ਬਰਤਾਨੀਆ ਸਰਕਾਰ ਵੱਲੋਂ ਬੀਬੀਸੀ ਆਜ਼ਾਦ ਮੀਡੀਆ ਕਰਾਰ

ਬਰਤਾਨੀਆ ਸਰਕਾਰ ਵੱਲੋਂ ਬੀਬੀਸੀ ਆਜ਼ਾਦ ਮੀਡੀਆ ਕਰਾਰ

ਲੰਡਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗੁਜਰਾਤ ਦੰਗਿਆਂ ’ਤੇ ਬਣੀ ਦਸਤਾਵੇਜ਼ੀ ਦੇ ਮਾਮਲੇ ’ਤੇ ਅੱਜ ਬਰਤਾਨੀਆ ਸਰਕਾਰ ਨੇ ਬੀਬੀਸੀ ਦਾ ਬਚਾਅ ਕਰਦਿਆਂ ਬੀਬੀਸੀ ਨੂੰ ਆਜ਼ਾਦ ਮੀਡੀਆ ਦੱਸਿਆ। ਬੀਬੀਸੀ ਦੀ ਇਸ ਵਿਵਾਦਤ ਦਸਤਾਵੇਜ਼ੀ ’ਤੇ ਭਾਰਤ ਵਿੱਚ ਵੱਡੀ ਗਿਣਤੀ ਪ੍ਰਦਰਸ਼ਨ ਹੋਏ ਸਨ। ਇਸ ਤੋਂ ਇਲਾਵਾ ਬਰਤਾਨੀਆ ਵਿਚ ਵੀ ਮੋਦੀ ਸਮਰਥਕਾਂ ਨੇ ਬੀਬੀਸੀ ਦਸਤਾਵੇਜ਼ੀ ਨਾਲ ਅਸਹਿਮਤੀ ਜਤਾਈ ਹੈ। ਡਾਊਨਿੰਗ ਸਟਰੀਟ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੇ ਬੁਲਾਰੇ ਨੇ ਉਹੀ ਦੁਹਰਾਇਆ ਜੋ ਇਸ ਹਫਤੇ ਦੇ ਸ਼ੁਰੂ ਵਿੱਚ ਸੰਸਦ ਵਿੱਚ ਵਿਦੇਸ਼ ਸਕੱਤਰ ਜੇਮਸ ਕਲੀਵਰਲੀ ਨੇ ਕਿਹਾ ਸੀ। ਉਨ੍ਹਾਂ ਬੀਬੀਸੀ ਦੀ ਆਜ਼ਾਦੀ ਤੇ ਭਾਰਤ ਨਾਲ ਗੂੜ੍ਹੇ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ, ‘ਬੀਬੀਸੀ ਮੀਡੀਆ ਵਜੋਂ ਆਜ਼ਾਦ ਹੈ ਅਤੇ ਅਸੀਂ ਇਸ ਗੱਲ ’ਤੇ ਜ਼ੋਰ ਦੇਵਾਂਗੇ ਕਿ ਅਸੀਂ ਭਾਰਤ ਨੂੰ ਅਹਿਮ ਭਾਈਵਾਲ ਮੰਨਦੇ ਰਹਾਂਗੇ।’ ਇਸ ਤੋਂ ਪਹਿਲਾਂ ਪੱਤਰਕਾਰਾਂ ਨੇ ਉਨ੍ਹਾਂ ਤੋਂ 2002 ਦੇ ਗੋਧਰਾ ਦੰਗਿਆਂ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਦੀ ਭੂਮਿਕਾ ਬਾਰੇ ਵੀ ਸਵਾਲ ਕੀਤੇ। ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਕਿਹਾ, ‘ਅਸੀਂ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਨਾਲ ਆਪਣੇ ਸਬੰਧਾਂ ਦੀ ਸਮੀਖਿਆ ਕਰਾਂਗੇ ਅਤੇ ਸਾਨੂੰ ਭਰੋਸਾ ਹੈ ਕਿ ਇਹ ਸਬੰਧ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਏ ਹਨ।