ਸਮਾਜ ਸੁਧਾਰਕ ਭਗਤ ਰਵਿਦਾਸ ਜੀ

ਸਮਾਜ ਸੁਧਾਰਕ ਭਗਤ ਰਵਿਦਾਸ ਜੀ

ਜਸਵਿੰਦਰ ਸਿੰਘ ਰੁਪਾਲ

ਭਗਤ ਰਵਿਦਾਸ ਜੀ ਦਾ ਜਨਮ 14ਵੀਂ ਸਦੀ ਵਿੱਚ ਸੰਤੋਖ ਦਾਸ ਅਤੇ ਮਾਤਾ ਕਲਸਾਂ ਦੇਵੀ ਦੇ ਘਰ ਸੀਰ ਗੋਵਰਧਨਪੁਰ, ਜ਼ਿਲ੍ਹਾ ਬਨਾਰਸ (ਉੱਤਰ ਪ੍ਰਦੇਸ਼) ਵਿੱਚ ਹੋਇਆ। ਅਖੌਤੀ ਛੋਟੀ ਜਾਤ ਦੇ ਲੋਕਾਂ ਨੂੰ ਉਸ ਸਮੇਂ ਵਿਦਿਆ ਪ੍ਰਾਪਤੀ ਦੇ ਬਰਾਬਰ ਦੇ ਅਧਿਕਾਰ ਨਹੀਂ ਸਨ। ਇਸ ਲਈ ਉਹ ਜ਼ਿਆਦਾ ਰਸਮੀ ਸਿੱਖਿਆ ਨਹੀਂ ਲੈ ਸਕੇ। ਉਨ੍ਹਾਂ ਨੇ ਜਾਨਵਰਾਂ ਦੇ ਚੰਮ ਦਾ ਪਿਤਾ ਪੁਰਖੀ ਕੰਮ ਕੀਤਾ ਅਤੇ ਸਫਲ ਗ੍ਰਹਿਸਥੀ ਜੀਵਨ ਬਤੀਤ ਕੀਤਾ। ਵਿਆਹ ਮਗਰੋਂ ਉਹ ਮਾਪਿਆਂ ਤੋਂ ਵੱਖਰੇ ਰਹਿਣ ਲੱਗੇ ਅਤੇ ਜੁੱਤੀਆਂ ਗੰਢਣ ਦਾ ਕੰਮ ਕੀਤਾ। ਆਪਣੇ ਕਿੱਤੇ ਅਤੇ ਜਾਤ ਬਾਰੇ ਉਨ੍ਹਾਂ ਆਪਣੀ ਬਾਣੀ ਵਿੱਚ ਬੇਬਾਕ ਹੋ ਕੇ ਲਿਖਿਆ ਹੈ।

ਬਚਪਨ ਤੋਂ ਹੀ ਉਹ ਬੈਰਾਗੀ ਤਬੀਅਤ ਦੇ ਮਾਲਕ ਸਨ। ਇਤਿਹਾਸ ਵਿੱਚ ਉਨ੍ਹਾਂ ਨੂੰ ਰਾਮਾਨੰਦ ਜੀ ਦੇ ਮੁਰੀਦ ਲਿਖਿਆ ਮਿਲਦਾ ਹੈ। ਉਹ ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਜੀ, ਰਾਮਾਨੰਦ ਜੀ, ਪੀਪਾ ਜੀ, ਸੈਣ ਜੀ, ਧੰਨਾ ਜੀ, ਭੀਖਣ ਜੀ ਅਤੇ ਬੇਣੀ ਜੀ ਦੇ ਸਮਕਾਲੀ ਹੋਏ ਹਨ। ਗੁਰੂ ਨਾਨਕ ਜੀ ਨਾਲ ਤਾਂ ਉਨ੍ਹਾਂ ਦੀ ਮੁਲਾਕਾਤ ਦਾ ਬਿਰਤਾਂਤ ਵੀ ਹੈ। ਕਈ ਥਾਂ ਇੱਕ ਤੋਂ ਵੱਧ ਵਾਰੀ ਮਿਲਣ ਦੀ ਗੱਲ ਵੀ ਹੈ।

ਉਸ ਸਮੇਂ ਦੇ ਵੱਡੇ ਰਾਜੇ-ਰਾਣੀਆਂ ਮੀਰਾਂ ਬਾਈ. ਝਾਲਾਂ ਬਾਈ, ਰਾਣੀ ਰਤਨ ਕੁੰਵਰ, ਰਾਜਾ ਨਾਗਰ ਮੱਲ, ਰਾਜਾ ਪੀਪਾ, ਰਾਜਾ ਬਹਾਦਰ ਸ਼ਾਹ, ਰਾਜਾ ਸਿਕੰਦਰ ਲੋਧੀ, ਰਾਜਾ ਚੰਦਰਹਾਂਸ, ਰਾਜਾ ਸਾਂਗਾ, ਪੰਡਤ ਸ਼ਰਧਾ ਰਾਮ, ਰਾਮ ਲਾਲ, ਰਾਜਾ ਬੈਨ ਸਿੰਘ, ਪੰਡਤ ਗੰਗਾ ਰਾਮ, ਬੀਬੀ ਭਾਨਮਤੀ, ਰਾਜਾ ਚੰਦਰ ਪ੍ਰਤਾਪ ਆਦਿ ਭਗਤ ਜੀ ਦੇ ਮੁਰੀਦ ਸਨ।

ਭਗਤ ਜੀ ਨੇ ਕਾਫੀ ਯਾਤਰਾਵਾਂ ਵੀ ਕੀਤੀਆਂ। ਇਸ ਦੌਰਾਨ ਉਹ ਬਨਾਰਸ ਤੋਂ ਨਾਗਪੁਰ, ਬੀਜਾਪੁਰ, ਭੁਪਾਲ, ਬਹਾਵਲਪੁਰ, ਝਾਂਸੀ, ਉਦੈਪੁਰ, ਜੋਧਪੁਰ, ਅਜਮੇਰ, ਅਯੁੱਧਿਆ, ਹੈਦਰਾਬਾਦ, ਕਾਠੀਆਵਾੜ, ਬੰਬਈ, ਕਰਾਚੀ, ਜਲਾਲਾਬਾਦ, ਸ੍ਰੀਨਗਰ, ਡਲਹੌਜ਼ੀ ਅਤੇ ਗੋਰਖਪੁਰ ਸਮੇਤ ਹੋਰ ਥਾਈਂ ਗਏ। ਦੂਸਰੀ ਯਾਤਰਾ ਗੋਰਖਪੁਰ, ਪਰਤਾਪਗੜ੍ਹ ਅਤੇ ਸ਼ਾਹਜਹਾਨਪੁਰ ਦੀ ਕੀਤੀ ਤੇ ਤੀਜੀ ਹਿਮਾਚਲ ਪ੍ਰਦੇਸ਼ ਦੀ। ਇਸੇ ਤਰ੍ਹਾਂ ਚੌਥੀ ਹਰਿਦੁਆਰ, ਗੋਦਾਵਰੀ ਅਤੇ ਕੁਰੂਕਸ਼ੇਤਰ ਦੀ ਮੰਨੀ ਗਈ ਹੈ। ਪੰਜਵੀਂ ਗਾਜ਼ੀਪੁਰ ਦੇ ਰਾਜਾ ਰੂਪ-ਪਰਤਾਪ (ਚੰਦਰ ਪ੍ਰਤਾਪ) ਦੇ ਸੱਦੇ ’ਤੇ ਅਤੇ ਛੇਵੀਂ ਯਾਤਰਾ ਪੰਜਾਬ ਦੀ ਕੀਤੀ, ਜਿਸ ਵਿੱਚ ਲੁਧਿਆਣਾ, ਫਗਵਾੜਾ, ਜਲੰਧਰ, ਸੁਲਤਾਨਪੁਰ ਲੋਧੀ, ਕਪੂਰਥਲਾ ਅਤੇ ਮੁਲਤਾਨ ਸ਼ਾਮਲ ਹਨ। ਭਗਤ ਜੀ 1515 ਈਸਵੀ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਖੁਰਾਲਗੜ੍ਹ ਆਏ ਅਤੇ 4 ਸਾਲ ਦੇ ਕਰੀਬ ਇੱਥੇ ਰਹੇ। 1528 ਈਸਵੀ ਨੂੰ ਬਨਾਰਸ ਵਿੱਚ ਉਹ ਜੋਤੀ ਜੋਤ ਸਮਾ ਗਏ। ਭਗਤ ਜੀ ਦੀ ਉਮਰ 140 ਸਾਲ ਦੇ ਕਰੀਬ ਸੀ। ਕੁਝ ਇਤਿਹਾਸਕਾਰਾਂ ਨੇ 115 ਸਾਲ ਤੇ ਕੁਝ ਨੇ 150 ਸਾਲ ਵੀ ਲਿਖੀ ਹੈ।

ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਭੱਟ ਕਲਸਹਾਰ ਜੀ ਨੇ ਆਪਣੀ ਬਾਣੀ ਵਿੱਚ ਭਗਤ ਜੀ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ ਭਗਤ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਬਾਕੀ ਗੁਰੂ ਸਾਹਿਬਾਨ ਅਤੇ ਹੋਰ ਬਾਣੀਕਾਰਾਂ ਦੇ ਬਰਾਬਰ ਦਾ ਮਾਣ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਵੀ ਬਹੁਤ ਸਤਿਕਾਰ ਨਾਲ ਭਗਤ ਜੀ ਬਾਰੇ ਲਿਖਿਆ।

ਭਗਤ ਰਵਿਦਾਸ ਜੀ ਰਚਿਤ ਬਾਣੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ; ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਬਾਣੀ। ਜੋ ਬਾਣੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਮਿਲਦੀ ਹੈ, ਉਸ ਦੀ ਪ੍ਰਮਾਣਿਕਤਾ ਦਾ ਕੋਈ ਸਬੂਤ ਸਾਨੂੰ ਨਹੀਂ ਮਿਲਦਾ। ਗੁਰੂ ਗ੍ਰੰਥ ਸਾਹਿਬ ਵਿੱਚ 16 ਰਾਗਾਂ ਵਿੱਚ ਭਗਤ ਜੀ ਦੀ ਬਾਣੀ ਦਰਜ ਹੈ। ਇਸ ਤਹਿਤ ਸਿਰੀ ਰਾਗ ਵਿੱਚ 1 ਸ਼ਬਦ, ਗਉੜੀ ਵਿੱਚ 5, ਆਸਾ ਵਿੱਚ 6, ਗੁਜਰੀ ਵਿੱਚ 1, ਸੋਰਠਿ ਵਿੱਚ 7, ਧਨਾਸਰੀ ਵਿੱਚ 3, ਜੈਤਸਰੀ ਵਿੱਚ 1, ਸੁਹੀ ਵਿੱਚ 3, ਬਿਲਾਵਲ ਵਿੱਚ 2, ਗੋਂਡ ਵਿੱਚ 2, ਰਾਮਕਲੀ ਵਿੱਚ 1, ਮਾਰੂ ਵਿੱਚ 2, ਕੇਦਾਰਾ ਵਿੱਚ 1, ਭੈਰਉ ਵਿੱਚ 1, ਬਸੰਤ ਵਿੱਚ 1, ਮਲਾਰ ਵਿੱਚ 1 ਸ਼ਬਦ ਦਰਜ ਹੈ। ਇਸ ਤਰ੍ਹਾਂ ਭਗਤ ਜੀ ਦੇ ਕੁੱਲ 40 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।

ਭਗਤ ਰਵਿਦਾਸ ਜੀ ਦੀ ਬਾਣੀ ਦਾ ਮੁੱਖ ਵਿਸ਼ਾ ਪ੍ਰਭੂ-ਪ੍ਰੇਮ ਹੀ ਹੈ। ਪਰਮਾਤਮਾ ਦਾ ਪਿਆਰ ਅਤੇ ਉਸ ਦੀ ਨੇੜਤਾ ਪ੍ਰਾਪਤ ਕਰਨ ਲਈ ਹੀ ਉਸ ਦੀ ਭਗਤੀ ਕਰਨੀ ਹੈ ਕਿਉਂਕਿ ਸਿਰਫ ਪਰਮਾਤਮਾ ਹੀ ਹੈ ਜੋ ਸਮਦ੍ਰਿਸ਼ਟੀ ਰੱਖਦਾ ਹੈ। ਦਿਆਲੂ ਹੈ, ਕ੍ਰਿਪਾਲੂ  ਹੈ, ਸਰਬ-ਸ਼ਕਤਮਿਾਨ ਹੈ ਅਤੇ ਨੀਵਿਆਂ ਨੂੰ ਉੱਚਾ ਕਰਦਾ ਹੈ।

ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ। (ਅੰਗ: 346)

ਜਦੋਂ ਪਰਮਾਤਮਾ ਨਾਲ ਪ੍ਰੇਮ ਪੈ ਜਾਦਾ ਹੈ ਤਾਂ ਭਗਤ ਵਿੱਚ ਅਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਭਗਤ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਆਪਣਾ ਆਪਾ ਪੂਰਾ ਸਮਰਪਣ ਕਰ ਦਿੰਦੇ ਹਨ । ਉਦੋਂ ਸਾਰੇ ਜੱਗ ਨੂੰ ਵਿਸਾਰ ਕੇ ਸਿਰਫ ਅਤੇ ਸਿਰਫ ਪ੍ਰਭੂ ਵਿੱਚ ਹੀ ਲੀਨ ਹੋ ਜਾਂਦੇ ਹਨ।

ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ।।

ਤੁਮ ਸਿਉ ਜੋਰਿ ਅਵਰ ਸੰਗਿ ਤੋਰੀ।। (ਅੰਗ: 659)

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ।।

ਕਨਕ ਕਟਿਕ ਜਲ ਤਰੰਗ ਜੈਸਾ।। (ਅੰਗ: 93)

ਭਾਵੇਂ ਗੁਰਬਾਣੀ ਵਿੱਚ ਸਰਗੁਣ ਅਤੇ ਨਿਰਗੁਣ ਦੋਵਾਂ ਦਾ ਜ਼ਿਕਰ ਹੈ ਪਰ ਨਿਰਗੁਣ ਪ੍ਰਭੂ ਨੂੰ ਭਗਤ ਅਤੇ ਗੁਰੂ-ਜਨ ਵਧੇਰੇ ਵਡਿਆਈ ਦਿੰਦੇ ਹਨ। ਡਾ. ਜਸਬੀਰ ਸਿੰਘ ਸਾਬਰ ਭਗਤ ਰਵਿਦਾਸ ਜੀ ਬਾਰੇ ਲਿਖਦੇ ਹਨ, ‘‘ਉਨ੍ਹਾਂ ਦਾ ਗੁਰੂ ਪਾਰਬ੍ਰਹਮ ਪਰਮੇਸ਼ਵਰ ਸੀ।’’ ਭਗਤ ਰਵਿਦਾਸ ਜੀ ਦੀ ਆਪਣੀ ਬਾਣੀ ਵਿੱਚ ਵੀ ਨਿਰਗੁਣ-ਬ੍ਰਹਮ ਦੇ ਹੀ ਦਰਸ਼ਨ ਹੁੰਦੇ ਹਨ। ਆਪਣੀ ਆਰਤੀ ਵਿੱਚ ਉਹ ‘ਨਾਮ’ ਨੂੰ ਹੀ ਸਭ ਤੋਂ ਉੱਚਾ ਕਹਿੰਦੇ ਹਨ:

ਨਾਮੁ ਤੇਰੋ ਆਰਤੀ ਮਜਨੁ ਮੁਰਾਰੇ।।

ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ।। (ਅੰਗ: 694)

ਸਭ ਨਾਲੋਂ ਵੱਧ ਭਗਤ ਜੀ ਨੂੰ ਜਾਤ ਕਾਰਨ ਹੀ ਤ੍ਰਿਸਕਾਰ ਦਾ ਸਾਹਮਣਾ ਕਰਨਾ ਪਿਆ। ਉਚ-ਜਾਤ-ਅਭਿਮਾਨੀ ਤਾਂ ਅਖੌਤੀ ਨੀਵੀਆਂ ਜਾਤਾਂ ਵਾਲਿਆਂ ਨੂੰ ਭਗਤੀ ਕਰਨ ਦਾ ਹੱਕ ਵੀ ਨਹੀਂ ਸਨ ਦਿੰਦੇ। ਮੰਦਰਾਂ ਵਿੱਚ ਜਾਣ ਦੀ ਉਨ੍ਹਾਂ ਨੂੰ ਆਗਿਆ ਨਹੀਂ ਸੀ। ਧਾਰਮਿਕ ਅਤੇ ਸਮਾਜਿਕ ਥਾਵਾਂ ’ਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ। ਭਗਤ ਜੀ ਨੂੰ ਖੁਸ਼ੀ ਹੈ ਕਿ ਉਹ ਇਸ ਜਾਤ ਵਿੱਚੋਂ ਹੋ ਕੇ ਵੀ ਪਰਮਾਤਮਾ ਦੇ ਨੇੜੇ ਹਨ। ਜਦੋਂ ਉਹ ਆਪਣੀ ਬਾਣੀ ਵਿੱਚ ਆਪਣੀ ਜਾਤ ਦਾ ਜ਼ਿਕਰ ਖੁੱਲ੍ਹ ਕੇ ਕਰਦੇ ਹਨ। ਜਦੋਂ ਪ੍ਰਭੂ ਦੀ ਸ਼ਰਨ ਲਈ ਜਾਂਦੀ ਹੈ ਤਾਂ ਸਭ ਬੰਧਨ ਟੁੱਟ ਜਾਂਦੇ ਹਨ ਅਤੇ ਉਹ ਪ੍ਰੀਤਮ ਆਪਣੀਆਂ ਬਾਹਾਂ ਵਿੱਚ ਲੈ ਲੈਂਦਾ ਹੈ।

ਐਸੀ ਲਾਲ ਤੁਝ ਬਿਨੁ ਕਉਨੁ ਕਰੈ ।

ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ।।

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ।।

ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੇ।। (ਅੰਗ: 1106)

ਭਗਤ ਜੀ ਸਮਾਜਿਕ ਅਸਮਾਨਤਾ ਦੇ ਜ਼ਿੰਮੇਵਾਰ ਬ੍ਰਾਹਮਣ ਵਰਗ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਇਹ ਠੀਕ ਹੈ ਕਿ ਮੈਂ ਚਮਾਰ ਜਾਤੀ ਦਾ ਹਾਂ ਪਰ ਮੇਰੇ ਅੰਦਰ ਗੋਬਿੰਦ ਦਾ ਨਾਮ ਹੈ। ਜਦੋਂ ਨਾਲੇ ਦਾ ਪਾਣੀ ਗੰਗਾ ਵਿੱਚ ਮਿਲ ਜਾਂਦਾ ਹੈ ਤਾਂ ਉਹ ਵੀ ਗੰਗਾ-ਜਲ ਹੀ ਅਖਵਾਉਂਦਾ ਹੈ। 

ਸੁਰਾ ਅਪਵਿਤ੍ਰਿ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ।।

ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ।।

ਭਗਤਿ ਭਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ।। (ਅੰਗ: 1293)

ਭਗਤ ਰਵਿਦਾਸ ਜੀ ਦਾ ਕਹਿਣਾ ਸੀ ਕਿ ਪ੍ਰਭੂ ਨਾ ਤਾਂ ਜਾਤ ਪਾਤ ਦੇਖਦਾ ਹੈ, ਨਾ ਦਿਖਾਵੇ ਦੀ ਸੁੱਚ-ਜੂਠ ਜਾਂ ਕਰਮ-ਕਾਂਡ। ਉਹ ਤਾਂ ਪ੍ਰੇਮ-ਭਗਤੀ ਦਾ ਭੁੱਖਾ ਹੈ। ਆਪਣੀ ਬਾਣੀ ਵਿੱਚ ਪ੍ਰਭੂ-ਭਗਤੀ ’ਤੇ ਜ਼ੋਰ ਦਿੰਦੇ ਹੋਏ ਭਗਤ ਰਵਿਦਾਸ ਜੀ ਨੇ ਮਨੁੱਖ ਨੂੰ ਗੁਣ ਧਾਰਨ ਕਰਨ ਅਤੇ ਔਗਣਾਂ ਦਾ ਤਿਆਗ ਕਰਨ ਦੀ ਸਿੱਖਿਆ ਦਿੱਤੀ ਹੈ। ਉਨ੍ਹਾਂ ਅਨੁਸਾਰ ਇਨਸਾਨ ਮਾਇਆ ਦੇ ਲੋਭ ਵਿੱਚ ਫਸ ਕੇ ਵਿਕਾਰੀ ਹੋ ਜਾਂਦਾ ਹੈ ਅਤੇ ਆਪਣਾ ਜੀਵਨ-ਮਨੋਰਥ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਭਗਤੀ ਲਈ ਨਿਮਰਤਾ ਪਹਿਲੀ ਪਉੜੀ ਹੈ। ਜਦੋਂ ਭਗਤ ਅਤੇ ਪ੍ਰਭੂ ਇੱਕ ਹੁੰਦੇ ਹਨ ਤਾਂ ਉਸ ਦੇ ਹਿਰਦੇ ਵਿੱਚ ਜ਼ਰਾ ਜਿੰਨੀ ਵੀ ਮੈਂ ਨਹੀਂ ਰਹਿੰਦੀ। ਉਹ ਸਿਰਫ ਅਤੇ ਸਿਰਫ ਤੂੰ ਦਾ ਹੀ ਰੂਪ ਹੋ ਜਾਂਦਾ ਹੈ। ਭਗਤ ਜੀ ਨੇ ਪਰਮਾਤਮਾ ਦੀ ਭਗਤੀ ਕਰ ਕੇ ਨਿਰਭਉ ਅਤੇ ਨਿਰਵੈਰ ਮਨੁੱਖਾਂ ਦਾ ਇੱਕ ਆਦਰਸ਼ ਸਮਾਜਿਕ-ਰਾਜਨੀਤਿਕ ਢਾਂਚਾ ਆਪਣੀ ਬਾਣੀ ਵਿੱਚ ਖਿੱਚਿਆ ਹੈ। ਜਿਸ ਨਿਜ਼ਾਮ ਵਿੱਚ ਸਾਰੇ ਮਨੁੱਖ ਬਰਾਬਰ ਹੋਣਗੇ। ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ ਹੋਏਗੀ। ਕਿਸੇ ਨੂੰ ਕੋਈ ਡਰ ਨਹੀਂ ਹੋੲੇਗਾ। ਇਸ ਨੂੰ ਉਨ੍ਹਾਂ ਨੇ ਬੇਗਮਪੁਰਾ ਦਾ ਨਾਮ ਦਿੱਤਾ ਹੈ। ਆਉਂ ਅਸੀਂ ਸਾਰੇ ਰਲ-ਮਿਲ ਕੇ ਭਗਤ ਰਵਿਦਾਸ ਜੀ ਦੇ ਸਿਰਜੇ ਹੋਏ ਬੇਗਮਪੁਰਾ ਦੇ ਨਿਰਮਾਣ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ।