ਭਗਵੰਤ ਮਾਨ ਸਿਰਫ ਕਾਗਜ਼ੀ ਮੁੱਖ ਮੰਤਰੀ: ਸੁਖਬੀਰ

ਭਗਵੰਤ ਮਾਨ ਸਿਰਫ ਕਾਗਜ਼ੀ ਮੁੱਖ ਮੰਤਰੀ: ਸੁਖਬੀਰ

ਕੇਂਦਰ ’ਤੇ ਸਿੱਖਾਂ ਨੂੰ ਜ਼ਲੀਲ ਕਰਨ ਦੇ ਦੋਸ਼ ਲਾਏ; ਅਕਾਲੀ ਦਲ ਨੂੰ ਦੱਸਿਆ ਪੰਜਾਬ ਤੇ ਪੰਜਾਬੀਅਤ ਦਾ ਪਹਿਰੇਦਾਰ
ਭੋਗਪੁਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬੁੱਟਰਾਂ ਵਿੱਚ ਇਕ ਸਮਾਗਮ ਦੌਰਾਨ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਕਾਗਜ਼ੀ ਮੁੱਖ ਮੰਤਰੀ ਹਨ ਤੇ ਸਰਕਾਰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਸਿੱਧੇ ਤੌਰ ’ਤੇ ਰਾਘਵ ਚੱਢਾ ਚਲਾ ਰਿਹਾ ਹੈ ਤੇ ਉਹ ਹੀ ਮੁੱਖ ਮੰਤਰੀ ਵਜੋਂ ਵਿਚਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਪਹਿਰੇਦਾਰ ਹੈ ਜਦਕਿ ਬਾਕੀ ਸਾਰੀਆਂ ਕੌਮੀ ਸਿਆਸੀ ਪਾਰਟੀਆਂ ਦੀ ਤਾਰ ਦਿੱਲੀ ਤੋਂ ਹਿੱਲਦੀ ਹੈ ਜਿਸ ਕਰ ਕੇ ਇਨ੍ਹਾਂ ਸਾਰੀਆਂ ਕੌਮੀ ਪਾਰਟੀਆਂ ਦੇ ਆਗੂਆਂ ਨੇ ਪੰਜਾਬੀਆਂ ਨੂੰ ਕੁੱਟਿਆ ਤੇ ਲੁੱਟਿਆ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਪੰਜਾਬ ਦਾ ਉਦਯੋਗੀਕਰਨ ਹੋਇਆ, ਸੜਕਾਂ ਦਾ ਜਾਲ ਵਿਛਿਆ, ਲੋਕ ਭਲਾਈ ਸਕੀਮਾਂ ਸ਼ੁਰੂ ਹੋਈਆਂ, ਬਿਜਲੀ ਪ੍ਰਾਜੈਕਟ ਲੱਗੇ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੋਈ। ਉਨ੍ਹਾਂ ਕਿਹਾ ਕੁਝ ਅਖੌਤੀ ਲੋਕ ਸਿੱਖੀ ਪਹਿਰਾਵੇ ਵਿੱਚ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਇਸ਼ਾਰੇ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੇ ਹਨ। ਭਾਜਪਾ ਦੀ ਕੇਂਦਰ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੋੜ ਕੇ, ਰਾਮ ਰਹੀਮ ਨੂੰ ਛੱਡ ਕੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਰੋਕ ਕੇ ਸਿੱਖਾਂ ਨੂੰ ਜ਼ਲੀਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਮਹੀਨਿਆਂ ਵਿਚ ਹੀ ‘ਆਪ’ ਸਰਕਾਰ ਨੇ ਪੰਜਾਬ ਦਾ ਦੀਵਾਲਾ ਕੱਢ ਦਿੱਤਾ ਹੈ ਅਤੇ ਇਹ ਸਰਕਾਰ ਹਰ ਫਰੰਟ ’ਤੇ ਫੇਲ੍ਹ ਦਿਖਾਈ ਦੇ ਰਹੀ ਹੈ। ਇਸ ਮੌਕੇ ਜਥੇਦਾਰ ਹਰਭਜਨ ਸਿੰਘ ਬੁੱਟਰ ਨੇ ਮਹਿਮਾਨਾਂ ਅਤੇ ਅਕਾਲੀ ਆਗੂਆਂ ਦਾ ਧੰਨਵਾਦ ਕੀਤਾ। ਅਕਾਲੀ ਆਗੂਆਂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਿਰੀ ਸਾਹਿਬ, ਲੋਈ ਅਤੇ ਸਿਰਪਾਓ ਨਾਲ ਸਨਮਾਨ ਕੀਤਾ।