ਤੁਰਕੀ ਤੇ ਸੀਰੀਆ ਵਿੱਚ ਭੂਚਾਲ; 2600 ਤੋਂ ਵੱਧ ਮੌਤਾਂ

ਤੁਰਕੀ ਤੇ ਸੀਰੀਆ ਵਿੱਚ ਭੂਚਾਲ; 2600 ਤੋਂ ਵੱਧ ਮੌਤਾਂ

ਸੈਂਕੜੇ ਵਿਅਕਤੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ

ਐਜ਼ਮਾਰਿਨ -ਤੁਰਕੀ ਤੇ ਸੀਰੀਆ ਵਿਚ ਆਏ ਜ਼ੋਰਦਾਰ ਭੂਚਾਲ ਕਾਰਨ 2500 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅੱਜ ਸੁਵੱਖਤੇ ਆਏ ਭੂਚਾਲ ਦੀ ਰਿਕਟਰ ਪੈਮਾਨੇ ’ਤੇ ਤੀਬਰਤਾ 7.8 ਮਾਪੀ ਗਈ ਹੈ। ਭੂਚਾਲ ਕਾਰਨ ਸੈਂਕੜੇ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਸੈਂਕੜੇ ਲੋਕ ਹਾਲੇ ਵੀ ਮਲਬੇ ਹੇਠ ਦੱਬੇ ਹੋਏ ਹਨ, ਤੇ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਰਾਹਤ ਤੇ ਬਚਾਅ ਕਰਮੀਆਂ ਵੱਲੋਂ ਕਈ ਸ਼ਹਿਰਾਂ ਵਿਚ ਮਲਬੇ ਦੇ ਢੇਰਾਂ ਥੱਲੇ ਦੱਬੇ ਲੋਕਾਂ ਨੂੰ ਲੱਭਿਆ ਜਾ ਰਿਹਾ ਹੈ। ਭੂਚਾਲ ਤੁਰਕੀ ਦੇ ਦੱਖਣ-ਪੂਰਬ ਤੇ ਸੀਰੀਆ ਤੇ ਉੱਤਰੀ ਇਲਾਕੇ ਵਿਚ ਆਇਆ ਹੈ। ਸਰਹੱਦ ਦੇ ਦੋਵੇਂ ਪਾਸੇ ਲੋਕਾਂ ਨੇ ਅੱਜ ਸਵੇਰੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਤੇ ਉਹ ਘਰਾਂ ਤੋਂ ਬਾਹਰ ਆ ਗਏ। ਇਮਾਰਤਾਂ ਮਲਬੇ ਵਿਚ ਤਬਦੀਲ ਹੋ ਗਈਆਂ ਤੇ ਝਟਕੇ ਕਈ ਘੰਟਿਆਂ ਤੱਕ ਜਾਰੀ ਰਹੇ। ਤੁਰਕੀ ਦੇ ਉਪ ਰਾਸ਼ਟਰਪਤੀ ਫੌਤ ਓਕਤੇ ਅਨੁਸਾਰ 1651 ਤੇ ਦਮਸਕ ਸਰਕਾਰ ਵੱਲੋਂ 968 ਿਵਅਕਤੀਆਂ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਭੂਚਾਲ ਦੇ ਝਟਕਿਆਂ ਦੌਰਾਨ ਕਈ ਹਸਪਤਾਲਾਂ ਵਿਚੋਂ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ। ਤੁਰਕੀ ਦੇ ਸ਼ਹਿਰ ਅਦਾਨਾ ਤੇ ਦਿਆਰਬਾਕਿਰ ਵਿਚ ਕਾਫ਼ੀ ਨੁਕਸਾਨ ਹੋਇਆ ਹੈ। ਕਾਹਿਰਾ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸੀਰੀਆ ਵਿਚ ਭੂਚਾਲ ਨੇ ਉਸ ਇਲਾਕੇ ਨੂੰ ਨਿਸ਼ਾਨਾ ਬਣਾਇਆ ਹੈ ਜੋ ਖਾਨਾਜੰਗੀ ਦਾ ਸ਼ਿਕਾਰ ਹੋਇਆ ਹੈ। ਇਹ ਉਹ ਥਾਵਾਂ ਹਨ ਜੋ ਰੂਸ ਦੀ ਹਮਾਇਤ ਪ੍ਰਾਪਤ ਸਰਕਾਰੀ ਤਾਕਤਾਂ ਤੇ ਵਿਰੋਧੀਆਂ ਵਿਚਾਲੇ ਵੰਡੀਆਂ ਹੋਈਆਂ ਹਨ। ਸਰਹੱਦ ਦੇ ਦੂਜੇ ਪਾਸੇ ਤੁਰਕੀ ਵਿਚ ਇਨ੍ਹਾਂ ਥਾਵਾਂ ਤੋਂ ਭੱਜੇ ਸ਼ਰਨਾਰਥੀ ਰਹਿ ਰਹੇ ਹਨ ਜੋ ਭੂਚਾਲ ਦੀ ਮਾਰ ਹੇਠ ਆਏ ਹਨ। ਸੀਰੀਆ ਵਿਚ ਸਿਹਤ ਸਹੂਲਤਾਂ ਮਾੜੀਆਂ ਤੇ ਨਾਕਾਫ਼ੀ ਹੋਣ ਕਾਰਨ ਕਾਫ਼ੀ ਮੁਸ਼ਕਲ ਆ ਰਹੀ ਹੈ। ਤੁਰਕੀ ਭੂਚਾਲਾਂ ਦੇ ਪੱਖ ਤੋਂ ਸੰਵੇਦਨਸ਼ੀਲ ਇਲਾਕਾ ਹੈ ਤੇ ਇੱਥੇ ਆਮ ਤੌਰ ’ਤੇ ਝਟਕੇ ਲੱਗਦੇ ਰਹਿੰਦੇ ਹਨ। ਸੰਨ 1999 ਵਿਚ ਆਏ ਭੂਚਾਲ ’ਚ 18 ਹਜ਼ਾਰ ਲੋਕ ਮਾਰੇ ਗਏ ਸਨ। ਅੱਜ ਆਏ ਭੂਚਾਲ ਨਾਲ ਸੀਰੀਆ ਦੇ ਸ਼ਹਿਰ ਅਲੇਪੋ ਤੋਂ ਲੈ ਕੇ ਤੁਰਕੀ ਦੇ ਦਿਆਰਬਾਕਿਰ ਤੱਕ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਸੀਰੀਆ ਵਿਚ ਬਾਗ਼ੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਕਰੀਬ 400 ਲੋਕ ਮਾਰੇ ਗਏ ਹਨ।