ਪਾਰਟੀ ਨੂੰ ਕਾਰਵਾਈ ਕਰਨ ਦਾ ਪੂਰਾ ਅਧਿਕਾਰ: ਪ੍ਰਨੀਤ ਕੌਰ

ਪਾਰਟੀ ਨੂੰ ਕਾਰਵਾਈ ਕਰਨ ਦਾ ਪੂਰਾ ਅਧਿਕਾਰ: ਪ੍ਰਨੀਤ ਕੌਰ

ਪਟਿਆਲਾ- ਕਾਂਗਰਸ ਹਾਈਕਮਾਨ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਹਵਾਲੇ ਨਾਲ ਮੁਅੱਤਲ ਕਰਨ ਦੇ ਬਾਵਜੂਦ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪਾਰਟੀ ਪ੍ਰਤੀ ਆਪਣੇ ਮਨ ’ਚ ਸਤਿਕਾਰ ਬਣਾ ਕੇ ਰੱਖਿਆ ਹੋਇਆ ਹੈ। ਵੱਡਾ ਐਕਸ਼ਨ ਹੋਣ ਅਤੇ ਬਰਖਾਸਤੀ ਸਬੰਧੀ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ’ਚ ਜਵਾਬ ਮੰਗ ਲੈਣ ਦੇ ਬਾਵਜੂਦ ਉਨ੍ਹਾਂ ਨੇ ਪਾਰਟੀ ਦੀ ਸ਼ਾਨ ਖਿਲਾਫ਼ ਇੱਕ ਵੀ ਮਾੜਾ ਸ਼ਬਦ ਨਹੀਂ ਬੋਲਿਆ। ਅੱਜ ਇੱਥੇ ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਪਾਰਟੀ ਕੋਈ ਵੀ ਕਾਰਵਾਈ ਕਰਨ ਦਾ ਪੂਰਨ ਅਧਿਕਾਰ ਰੱਖਦੀ ਹੈ। ਇਸ ਕਰ ਕੇ ਪਾਰਟੀ ਵੱਲੋਂ ਕੀਤੀ ਗਈ ਕਾਰਵਾਈ ਦਾ ਉਹ ਸਵਾਗਤ ਕਰਦੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਆਪਣੇ ਸੰਸਦੀ ਹਲਕੇ ਅਤੇ ਪੰਜਾਬ ਵਿੱਚ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਹਮੇਸ਼ਾ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਭਵਿੱਖ ’ਚ ਵੀ ਉਹ ਆਪਣੇ ਹਲਕੇ ਅਤੇ ਪੰਜਾਬ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ।

ਜ਼ਿਕਰਯੋਗ ਹੈ ਕਿ ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਬਰਖਾਸਤ ਕਰਨ ਸਬੰਧੀ ‘ਕਾਰਨ ਦੱਸੋ’ ਨੋਟਿਸ ਜਾਰੀ ਕਰ ਕੇ ਤਿੰਨ ਦਿਨਾਂ ’ਚ ਜਵਾਬ ਮੰਗਿਆ ਗਿਆ ਹੈ। ਇਸ ਬਾਰੇ ਪੁੱਛਣ ’ਤੇ ਪ੍ਰਨੀਤ ਕੌਰ ਦਾ ਕਹਿਣਾ ਸੀ ‘ਕੋਈ ਗੱਲ ਨਹੀਂ, ਪਾਰਟੀ ਨੂੰ ਕਰ ਲੈਣ ਦਿਓ, ਜੋ ਵੀ ਕਰਨਾ ਹੈ।’ ਇਸ ਤੋਂ ਬਾਅਦ ਹੀ ਉਹ ਜਵਾਬ ਦੇਣਗੇ। ਇਸ ਤੋਂ ਬਾਅਦ ਉਨ੍ਹਾਂ ਪਿੰਡ ਫਤਹਿਪੁਰ ਗੜ੍ਹੀ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੇ ਮਾਤਾ ਦੇ ਭੋਗ ਮੌਕੇ ਇਸੇ ਮੁੱਦੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਯਾਦ ਰਹੇ ਕਿ ਪ੍ਰਨੀਤ ਕੌਰ ਕਾਂਗਰਸ ਵੱਲੋਂ ਪੰਜ ਸਾਲ ਵਿਦੇਸ਼ ਮੰਤਰੀ, ਇੱਕ ਵਾਰ ਵਿਧਾਇਕ ਰਹਿਣ ਸਮੇਤ ਚੌਥੀ ਵਾਰ ਸੰਸਦ ਮੈਂਬਰ ਹਨ ਪਰ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਤੁਰੰਤ ਬਾਅਦ ਉਹ ਪਤੀ ਦੀ ਪਾਰਟੀ ਪੀਐਲਸੀ ਅਤੇ ਫੇਰ ਪਤੀ ਤੇ ਧੀ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਭਾਜਪਾ ਲਈ ਖੁੱਲ੍ਹੇਆਮ ਸਰਗਰਮੀਆਂ ਕਰਨ ਲੱਗ ਪਏ ਸਨ। ਕਾਂਗਰਸੀ ਨੇਤਾਵਾਂ ਨੇ ਵਿਰੋਧ ਵੀ ਜਤਾਇਆ, ਪਰ ਗਾਂਧੀ ਪਰਿਵਾਰ ਨਾਲ ਨੇੜਤਾ ਕਾਰਨ ਕਾਰਵਾਈ ਨਾ ਹੋਈ। ਹੁਣ ਇੱਕ ਦਿਨ ਪਹਿਲਾਂ ਭਾਵੇਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਪਰ ਕਾਂਗਰਸੀ ਖੇਮੇ ਅੰਦਰ ਇਹ ਕਾਰਵਾਈ ਬਹੁਤ ਦੇਰੀ ਨਾਲ਼ ਹੋਈ ਮੰਨੀ ਜਾ ਰਹੀ ਹੈ।