ਧਾਰਮਿਕ ਤੇ ਵਿਦਿਅਕ ਖੇਤਰ ’ਚ ਯੋਗਦਾਨ ਪਾਉਣ ਵਾਲੇ ਸੰਤ ਅਤਰ ਸਿੰਘ ਮਸਤੂਆਣਾ

ਧਾਰਮਿਕ ਤੇ ਵਿਦਿਅਕ ਖੇਤਰ ’ਚ ਯੋਗਦਾਨ ਪਾਉਣ ਵਾਲੇ ਸੰਤ ਅਤਰ ਸਿੰਘ ਮਸਤੂਆਣਾ

ਸਤਨਾਮ ਸਿੰਘ ਸੱਤੀ

ਸੰਤ ਅਤਰ ਸਿੰਘ ਜੀ ਅਜਿਹੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਧਰਮ ਦੇ ਪ੍ਰਚਾਰ ਦੇ ਨਾਲ ਨਾਲ ਵਿੱਦਿਆ ਦੇ ਪਸਾਰ ਲਈ ਵੱਡੇ ਅਤੇ ਬਹੁ-ਪਰਤੀ ਉੱਦਮ ਕੀਤੇ। ਉਨ੍ਹਾਂ ਮਾਲਵੇ ਦੇ ਪੱਛੜੇ ਇਲਾਕੇ ਵਿਚ ਮਸਤੂਆਣਾ ਦੇ ਜੰਗਲ ਵਿਚ ਸਕੂਲ ਕਾਲਜ ਸਥਾਪਤ ਕੀਤੇ ਅਤੇ ਇਸ ਨੂੰ ਵਿੱਦਿਆ ਕੇਂਦਰ ਬਣਾਇਆ। ਉਹ ਪਹਿਲੇ ਸੰਤ ਸਨ ਜਿਨ੍ਹਾਂ ਨੂੰ ਸਮੇਂ ਦੀਆਂ ਸਮੂਹ ਖਾਲਸਾ ਜਥੇਬੰਦੀਆਂ ਨੇ ਸੰਤ ਦੀ ਉਪਾਧੀ ਦਿੱਤੀ। ਉਨ੍ਹਾਂ ਨੂੰ ਸ਼੍ਰੋਮਣੀ ਸੰਤ ਮੰਨ ਕੇ 1911 ਵਿਚ ਦਿੱਲੀ ਵਿਚ ਜਾਰਜ ਪੰਚਮ ਦੇ ਤਾਜਪੋਸ਼ੀ ਸਮਾਗਮ ਸਮੇਂ ਜਲੂਸ ਦੀ ਅਗਵਾਈ ਲਈ ਬੇਨਤੀ ਕੀਤੀ ਗਈ ਜਿੱਥੇ ਉਨ੍ਹਾਂ ਦਾ ਜਾਹੋ-ਜਲਾਲ ਦੇਖ ਕੇ ਜਾਰਜ ਪੰਚਮ ਨੇ ਵੀ ਸਤਿਕਾਰ ਭੇਂਟ ਕੀਤਾ।

ਵਿੱਦਿਆ ਦਾਨੀ, ਪਰਉਪਕਾਰੀ, ਗੁਰਮਤਿ ਦੇ ਪ੍ਰਚਾਰਕ ਸੰਤ ਅਤਰ ਸਿੰਘ ਨੇ ਚੀਮਾ (ਜ਼ਿਲ੍ਹਾ ਸੰਗਰੂਰ) ਵਿਚ ਮਾਤਾ ਭੋਲੀ ਅਤੇ ਪਿਤਾ ਕਰਮ ਸਿੰਘ ਦੇ ਘਰ 23 ਮਾਰਚ 1866 ਨੂੰ ਜਨਮ ਲਿਆ। ਜਵਾਨ ਉਮਰ ਵਿਚ ਉਹ ਫ਼ੌਜ ਵਿਚ ਭਰਤੀ ਹੋ ਗਏ ਪਰ ਸਾਧੂ ਬਿਰਤੀ ਦੇ ਮਾਲਕ ਬਾਬਾ ਅਤਰ ਸਿੰਘ ਜੀ ਫ਼ੌਜ ਦੀ ਡਿਊਟੀ ਦੇ ਨਾਲ ਨਾਲ ਨਾਮ ਧਿਆਉਣ ਵਿਚ ਲੀਨ ਰਹਿੰਦੇ। ਨਾਮ ਧਿਆਉਣ ਲਈ ਵਧੇਰੇ ਸਮੇਂ ਦੀ ਲੋੜ ਨੂੰ ਮਹਿਸੂਸ ਕਰਦਿਆਂ ਉਨ੍ਹਾਂ ਫ਼ੌਜ ਦੀ ਨੌਕਰੀ ਤੋਂ ਛੁੱਟੀ ਲੈ ਲਈ। ਫ਼ੌਜ ਦੀ ਨੌਕਰੀ ਛੱਡਣ ਮਗਰੋਂ ਉਨ੍ਹਾਂ ਘਰ ਜਾਣ ਦੀ ਥਾਂ ਪਾਕਿਸਤਾਨ ਵਿਚ ਪੋਠੋਹਾਰ, ਰਾਵਲਪਿੰਡੀ, ਤਰਨਤਾਰਨ, ਅੰਮ੍ਰਿਤਸਰ ਆਦਿ ਇਲਾਕਿਆਂ ਵਿਚ ਗੁਰਮਤਿ ਪ੍ਰਚਾਰ ਦੀ ਲਹਿਰ ਆਰੰਭ ਕੀਤੀ। ਇਸ ਦੌਰਾਨ ਉਨ੍ਹਾਂ ਦਾ ਮੇਲ ਭਾਈ ਕਾਹਨ ਸਿੰਘ ਨਾਭਾ, ਮਾਸਟਰ ਤਾਰਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ (ਖ਼ਾਲਸਾ ਕਾਲਜ ਅੰਮ੍ਰਿਤਸਰ) ਆਦਿ ਵਿਦਵਾਨਾਂ ਨਾਲ ਹੋਇਆ। ਪ੍ਰਿੰਸੀਪਲ ਤੇਜਾ ਸਿੰਘ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਸੰਤ ਜੀ ਨੂੰ ਹਰ ਕਿਸਮ ਦੀ ਸੇਵਾ ਦਾ ਵਚਨ ਕੀਤਾ। ਰਿਆਸਤਾਂ ਦੇ ਰਾਜੇ ਮਹਾਰਾਜੇ ਵੀ ਉਨ੍ਹਾਂ ਦੇ ਸਜਾਏ ਦੀਵਾਨਾਂ ਵਿਚ ਹਾਜ਼ਰੀ ਭਰਦੇ। ਉਨ੍ਹਾਂ ਆਪਣੇ ਜੀਵਨ ਕਾਲ ਵਿਚ 14 ਲੱਖ ਦੇ ਕਰੀਬ ਅਭਿਲਾਸ਼ੀਆਂ ਨੂੰ ਅੰਮ੍ਰਿਤਪਾਨ ਕਰਵਾਇਆ।

ਉਨ੍ਹਾਂ ਕਾਂਝਲੇ ਵਾਲੇ ਸੰਤ ਬਿਸ਼ਨ ਸਿੰਘ ਦੀ ਬੇਨਤੀ ਮੰਨ ਕੇ ਪੋਠੋਹਾਰ (ਪਾਕਿਸਤਾਨ) ਦੇ ਇਲਾਕੇ ਤੋਂ ਮਾਲਵਾ ਖੇਤਰ ਦਾ ਕਾਇਆ-ਕਲਪ ਕਰਨ ਲਈ ਮਸਤੂ ਜੱਟ ਦੇ ਝਿੜੇ ਨੂੰ ਭਾਗ ਲਾਏ। ਪਿੰਡ ਬਡਰੁੱਖਾਂ ਦੇ ਭਾਈ ਨੱਥਾ ਸਿੰਘ ਧਾਲੀਵਾਲ ਦੇ ਪਰਿਵਾਰ ਨੇ 65 ਵਿੱਘੇ ਜ਼ਮੀਨ ਦਾਨ ਕੀਤੀ। ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੇ ਵੱਡੀ ਮਾਇਕ ਮਦਦ ਅਤੇ 1000 ਵਿੱਘਾ ਜ਼ਮੀਨ ਇਸ ਅਸਥਾਨ ਨੂੰ ਦਾਨ ਕੀਤੀ। ਉੱਥੇ ਗੁਰਦੁਆਰਾ ਗੁਰਸਾਗਰ ਸਾਹਿਬ, ਅਕਾਲ ਸਰੋਵਰ, ਅਕਾਲ ਲੰਗਰ, ਅਕਾਲ ਸਕੂਲ ਅਤੇ ਅਕਾਲ ਕਾਲਜ ਬਣਾ ਕੇ ਵਿਸ਼ਾਲ ਧਾਰਮਿਕ ਵਿੱਦਿਅਕ ਕੇਂਦਰ ਦੀ ਸਥਾਪਨਾ ਕੀਤੀ ਜੋ ਅੱਜ ਸੰਤ ਅਤਰ ਸਿੰਘ ਜੀ ਦੇ ਆਸ਼ੇ ਅਨੁਕੂਲ ਯੂਨੀਵਰਸਿਟੀ ਬਣਨ ਲਈ ਯਤਨਸ਼ੀਲ ਹੈ। ਉੱਥੇ ਅਕਾਲ ਕਾਲਜ ਕੌਂਸਲ ਦੇ ਪ੍ਰਬੰਧ ਅਧੀਨ 10 ਵਿੱਦਿਅਕ ਸੰਸਥਾਵਾਂ, ਗੁਰਦੁਆਰਾ ਗੁਰਸਾਗਰ ਸਾਹਿਬ, ਗੁਰਦੁਆਰਾ ਅੰਗੀਠਾ ਸਾਹਿਬ ਅਤੇ ਗੁਰਦੁਆਰਾ ਮਾਤਾ ਭੋਲੀ ਜੀ ਹਨ। ਸੰਗਰੂਰ-ਬਰਨਾਲਾ ਸੜਕ ’ਤੇ ਸਥਿਤ ਇਹ ਸਥਾਨ ਵਿੱਦਿਆ ਪ੍ਰਾਪਤੀ ਲਈ ਆਦਰਸ਼ਕ ਹੈ।

ਸੰਤ ਅਤਰ ਸਿੰਘ ਦਾ ਉਦੇਸ਼ ਸੀ ਕਿ ਪੱਛਮੀ ਮੁਲਕਾਂ ਦੀ ਸਾਇੰਸ ਪੜ੍ਹਾਈ ਅਤੇ ਭਾਰਤ ਦੀ ਅਧਿਆਤਮਿਕ ਵਿੱਦਿਆ ਦਾ ਸੁਮੇਲ ਕਰ ਦਿੱਤਾ ਜਾਵੇ ਤਾਂ ਜੋ ਭਾਰਤੀ ਗੁਰਸਿੱਖ ਬੱਚੇ ਅੰਮ੍ਰਿਤਧਾਰੀ ਰਹਿੰਦੇ ਹੋਏ ਉਚੇਰੀ ਵਿੱਦਿਆ ਹਾਸਲ ਕਰ ਸਕਣ ਅਤੇ ਪੱਛਮੀ ਦੇਸ਼ਾਂ ਵਿਚ ਜਾ ਕੇ ਪੜ੍ਹਨ ਸਮੇਂ ਪਤਿਤ ਨਾ ਹੋਣ। ਇਸ ਵਿਸ਼ੇਸ਼ ਮਨੋਰਥ ਹਿੱਤ ਉਨ੍ਹਾਂ ਸੇਵਕ ਪ੍ਰਿੰਸੀਪਲ ਤੇਜਾ ਸਿੰਘ ਨੂੰ ਇੰਗਲੈਂਡ, ਅਮਰੀਕਾ ਉਚੇਰੀ ਵਿੱਦਿਆ ਪੜ੍ਹਨ ਲਈ ਭੇਜਿਆ ਅਤੇ ਵਾਪਸ ਆਉਣ ’ਤੇ ਕਾਲਜ ਸਕੂਲ ਦਾ ਪ੍ਰਿੰਸੀਪਲ ਤੇ ਮੁੱਖ ਵਿੱਦਿਅਕ ਪ੍ਰਬੰਧਕ ਲਾਇਆ। ਭਵਿੱਖ ਦੀਆਂ ਲੋੜਾਂ ਨੂੰ ਸਮੇਂ ਤੋਂ ਪਹਿਲਾਂ ਹੀ ਅਨੁਭਵ ਕਰ ਕੇ ਸੰਤ ਜੀ ਨੇ ਮਸਤੂਆਣਾ ਵਿਚ ਇਸਤਰੀ ਸਿੱਖਿਆ ਅਤੇ ਉਦਯੋਗਿਕ ਸਿੱਖਿਆ ਦੇ ਉਚੇਚੇ ਪ੍ਰਬੰਧ ਕੀਤੇ। 1963 ਵਿਚ ਅਕਾਲ ਐਗਰੀਕਲਚਰ ਕਾਲਜ ਆਰੰਭ ਕੀਤਾ ਜੋ ਮਾਇਕ ਔਕੜਾਂ ਕਾਰਨ ਥੋੜਾ ਸਮਾਂ ਹੀ ਚੱਲ ਸਕਿਆ।

ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ ਦੀ ਅਗਵਾਈ ਅਧੀਨ ਵਿੱਦਿਆ ਦਾ ਇਹ ਕੇਂਦਰ ਤਰੱਕੀ ਕਰ ਰਿਹਾ ਹੈ। ਸੰਤ ਜੀ ਦੇ ਗੁਣਾਂ ਨੂੰ ਦੇਖਦੇ ਹੋਏ ਚੀਫ ਖਾਲਸਾ ਦੀਵਾਨ ਅਤੇ ਸਿੱਖ ਐਜੂਕੇਸ਼ਨ ਕਾਨਫਰੰਸ ਫਿਰੋਜ਼ਪੁਰ ਨੇ ਵਿਸ਼ੇਸ਼ ਗੁਰਮਤੇ ਅਤੇ ਰਸਮ ਰਾਹੀਂ ਭਾਈ ਅਤਰ ਸਿੰਘ ਨੂੰ ਸੰਤ ਅਤਰ ਸਿੰਘ ਦੀ ਪਦਵੀ ਦੇ ਕੇ ਨਿਵਾਜਿਆ। ਅੰਤਲੇ ਸਮੇਂ 1923 ਈਸਵੀ ਵਿਚ ਸੰਤ ਅਤਰ ਸਿੰਘ ਮਸਤੂਆਣਾ ਵਿਖੇ ਅਕਾਲ ਕਾਲਜ ਕੌਂਸਲ ਦੀ ਸਥਾਪਨਾ ਕਰ ਕੇ ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਵਿਖੇ ਜਾ ਕੇ ਸਰੋਵਰ ਦੀ ਕਾਰ ਸੇਵਾ ਲਈ ਚਲੇ ਗਏ ਅਤੇ ਜਨਵਰੀ 1927 ਨੂੰ ਸੰਗਰੂਰ ਗੋਬਿੰਦਰ ਸਿੰਘ ਸਿਬੀਆ ਦੇ ਘਰ ਆ ਠਹਿਰੇ। ਪਹਿਲੀ ਫਰਵਰੀ 1927 ਨੂੰ ਉਨ੍ਹਾਂ ਆਪਣਾ ਸਰੀਰ ਤਿਆਗ ਦਿੱਤਾ। ਉਨ੍ਹਾਂ ਦੀ ਯਾਦ ’ਚ ਗੁਰਦੁਆਰਾ ਜੋਤੀ ਸਰੂਪ ਸਥਾਪਤ ਹੈ। ਉਨ੍ਹਾਂ ਦਾ ਮਸਤੂਆਣਾ ਨਾਲ ਲਗਾਉ ਹੋਣ ਕਾਰਨ ਸ਼ਰਧਾਲੂਆਂ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕੀਤਾ। ਇਸ ਜਗ੍ਹਾ ’ਤੇ ਅੱਜ ਕੱਲ੍ਹ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਹੈ। ਸੰਤ ਅਤਰ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਹਰ ਸਾਲ 17, 18 ਅਤੇ 19 ਮਾਘ (30, 31 ਜਨਵਰੀ ਤੇ 1 ਫਰਵਰੀ) ਨੂੰ ਉਨ੍ਹਾਂ ਦੇ ਬਰਸੀ ਸਮਾਗਮ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਚ ਮਨਾਏ ਜਾਂਦੇ ਹਨ।