ਮਹਿਲਾ ਸ਼ਰਧਾਲੂ ਨਾਲ ਜਬਰ-ਜਨਾਹ ਮਾਮਲੇ ’ਚ ਆਸਾਰਾਮ ਦੋਸ਼ੀ ਕਰਾਰ

ਗਾਂਧੀਨਗਰ (ਗੁਜਰਾਤ): ਇਥੋਂ ਦੀ ਸੈਸ਼ਨਜ਼ ਅਦਾਲਤ ਨੇ ਬਾਪੂ ਆਸਾਰਾਮ ਨੂੰ ਮਹਿਲਾ ਸ਼ਰਧਾਲੂ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਆਸ਼ਾਰਾਮ ਖ਼ਿਲਾਫ਼ ਜਬਰ-ਜਨਾਹ ਦਾ ਇਹ ਕੇਸ ਸਾਲ 2013 ਵਿੱਚ ਦਰਜ ਕੀਤਾ ਗਿਆ ਸੀ। ਜਸਟਿਸ ਡੀ. ਕੇ. ਸੋਨੀ ਵੱਲੋਂ ਸਜ਼ਾ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ। ਇਸ ਕੇਸ ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਛੇ ਜਣਿਆਂ ਨੂੰ ਬਰੀ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਆਸਾਰਾਮ ਦੀ ਪਤਨੀ ਵੀ ਸ਼ਾਮਲ ਹੈ। ਮੌਜੂਦਾ ਸਮੇਂ ਆਸਾਰਾਮ ਜਬਰ-ਜਨਾਹ ਦੇ ਇਕ ਕੇਸ ਵਿੱਚ ਸਜ਼ਾ ਭੁਗਤ ਰਿਹਾ ਹੈ ਤੇ ਜੋਧਪੁਰ ਦੀ ਜੇਲ੍ਹ ਵਿੱਚ ਬੰਦ ਹੈ। ਮੌਜੂਦਾ ਕੇਸ ਦੇ ਵੇਰਵਿਆਂ ਅਨੁਸਾਰ ਸੂਰਤ ਵਿੱਚ ਰਹਿਣ ਵਾਲੀ ਮਹਿਲਾ ਸ਼ਰਧਾਲੂ ਨੇ ਜਬਰ-ਜਨਾਹ ਤੇ ਗੈਰਕਾਨੂੰਨੀ ਹਿਰਾਸਤ ਦੇ ਮਾਮਲੇ ਵਿੱਚ ਆਸਾਰਾਮ ਤੇ ਸੱਤ ਹੋਰਨਾਂ ਖ਼ਿਲਾਫ਼ ਅਕਤੂਬਰ 2013 ਵਿੱਚ ਕੇਸ ਦਰਜ ਕਰਵਾਇਆ ਸੀ। ਉਸ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਆਸਾਰਾਮ ਨੇ ਸਾਲ 2001 ਤੋਂ 2006 ਦਰਮਿਆਨ ਆਸ਼ਰਮ ਵਿੱਚ ਰਹਿੰਦਿਆਂ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ। ਪੁਲੀਸ ਨੇ ਇਸ ਕੇਸ ਵਿੱਚ ਜੁਲਾਈ 2014 ਵਿੱਚ ਚਾਰਜਸ਼ੀਟ ਪੇਸ਼ ਕੀਤੀ ਸੀ। ਕੇਸ ਦੀ ਸੁਣਵਾਈ ਦੌਰਾਨ ਇਨ੍ਹਾਂ ਸੱਤਾਂ ਵਿੱਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਸੀ।