ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਨਾਲ ਬਜਟ ਇਜਲਾਸ ਸ਼ੁਰੂ
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸੰਸਦ ਦੇ ਦੋਵਾਂ ਸਦਨਾਂ ਨੂੰ ਸਾਂਝੇ ਸੰਬੋਧਨ ਨਾਲ ਬਜਟ ਇਜਲਾਸ ਦਾ ਰਸਮੀ ਆਗਾਜ਼ ਕਰਦਿਆਂ ਕਿਹਾ ਕਿ ਦੇਸ਼ ਵਿੱਚ ‘ਸਥਿਰ, ਬੇਖੌਫ਼ ਤੇ ਫੈਸਲਾਕੁਨ’ ਸਰਕਾਰ ਹੈ, ਜਿਸ ਨੇ ਵਿਰਾਸਤ ਤੇ ਵਿਕਾਸ ’ਤੇ ਨਾਲੋ ਨਾਲ ਜ਼ੋਰ ਦਿੱਤਾ ਤੇ ਬਿਨਾਂ ਕਿਸੇ ਪੱਖਪਾਤ ਤੋਂ ਸਾਰੇ ਵਰਗਾਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੁੱਲ ਆਲਮ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਸੁਝਾਅ ਰਹੀ ਹੈ ਤੇ ਅੱਜ ਹਰ ਦੇਸ਼ ਵਾਸੀ ਦਾ ਆਤਮਵਿਸ਼ਵਾਸ ਸਿਖਰ ’ਤੇ ਹੈ। ਮੁਰਮੂ ਨੇ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਵਿੱਢੀ ਨਿਰੰਤਰ ਲੜਾਈ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ‘ਜਮਹੂਰੀਅਤ ਤੇ ਸਮਾਜਿਕ ਨਿਆਂ ਦਾ ਸਭ ਤੋਂ ਵੱਡਾ ਦੁਸ਼ਮਣ’ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ 2047 ਤੱਕ ਭਾਰਤ ਨੂੰ ਆਤਮ-ਨਿਰਭਰ ਮੁਲਕ ਬਣ ਕੇ ਆਪਣੀਆਂ ਮਾਨਵੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਹੋਵੇਗਾ। 2047 ਦੇ ਭਾਰਤ ਵਿੱਚ ਗਰੀਬੀ ਨਹੀਂ ਹੋਣੀ ਚਾਹੀਦੀ ਤੇ ਮੱਧ ਵਰਗ ਵੀ ਖ਼ੁਸ਼ਹਾਲ ਹੋਵੇ। ਰਾਸ਼ਟਰਪਤੀ ਦੇ 65 ਮਿੰਟਾਂ ਦੇ ਇਸ ਭਾਸ਼ਣ ਦੌਰਾਨ ਕਈ ਨੁਕਤਿਆਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰ ਸੰਸਦ ਮੈਂਬਰਾਂ ਨੇ ਮੇਜ਼ ਥਾਪੜ ਕੇ ਸਵਾਗਤ ਕੀਤਾ। ਸੰਸਦ ਦੇ ਕੇਂਦਰੀ ਹਾਲ ਵਿੱਚ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਆਪਣੇ ਪਲੇਠੇ ਸੰਬੋਧਨ ਵਿੱਚ ਦੇਸ਼ ਦੀ ਪਹਿਲੀ ਕਬਾਇਲੀ ਰਾਸ਼ਟਰਪਤੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਕੌਮੀ ਹਿੱਤਾਂ ਨੂੰ ਹਮੇਸ਼ਾ ਸਿਖਰ ’ਤੇ ਰੱਖਿਆ ਹੈ। ਉਨ੍ਹਾਂ ਕਿਹਾ, ‘‘ਮੇਰੀ ਫੈਸਲਾਕੁਨ ਸਰਕਾਰ ਨੇ ਦੇਸ਼ ਦੇ ਹਿੱਤਾਂ ਨੂੰ ਸਭ ਤੋਂ ਉੱਤੇ ਰੱਖਿਆ ਹੈ ਅਤੇ ਲੋੜ ਪੈਣ ’ਤੇ ਨੀਤੀਆਂ ਤੇ ਰਣਨੀਤੀਆਂ ਦੇ ਮੁਕੰਮਲ ਕਾਇਆਕਲਪ ਦੀ ਇੱਛਾ ਸ਼ਕਤੀ ਵੀ ਵਿਖਾਈ ਹੈ।’’ ਰਾਸ਼ਟਰਪਤੀ ਨੇ ਕਿਹਾ, ‘‘ਸਰਜੀਕਲ ਹਮਲਿਆਂ ਤੋਂ ਅਤਿਵਾਦ ਖਿਲਾਫ਼ ਸਖ਼ਤ ਕਾਰਵਾਈ, ਕੰਟਰੋਲ ਰੇਖਾ ਤੋਂ ਅਸਲ ਕੰਟਰੋਲ ਰੇਖਾ ਤੱਕ ਕਿਸੇ ਵੀ ਹਿਮਾਕਤ ਦਾ ਮੂੰਹ ਤੋੜਵਾਂ ਜਵਾਬ, ਧਾਰਾ 379 ਨੂੰ ਮਨਸੂਖ ਕਰਨ ਤੋਂ ਤਿੰਨ ਤਲਾਕ ਤੱਕ, ਮੇਰੀ ਸਰਕਾਰ ਨੂੰ ਫੈਸਲਾਕੁਨ ਸਰਕਾਰ ਵਜੋਂ ਮਾਨਤਾ ਮਿਲੀ ਹੈ।’’ ਅੱਜ ਭਾਰਤ ਵਿੱਚ ਸਰਕਾਰ ਹੈ, ਜੋ ਇਮਾਨਦਾਰੀ ਦਾ ਸਤਿਕਾਰ ਕਰਦੀ ਹੈ। ਅੱਜ ਭਾਰਤ ਵਿੱਚ ਸਰਕਾਰ ਹੈ, ਜੋ ਗਰੀਬਾਂ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਕੰਮ ਕਰ ਰਹੀ ਹੈ।’’ ਮੁਰਮੂ ਨੇ ਕਿਹਾ ਕਿ ਸਰਕਾਰੀ ਸਕੀਮਾਂ ਨੂੰ ਵੱਡੇ ਘੁਟਾਲਿਆਂ ਤੇ ਭ੍ਰਿਸ਼ਟਾਚਾਰ ਤੋਂ ਨਿਜਾਤ ਦਿਵਾਉਣ ਦੀ ਲੰਮੇ ਸਮੇਂ ਦੀ ਤਾਂਘ ਨੇ ਹੁਣ ਹਕੀਕੀ ਰੂਪ ਲਿਆ ਹੈ। ਉਨ੍ਹਾਂ ਕਿਹਾ, ‘‘ਮੇਰੀ ਸਰਕਾਰ ਦਾ ਮੰਨਣਾ ਹੈ ਕਿ ਭ੍ਰਿਸ਼ਟਾਚਾਰ ਜਮਹੂਰੀਅਤ ਤੇ ਸਮਾਜਿਕ ਨਿਆਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਨੇ ਪਿਛਲੇ 9 ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਕਈ ਸਕਾਰਾਤਮਕ ਬਦਲਾਅ ਲਿਆਂਦੇ ਹਨ, ਜੋ ਆਪਣੇ ਆਪ ਵਿੱਚ ਪਹਿਲੀ ਵਾਰ ਹਨ ਤੇ ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਬਦਲਾਅ ਹਰੇਕ ਭਾਰਤੀ ਦਾ ਸਵੈ-ਵਿਸ਼ਵਾਸ ਹੈ, ਜੋ ਇਸ ਵੇਲੇ ਸਿਖਰ ’ਤੇ ਹੈ। ਕੁੱਲ ਆਲਮ ਨੇ ਭਾਰਤ ਨੂੰ ਵੇਖਣ ਦਾ ਰਵੱਈਆ ਬਦਲਿਆ ਹੈ।’’