ਭਾਜਪਾ ਆਪਣੇ ਦਮ ’ਤੇ ਲੜੇਗੀ ਸਾਰੀਆਂ ਚੋਣਾਂ: ਅਸ਼ਵਨੀ ਸ਼ਰਮਾ

ਭਾਜਪਾ ਆਪਣੇ ਦਮ ’ਤੇ ਲੜੇਗੀ ਸਾਰੀਆਂ ਚੋਣਾਂ: ਅਸ਼ਵਨੀ ਸ਼ਰਮਾ

ਅੰਮ੍ਰਿਤਸਰ- ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਨਗਰ ਨਿਗਮ, ਨਗਰ ਪੰਚਾਇਤ ਅਤੇ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪਾਰਟੀ ਵੱਲੋਂ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਜ ਇੱਥੇ ਜ਼ਿਲ੍ਹਾ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਯਾਦਗਾਰ ਵਿੱਚ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਬੈਠਕ ਕੀਤੀ। ਮੀਟਿੰਗ ਵਿਚ ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ’ਚ ਨਗਰ ਨਿਗਮ ਚੋਣਾਂ ਦਾ ਬਿਗਲ ਵਜ ਚੁੱਕਾ ਹੈ ਅਤੇ ਸਾਰੇ ਭਾਜਪਾ ਅਹੁਦੇਦਾਰ ਤੇ ਵਰਕਰ ਆਪੋ-ਆਪਣੇ ਖੇਤਰਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਭਾਜਪਾ ਦੀ ਵਿਚਾਰਧਾਰਾ ਤੇ ਮੋਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੋਂ ਜਾਣੂ ਕਰਵਾਉਣ।

ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਭਾਜਪਾ ਹਾਈਕਮਾਨ ਨੇ ਸਾਰੇ ਜ਼ਿਲ੍ਹਿਆਂ ਤੋਂ ਫੀਡਬੈਕ ਲਈ ਹੈ। ਵਰਕਰ ਪੂਰੀ ਤਰ੍ਹਾਂ ਤਿਆਰ ਹਨ ਤੇ ਉਹ ਪਹਿਲਾਂ ਹੀ ਮੈਦਾਨ ’ਚ ਨਿੱਤਰੇ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਹਲਕਿਆਂ ਤੋਂ ਫੀਡਬੈਕ ਲੈ ਕੇ ਯੋਗ ਉਮੀਦਵਾਰ ਨੂੰ ਚੋਣ ਲੜਨ ਦਾ ਮੌਕਾ ਦੇਵੇਗੀ ਅਤੇ ਇਸ ਲਈ ਪਾਰਟੀ ਵੱਲੋਂ ਰਣਨੀਤੀ ਵੀ ਤਿਆਰ ਕਰ ਲਈ ਗਈ ਹੈ। ਉਨ੍ਹਾਂ ਸਮੂਹ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਆਪੋ-ਆਪਣੇ ਇਲਾਕੇ ਦੇ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਦੀ ਪੰਜਾਬ ਤੇ ਪੰਜਾਬੀਅਤ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਣ। ਮੀਟਿੰਗ ’ਚ ਸੰਗਠਨ ਦੇ ਜਨਰਲ ਸਕੱਤਰ ਸ੍ਰੀਨਿਵਾਸਲੂ ਅਤੇ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਵੀ ਉਨ੍ਹਾਂ ਨਾਲ ਸਨ। ਇਸ ਮੌਕੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ, ਸੂਬਾ ਸਕੱਤਰ ਰਾਜੇਸ਼ ਹਨੀ ਆਦਿ ਹਾਜ਼ਰ ਸਨ।