ਮੋਦੀ ਰਾਜ ’ਚ ਅਡਾਨੀ ਦੀ ਕਿਸਮਤ ਬਦਲੀ: ਰਾਹੁਲ

ਮੋਦੀ ਰਾਜ ’ਚ ਅਡਾਨੀ ਦੀ ਕਿਸਮਤ ਬਦਲੀ: ਰਾਹੁਲ

ਰਾਸ਼ਟਰਪਤੀ ਦੇ ਭਾਸ਼ਨ ’ਤੇ ਲਿਆਂਦੇ ਧੰਨਵਾਦ ਮਤੇ ਉਪਰ ਸੰਸਦ ’ਚ ਚਰਚਾ ਸ਼ੁਰੂ
ਨਵੀਂ ਦਿੱਲੀ-ਲੋਕ ਸਭਾ ’ਚ ਅਡਾਨੀ-ਹਿੰਡਨਬਰਗ ਮੁੱਦੇ ’ਤੇ ਵਿਰੋਧੀ ਧਿਰ ਦੇ ਹਮਲਿਆਂ ਦੀ ਅਗਵਾਈ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਗੌਤਮ ਅਡਾਨੀ ਦੀ ਚੜ੍ਹਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ’ਚ ਆਉਣ ਨਾਲ ਜੋੜਿਆ ਅਤੇ ਕਿਹਾ ਕਿ ਅਸਲੀ ‘ਜਾਦੂ’ 2014 ਤੋਂ ਬਾਅਦ ਹੋਇਆ ਅਤੇ ਅੱਠ ਸਾਲਾਂ ’ਚ ਹੀ ਕਾਰੋਬਾਰੀ 609ਵੇਂ ਸਥਾਨ ਤੋਂ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ। ਕਾਂਗਰਸ ਆਗੂ ਦੇ ਬਿਆਨ ਦਾ ਕਾਨੂੰਨ ਮੰਤਰੀ ਕਿਰਨ ਰਿਜਿਜੂ ਅਤੇ ਭਾਜਪਾ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸਾਦ ਨੇ ਵਿਰੋਧ ਕਰਦਿਆਂ ਕਿਹਾ ਕਿ ਉਹ ਐਵੇਂ ਹੀ ਦੋਸ਼ ਨਾ ਲਾਉਣ ਅਤੇ ਇਸ ਦੇ ਸਬੂਤ ਦੇਣ। ਸਪੀਕਰ ਓਮ ਬਿਰਲਾ ਨੇ ਕਾਂਗਰਸ ਆਗੂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੋ ਤਸਵੀਰਾਂ ਦਿਖਾਉਣ ਤੋਂ ਵਰਜ ਦਿੱਤਾ। ਇਨ੍ਹਾਂ ’ਚੋਂ ਇਕ ਤਸਵੀਰ ’ਚ ਪ੍ਰਧਾਨ ਮੰਤਰੀ ਜਹਾਜ਼ ਅੰਦਰ ਅਡਾਨੀ ਨਾਲ ਦਿਖਾਈ ਦੇ ਰਹੇ ਹਨ ਜਦਕਿ ਦੂਜੀ ’ਚ ਉਹ ਇਕ ਜਹਾਜ਼ ’ਚੋਂ ਉਤਰਦੇ ਦਿਖਾਈ ਦੇ ਰਹੇ ਹਨ ਜਿਸ ’ਤੇ ਅਡਾਨੀ ਦਾ ਲੋਗੋ ਲੱਗਿਆ ਹੋਇਆ ਹੈ। ਲੋਕ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਲਿਆਂਦੇ ਗਏ ਧੰਨਵਾਦ ਮਤੇ ’ਤੇ ਚਰਚਾ ’ਚ ਹਿੱਸਾ ਲੈਂਦਿਆਂ ਰਾਹੁਲ ਨੇ ਮੌਜੂਦਾ ਸਰਕਾਰ ਦੌਰਾਨ ਨਿਯਮ ਬਦਲ ਕੇ ਹਵਾਈ ਅੱਡਿਆਂ ਦੇ ਠੇਕੇ ਅਡਾਨੀ ਗਰੁੱਪ ਨੂੰ ਦਿੱਤੇ ਜਾਣ ਸਮੇਤ ਕਈ ਦੋਸ਼ ਲਾੲੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ,‘‘ਅਡਾਨੀ ਜੀ ਤੁਹਾਡੇ ਨਾਲ ਕਿੰਨੀ ਵਾਰ ਵਿਦੇਸ਼ ਗਏ? ਤੁਹਾਡੇ ਵਿਦੇਸ਼ ਜਾਣ ਬਾਅਦ ਅਡਾਨੀ ਜੀ ਕਿੰਨੀ ਵਾਰ ਉਸ ਦੇਸ਼ ਗਏ? ਕਿੰਨੀ ਵਾਰ ਇੰਜ ਹੋਇਆ ਕਿ ਕਿਸੇ ਮੁਲਕ ’ਚ ਤੁਹਾਡੇ ਦੌਰੇ ਸਮੇਂ ਅਡਾਨੀ ਨੂੰ ਠੇਕਾ ਮਿਲਿਆ? ਅਡਾਨੀ ਜੀ ਨੇ ਪਿਛਲੇ 20 ਸਾਲਾਂ ’ਚ ਭਾਜਪਾ ਨੂੰ ਕਿੰਨਾ ਪੈਸਾ ਦਿੱਤਾ? ਚੁਣਾਵੀ ਬਾਂਡ ’ਚ ਕਿੰਨਾ ਪੈਸਾ ਦਿੱਤਾ?’’ ਰਾਹੁਲ ਗਾਂਧੀ ਨੇ ਸ੍ਰੀ ਮੋਦੀ ਵੱਲੋਂ ਰਾਫ਼ਾਲ ਸੌਦੇ ਦੀ ਆਲੋਚਨਾ ਲਈ ਵਿਰੋਧੀ ਧਿਰ ਨੂੰ ਘੇਰਨ ’ਤੇ ਵਰ੍ਹਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ’ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ’ਤੇ ਗਲਤ ਦੋਸ਼ ਲਾਏ ਜਾ ਰਹੇ ਹਨ ਪਰ ਹਕੀਕਤ ਕੁਝ ਹੋਰ ਹੈ ਕਿਉਂਕਿ ਐੱਚਏਐੱਲ ਦਾ 126 ਜੈੱਟਾਂ ਦਾ ਠੇਕਾ ਅਨਿਲ ਅੰਬਾਨੀ ਦੇ ਖ਼ਾਤੇ ’ਚ ਚਲਾ ਗਿਆ ਜਦਕਿ ਉਹ ਦੀਵਾਲੀਆ ਹੋ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਵੀ ਲੋਕਾਂ ਦੀ ਜ਼ੁਬਾਨ ਤੋਂ ਸਿਰਫ਼ ਇਕ ਨਾਮ ਅਡਾਨੀ ਹੀ ਸੁਣਾਈ ਦੇ ਰਿਹਾ ਸੀ। ਲੋਕ ਇਹ ਜਾਣਨਾ ਚਾਹੁੰਦੇ ਸਨ ਕਿ ਅਡਾਨੀ ਦੀ ਕੁੱਲ ਸੰਪਤੀ 2014 ਤੋਂ 2022 ਦੌਰਾਨ 8 ਅਰਬ ਡਾਲਰ ਤੋਂ ਵਧ ਕੇ 140 ਅਰਬ ਡਾਲਰ ਕਿਵੇਂ ਹੋ ਗਈ। ਉਨ੍ਹਾਂ ਹਿੰਡਨਬਰਗ ਦੀ ਰਿਪੋਰਟ ਦਾ ਮੁੱਦਾ ਵੀ ਉਠਾਇਆ ਅਤੇ ਦੋਸ਼ ਲਾਇਆ ਕਿ ਅਡਾਨੀ ਦੀਆਂ ਵਿਦੇਸ਼ ’ਚ ਫਰਜ਼ੀ ਕੰਪਨੀਆਂ ਹਨ। ਹਾਕਮ ਧਿਰ ਨੇ ਵਾਰ ਵਾਰ ਰਾਹੁਲ ਗਾਂਧੀ ਨੂੰ ਆਪਣੇ ਦਾਅਵੇ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਖ਼ਿਲਾਫ਼ ਦਸਤਾਵੇਜ਼ੀ ਸਬੂਤਾਂ ਤੋਂ ਬਿਨਾਂ ਦੋਸ਼ ਨਹੀਂ ਲਾਏ ਜਾ ਸਕਦੇ ਹਨ। ਸਪੀਕਰ ਬਿਰਲਾ ਨੇ ਵੀ ਰਾਹੁਲ ਨੂੰ ਰਾਸ਼ਟਰਪਤੀ ਦੇ ਭਾਸ਼ਨ ’ਤੇ ਧਿਆਨ ਕੇਂਦਰਤ ਕਰਨ ਲਈ ਕਿਹਾ। ਰਾਹੁਲ ਨੇ ਕਿਹਾ ਕਿ ਕਾਰੋਬਾਰ ਅਤੇ ਸਿਆਸਤ ਦੇ ਸਬੰਧਾਂ ਬਾਰੇ ਹਾਰਵਰਡ ਵਰਗੇ ਬਿਜ਼ਨਸ ਸਕੂਲਾਂ ’ਚ ਸਟੱਡੀ ਕੇਸ ਬਣ ਸਕਦਾ ਹੈ ਅਤੇ ਪ੍ਰਧਾਨ ਮੰਤਰੀ ਨੂੰ ਇਸ ’ਚ ਸੋਨੇ ਦਾ ਤਗਮਾ ਮਿਲਣਾ ਚਾਹੀਦਾ ਹੈ। ਕਾਂਗਰਸ ਆਗੂ ਨੇ ਅਗਨੀਵੀਰ ਯੋਜਨਾ ’ਤੇ ਵੀ ਸਵਾਲ ਉਠਾਏ ਅਤੇ ਦਾਅਵਾ ਕੀਤਾ ਕਿ ਇਸ ਨਾਲ ਫ਼ੌਜ ਕਮਜ਼ੋਰ ਹੋਵੇਗੀ। ਚਰਚਾ ’ਚ ਹਿੱਸਾ ਲੈਂਦਿਆਂ ਬੀਜੇਡੀ ਦੇ ਪਿਨਾਕੀ ਮਿਸ਼ਰਾ ਨੇ ਕਿਹਾ ਕਿ ਇਹ ਕੋਈ ਭਰੋਸੇਯੋਗ ਦਸਤਾਵੇਜ਼ ਨਹੀਂ ਹੈ ਅਤੇ ਕਈ ਸੱਚ ਛੁਪਾਏ ਗਏ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਨ ’ਚ ਮਹਿਲਾ ਸ਼ਕਤੀਕਰਨ ਬਾਰੇ ਗੱਲ ਕੀਤੀ ਗਈ ਹੈ ਪਰ ਉਸ ’ਚ ਮਹਿਲਾ ਰਾਖਵਾਂਕਰਨ ਬਿੱਲ ਦਾ ਕੋਈ ਜ਼ਿਕਰ ਨਹੀਂ ਹੈ। ਜਨਤਾ ਦਲ (ਯੂ) ਮੈਂਬਰ ਕੌਸ਼ਲੇਂਦਰ ਕੁਮਾਰ ਨੇ ਕਿਹਾ ਕਿ ਸਰਕਾਰ ਅੰਮ੍ਰਿਤ ਕਾਲ ਦੀ ਗੱਲ ਕਰਦੀ ਹੈ ਪਰ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਅਤੇ ਕਾਲਾ ਧਨ ਵਾਪਸ ਲਿਆਉਣ ’ਚ ਨਾਕਾਮ ਰਹੀ। ਉਨ੍ਹਾਂ ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ ਵੀ ਕੀਤੀ। ਬਸਪਾ ਦੇ ਦਾਨਿਸ਼ ਅਲੀ ਨੇ ਕਿਹਾ ਕਿ ਸਰਕਾਰ ਨੇ ਸਿਰਫ਼ ਅਡਾਨੀ ਵਰਗੇ ਕਾਰਪੋਰੇਟਾਂ ਦੇ ਫਾਇਦੇ ਲਈ ਕੰਮ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨਿਆਂਪਾਲਿਕਾ ਨੂੰ ਧਮਕੀਆਂ ਦੇ ਰਹੀ ਹੈ। ਸ਼ਿਵ ਸੈਨਾ ਦੇ ਪੀ ਜਾਧਵ ਨੇ ਕਿਹਾ ਕਿ ਸਰਕਾਰ ਨੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਕਈ ਕਦਮ ਉਠਾਏ ਹਨ। ਸੰਸਦ ਦੇ ਬਾਹਰ ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ’ਤੇ ਵਰ੍ਹਦਿਆਂ ਕਿਹਾ ਕਿ ਉਸ ਵੱਲੋਂ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਆਧਾਰਹੀਣ, ਸ਼ਰਮਨਾਕ ਅਤੇ ਬੇਤੁਕੇ ਦੋਸ਼ ਮੜ੍ਹੇ ਜਾ ਰਹੇ ਹਨ ਜਦਕਿ ਕਾਂਗਰਸ ਅਤੇ ਉਸ ਦੇ ਆਗੂ ਵੱਡੇ ਘੁਟਾਲਿਆਂ ’ਚ ਸ਼ਾਮਲ ਰਹੇ ਹਨ ਜਿਸ ਨਾਲ ਦੇਸ਼ ਦਾ ਅਕਸ ਵਿਗੜਿਆ। ਉਧਰ ਰਾਜ ਸਭਾ ’ਚ ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਸਾਂਝੀ ਸੰਸਦੀ ਕਮੇਟੀ ਬਣਾ ਕੇ ਹਿੰਡਨਬਰਗ ਰਿਪੋਰਟ ਦੀ ਜਾਂਚ ਕਰਾਉਣ ਦੀ ਮੰਗ ਕੀਤੀ। ਦਿਗਵਿਜੈ ਨੇ ਕਿਹਾ ਕਿ ‘ਅੰਮ੍ਰਿਤ ਕਾਲ’ ਦਾ ਲਾਹਾ ਸਿਰਫ਼ ਚੋਣਵੇਂ ਵਿਅਕਤੀਆਂ ਨੂੰ ਹੋਇਆ ਅਤੇ 21 ਵਿਅਕਤੀਆਂ ਕੋਲ 70 ਕਰੋੜ ਲੋਕਾਂ ਜਿੰਨੀ ਸੰਪਤੀ ਹਨ। ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ ਕਿ ਉਹ ਆਪਣਾ ਪੱਖ ਸਾਬਿਤ ਕਰਨ ਲਈ ਦਸਤਾਵੇਜ਼ ਰੱਖਣ। ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਪਿਛਲੇ ਹਫ਼ਤੇ ਸੰਸਦ ਦੇ ਸਾਂਝੇ ਇਜਲਾਸ ਦੌਰਾਨ ਰਾਸ਼ਟਰਪਤੀ ਦੇ ਭਾਸ਼ਨ ਸਮੇਂ ਦੋ ਸਿਆਸੀ ਪਾਰਟੀਆਂ ਦੀ ਗ਼ੈਰਹਾਜ਼ਰੀ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ।