ਸੋਰੇਨ ਸਰਕਾਰ ਸਮੇਂ ਆਦਿਵਾਸੀਆਂ ਦੀ ਆਬਾਦੀ ਘਟੀ: ਸ਼ਾਹ

ਸੋਰੇਨ ਸਰਕਾਰ ਸਮੇਂ ਆਦਿਵਾਸੀਆਂ ਦੀ ਆਬਾਦੀ ਘਟੀ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਨੇ ਸੋਰੇਨ ਸਰਕਾਰ ਨੂੰ ਦੇਸ਼ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਦੱਸਿਆ
ਦਿਓਗੜ੍ਹ (ਝਾਰਖੰਡ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਜਦੋਂ ਤੋਂ ਹੇਮੰਤ ਸੋਰੇਨ ਸੱਤਾ ਵਿੱਚ ਆਏ ਹਨ, ਉਦੋਂ ਤੋਂ ਆਦਿਵਾਸੀਆਂ ਦੀ ਆਬਾਦੀ ਘੱਟ ਰਹੀ ਹੈ। ਇੱਥੇ ਭਾਜਪਾ ਦੀ ‘ਵਿਜੈ ਸੰਕਲਪ ਮਹਾ ਰੈਲੀ’ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਨੇ ਦਾਅਵਾ ਕੀਤਾ ਕਿ ਕੌਮਾਂਤਰੀ ਸਰਹੱਦ ਤੋਂ ਹੋ ਰਹੀ ਭਾਰੀ ਘੁਸਪੈਠ ਕਾਰਨ ਝਾਰਖੰਡ ਦੀ ਆਬਾਦੀ ਵਿੱਚ ਆਦਿਵਾਸੀਆਂ ਦੀ ਆਬਾਦੀ 35 ਫੀਸਦੀ ਤੋਂ ਘਟ ਕੇ 24 ਫੀਸਦੀ ਰਹਿ ਗਈ ਹੈ, ਜਿਸ ਨੂੰ ਹੇਮੰਤ ਸੋਰੇਨ ਦੀ ਸਰਕਾਰ ਵੱਲੋਂ ਵੋਟ ਬੈਂਕ ਦੀ ਰਾਜਨੀਤੀ ਤਹਿਤ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ਆਦਿਵਾਸੀ ਔਰਤਾਂ ਨਾਲ ਵਿਆਹ ਕਰਵਾ ਕੇ ਘੁਸਪੈਠੀਏ ਜ਼ਮੀਨਾਂ ’ਤੇ ਕਬਜ਼ਾ ਕਰ ਰਹੇ ਹਨ। ਸ਼ਾਹ ਨੇ ਕਿਹਾ, ‘‘ਹੇਮੰਤ ਸੋਰੇਨ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ। ਰੇਲ ਦੇ ਡੱਬਿਆਂ ਅਤੇ ਟਰੈਕਟਰਾਂ ਦੀ ਵਰਤੋਂ ਕਰਕੇ ਸਰੋਤ ਲੁੱਟੇ ਜਾ ਰਹੇ ਹਨ। ਸੂਬੇ ਦੇ ਲੋਕ ਇਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ।’’ ਉਨ੍ਹਾਂ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਸੂਬੇ ਦੀਆਂ ਸਾਰੀਆਂ 14 ਸੀਟਾਂ ’ਤੇ ਜਿੱਤ ਹਾਸਲ ਕਰੇਗੀ।

ਇਸ ਦੌਰਾਨ ਸ਼ਾਹ ਨੇ ਇਫਕੋ ਦੇ 450 ਕਰੋੜ ਰੁਪਏ ਦੇ ਨੈਨੋ ਯੂਰੀਆ ਪਲਾਂਟ ਅਤੇ ਟਾਊਨਸ਼ਿਪ ਦਾ ਨੀਂਹ ਪੱਥਰ ਵੀ ਰੱਖਿਆ। ਇਹ ਦੇਸ਼ ਦਾ ਪੰਜਵਾਂ ਨੈਨੋ ਯੂਰੀਆ ਪਲਾਂਟ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਗੁਜਰਾਤ ਵਿੱਚ ਪਹਿਲੇ ਪਲਾਂਟ ਦਾ ਉਦਘਾਟਨ ਕੀਤਾ ਸੀ।