ਆਰਬੀਆਈ ਨੇ ਬੈਂਕਾਂ ਤੋਂ ਅਡਾਨੀ ਸਮੂਹ ਬਾਰੇ ਤਫ਼ਸੀਲ ਮੰਗੀ

ਆਰਬੀਆਈ ਨੇ ਬੈਂਕਾਂ ਤੋਂ ਅਡਾਨੀ ਸਮੂਹ ਬਾਰੇ ਤਫ਼ਸੀਲ ਮੰਗੀ

ਕਰਜ਼ਿਆਂ ਤੇ ਉਨ੍ਹਾਂ ਬਦਲੇ ਰੱਖੀਆਂ ਜਾਮਨੀਆਂ ਬਾਰੇ ਵੇਰਵੇ ਸਾਂਝੇ ਕਰਨ ਲਈ ਕਿਹਾ
ਹਿੰਡਨਬਰਗ ਦੀ ਰਿਪੋਰਟ ਮਗਰੋਂ ਅਡਾਨੀ ਸਮੂਹ ਦੀਆਂ ਮੁਸ਼ਕਲਾਂ ਵਧੀਆਂ

ਮੁੰਬਈ-ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕਾਂ ਤੋਂ ਅਡਾਨੀ ਸਮੂਹ ਨੂੰ ਦਿੱਤੇ ਕਰਜ਼ਿਆਂ ਤੇ ਇਨ੍ਹਾਂ ਵੱਟੇ ਰੱਖੀਆਂ ਜਾਮਨੀਆਂ (ਸਕਿਓਰਿਟੀਜ਼) ਦੀ ਤਫ਼ਸੀਲ ਮੰਗ ਲਈ ਹੈ। ਦੇਸ਼ ਦੇ ਕੇਂਦਰੀ ਬੈਂਕ ਨੇ ਇਹ ਵੇਰਵੇ ਅਜਿਹੇ ਮੌਕੇ ਮੰਗੇ ਹਨ ਜਦੋਂ ਅਜੇ ਇਕ ਦਿਨ ਪਹਿਲਾਂ ਅਡਾਨੀ ਸਮੂਹ ਨੇ ਆਪਣੀ ਫਲੈਗਸ਼ਿਪ ਫਰਮ ਅਡਾਨੀ ਐਂਟਰਪ੍ਰਾਈਜ਼ਿਜ਼ ਵੱਲੋਂ ਜਾਰੀ ਐੱਫਪੀਓ ਰੱਦ ਕਰਕੇ ਨਿਵੇਸ਼ਕਾਂ ਦਾ ਪੈਸਾ ਮੋੜਨ ਦਾ ਐਲਾਨ ਕੀਤਾ ਸੀ। ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਮਗਰੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ ਮੂਧੇ ਮੂੰਹ ਡਿੱਗ ਗਏ ਸਨ। ਬੁੱਧਵਾਰ ਨੂੰ ਹੀ ਸਵਿਸ ਬੈਂਕ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਵੱਲੋਂ ਕਰਜ਼ੇ ਦੇ ਇਵਜ਼ ਵਿੱਚ ਜਾਮਨੀ ਵਜੋਂ ਦਿੱਤੇ ਜਾਣ ਵਾਲੇ ਬਾਂਡਾਂ ਨੂੰ ਸਵੀਕਾਰ ਕਰਨ ਤੋਂ ਰੋਕ ਦਿੱਤਾ ਸੀ।

ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਪਿਛਲਾ ਇਕ ਹਫ਼ਤਾ ਅਡਾਨੀ ਸਮੂਹ ਲਈ ਕਾਫ਼ੀ ਮੁਸ਼ਕਲ ਭਰਿਆ ਰਿਹਾ ਹੈ। ਸਮੂਹ, ਜਿਸ ਦਾ ਹੈੱਡਕੁਆਰਟਰ ਅਹਿਮਦਾਬਾਦ ਵਿੱਚ ਹੈ, ਨੇ ਰਿਪੋਰਟ ਵਿੱਚ ਲੱਗੇ ਦੋਸ਼ਾਂ ਤੋਂ ਭਾਵੇਂ ਇਨਕਾਰ ਕੀਤਾ ਹੈ, ਪਰ ਉਹ ਸਮੀਖਿਅਕਾਂ ਤੇ ਨਿਵੇਸ਼ਕਾਂ ਨੂੰ ਯਕੀਨ ਦਿਵਾਉਣ ’ਚ ਨਾਕਾਮ ਰਿਹਾ ਹੈ। ਬੈਂਕਿੰਗ ਸੂਤਰਾਂ ਨੇ ਕਿਹਾ ਕਿ ਆਰਬੀਆਈ ਵੱਡੇ ਕਰੈਡਿਟ (ਸੀਆਰਆਈਐੱਲਸੀ) ਡੇਟਾ ਬੇਸ ’ਤੇ ਸੂਚਨਾ ਦੇ ਕੇਂਦਰੀ ਭੰਡਾਰ ਦੇ ਹਿੱਸੇ ਵਜੋਂ ਬੈਂਕਾਂ ਦੇ ਵੱਡੇ ਕਾਰਪੋਰੇਟ ਕਰਜ਼ਦਾਰਾਂ ਤੱਕ ਨਿਯਮਤ ਆਧਾਰ ’ਤੇ ਰਸਾਈ ਪ੍ਰਾਪਤ ਕਰਦਾ ਹੈ। ਕਈ ਵਾਰ ਬੈਂਕ ਕਰਜ਼ਾ ਗਿਰਵੀ ਰੱਖੀਆਂ ਸਕਿਓਰਿਟੀਜ਼ ਬਦਲੇ ਹੁੰਦਾ ਹੈ ਅਤੇ ਅਡਾਨੀ ਸਮੂਹ ਦੀਆਂ 10 ਸੂਚੀਬੰਦ ਇਕਾਈਆਂ ਦੇ ਇਕੁਇਟੀ ਸ਼ੇਅਰਾਂ ਦੀ ਕੀਮਤ ਵਿੱਚ ਗਿਰਾਵਟ, ਗਿਰਵੀ ਰੱਖੀਆਂ ਇਨ੍ਹ੍ਵਾਂ ਸਕਿਓਰਿਟੀਜ਼ ਦੇ ਮੁੱਲ ਨੂੰ ਘਟਾ ਸਕਦੀ ਹੈ। ਹਿੰਡਨਬਰਗ ਦੀ ਰਿਪੋਰਟ 24 ਜਨਵਰੀ ਨੂੰ ਜਾਰੀ ਕੀਤੀ ਗਈ ਸੀ ਤੇ ਉਦੋਂ ਤੋਂ ਬੈਂਕਾਂ ਦੇ ਸ਼ੇਅਰਾਂ ਵਿੱਚ ਵਿਕਰੀ ਦਾ ਦਬਾਅ ਹੈ ਕਿਉਂਕਿ ਨਿਵੇਸ਼ਕ ਬੈਂਕਾਂ ਦੇ ਵਹੀ ਖਾਤਿਆਂ ’ਤੇ ਮੰਡਰਾ ਰਹੇ ਸੰਕਟ ਦੇ ਬੱਦਲਾਂ ਤੋਂ ਫ਼ਿਕਰਮੰਦ ਹਨ। ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਐੱਸਬੀਆਈ ਨੇ ਕਿਹਾ ਸੀ ਕਿ ਉਸ ਨੇ ਨਿਵੇਸ਼ਕਾਂ ਦਾ ਜਿਹੜਾ ਪੈਸਾ ਅਡਾਨੀ ਸਮੂਹ ਵਿੱਚ ਲਾਇਆ ਹੈ, ਉਹ ਨਗ਼ਦੀ ਪੈਦਾ ਕਰਨ ਵਾਲੀਆਂ ਜਾਇਦਾਦਾਂ ਦੇ ਰੂਪ ’ਚ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇੱਕ ਹੋਰ ਸਰਕਾਰੀ ਬੈਂਕ, ਬੈਂਕ ਆਫ ਬੜੌਦਾ ਨੇ ਕਿਹਾ ਕਿ ਸੰਕਟ ਵਿੱਚ ਘਿਰੇ ਸਮੂਹ ਲਈ ਉਸ ਦਾ ਕੁੱਲ ਐਕਸਪੋਜ਼ਰ 7,000 ਕਰੋੜ ਰੁਪਏ ਸੀ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸਰਕਾਰ ਦੀ ਮਲਕੀਅਤ ਵਾਲੀ ਜੀਵਨ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (ਐੱਲਆਈਸੀ) ਨੇ ਅਡਾਨੀ ਸਮੂਹ ਦੇ ਕਰਜ਼ੇ ਅਤੇ ਇਕੁਇਟੀ ਲਈ 36,474.78 ਕਰੋੜ ਰੁਪਏ ਦੇ ਐਕਸਪੋਜ਼ਰ ਦਾ ਖੁਲਾਸਾ ਕੀਤਾ ਹੈ। ਐੱਲਆਈਸੀ ਮੁਤਾਬਕ ਇਹ ਰਕਮ ਉਸ ਦੇ ਕੁੱਲ ਨਿਵੇਸ਼ਾਂ ਦੇ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਹੈ। ਅਡਾਨੀ ਐਂਟਰਪ੍ਰਾਈਜ਼ਿਜ਼ ਦਾ ਸ਼ੇਅਰ ਵੀਰਵਾਰ ਨੂੰ ਬੰਬੇ ਸਟਾਕ ਐਕਸਚੇਂਜ (ਬੀਐੱਸਈ) ਵਿਚ 26.50 ਫੀਸਦੀ ਡਿੱਗ ਕੇ 1,564.70 ਰੁਪਏ ’ਤੇ ਬੰਦ ਹੋਇਆ।