ਛੇ ਹਜ਼ਾਰ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਇਸ ਦੌਰਾਨ ਮੌਸਮ ਦੀ ਮਾਰ ਵੀ ਪੈ ਰਹੀ ਹੈ ਤੇ ਤਾਪਮਾਨ ਸਿਫ਼ਰ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਹੁਣ ਤੱਕ ਭੂਚਾਲ ਦੇ ਛੋਟੇ-ਵੱਡੇ ਕਰੀਬ 200 ਝਟਕੇ ਲੱਗ ਚੁੱਕੇ ਹਨ। ਇਸ ਕਾਰਨ ਰਾਹਤ ਕਾਰਜਾਂ ਵਿਚ ਵੀ ਮੁਸ਼ਕਲ ਆ ਰਹੀ ਹੈ। ਇਕੱਲੇ ਹਾਟੇ ਸੂਬੇ ਵਿਚ ਹੀ 1500 ਇਮਾਰਤਾਂ ਡਿੱਗ ਗਈਆਂ ਹਨ। ਭੂਚਾਲ ਦੇ ਝਟਕੇ ਕਾਹਿਰਾ ਤੋਂ ਲੈ ਕੇ ਦਮੱਸ਼ਕ ਤੇ ਬੈਰੂਤ ਤੱਕ ਮਹਿਸੂਸ ਕੀਤੇ ਗਏ ਹਨ। ਸੀਰੀਆ ਵਿਚ ਵੱਡੀ ਗਿਣਤੀ ਫੱਟੜ ਲੋਕ ਹਸਪਤਾਲਾਂ ਵਿਚ ਆ ਰਹੇ ਹਨ ਤੇ ਸਿਹਤ ਢਾਂਚੇ ਉਤੇ ਕਾਫ਼ੀ ਬੋਝ ਪੈ ਗਿਆ ਹੈ। ਤੁਰਕੀ ਵਿਚ ਲੋਕਾਂ ਨੇ ਖੇਡ ਹਾਲਾਂ ਤੇ ਹੋਰ ਥਾਵਾਂ ’ਤੇ ਸ਼ਰਨ ਲਈ ਹੈ। ਕਈ ਲੋਕ ਹੱਡ ਚੀਰਵੀਂ ਠੰਢ ਵਿਚ ਅੱਗ ਬਾਲ ਕੇ ਤੇ ਕੰਬਲ ਲਪੇਟ ਕੇ ਸਮਾਂ ਗੁਜ਼ਾਰ ਰਹੇ ਹਨ। ਤੁਰਕੀ ਦੀ ਸੀਰੀਆ ਨਾਲ ਲੱਗਦੀ ਸਰਹੱਦ ’ਤੇ ਤਾਇਨਾਤ ਫ਼ੌਜ ਨੂੰ ਵੀ ਬਚਾਅ ਕਾਰਜਾਂ ਵਿਚ ਲਾਇਆ ਗਿਆ ਹੈ। ਤੁਰਕੀ ਦੇ ਉਪ ਰਾਸ਼ਟਰਪਤੀ ਫੁਆਤ ਓਕਤੇ ਨੇ ਕਿਹਾ ਕਿ 20 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹਨ। ਸਰਕਾਰੀ ਕੰਟਰੋਲ ਵਾਲੇ ਸੀਰੀਆ ਦੇ ਖੇਤਰਾਂ ਵਿਚ 812 ਮੌਤਾਂ ਹੋਈਆਂ ਹਨ। ਬਾਗ਼ੀਆਂ ਦੇ ਕਬਜ਼ੇ ਵਾਲੇ ਉੱਤਰ-ਪੱਛਮ ਖੇਤਰ ਵਿਚ 790 ਲੋਕ ਮਾਰੇ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤਈਅਪ ਅਰਦੋਗਾਂ ਨੂੰ ਫੋਨ ਕਰ ਕੇ ਸੰਵੇਦਨਾ ਜ਼ਾਹਿਰ ਕੀਤੀ ਹੈ। ਇਸੇ ਦੌਰਾਨ ਵੱਖ-ਵੱਖ ਮੁਲਕਾਂ ਵੱਲੋਂ ਲਗਾਤਾਰ ਤੁਰਕੀ ਨੂੰ ਮਦਦ ਭੇਜੀ ਜਾ ਰਹੀ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੇ ਕਿਹਾ ਕਿ ਉਹ ਰਾਹਤ ਤੇ ਬਚਾਅ ਟੀਮ ਭੇਜ ਰਹੇ ਹਨ। ਪਾਕਿਸਤਾਨ ਸਰਕਾਰ ਨੇ ਵੀ ਰਾਹਤ ਸਮੱਗਰੀ ਤੇ 50 ਮੈਂਬਰਾਂ ਦੀ ਇਕ ਟੀਮ ਤੁਰਕੀ ਭੇਜੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੀ ਭਲਕੇ ਅੰਕਾਰਾ ਜਾਣਗੇ ਤੇ ਤੁਰਕੀ ਦੀ ਲੀਡਰਸ਼ਿਪ ਨੂੰ ਮਿਲ ਕੇ ਅਫ਼ਸੋਸ ਜ਼ਾਹਿਰ ਕਰਨਗੇ।