ਮੀਂਹ ਵੀ ਨਾ ਰੋਕ ਸਕਿਆ ਬੀਟਿੰਗ ਰੀਟ੍ਰੀਟ ਦਾ ਉਤਸ਼ਾਹ

ਮੀਂਹ ਵੀ ਨਾ ਰੋਕ ਸਕਿਆ ਬੀਟਿੰਗ ਰੀਟ੍ਰੀਟ ਦਾ ਉਤਸ਼ਾਹ

ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਕੀਤੀ ਸ਼ਿਰਕਤ; ਸੈਨਾਵਾਂ ਦੇ ਵੱਖ ਵੱਖ ਬੈਂਡਾਂ ਨੇ 29 ਧੁਨਾਂ ਵਜਾਈਆਂ
ਨਵੀਂ ਦਿੱਲੀ – ਇਤਿਹਾਸਕ ਵਿਜੈ ਚੌਕ ’ਤੇ ਅੱਜ ਹੋਏ ਬੀਟਿੰਗ ਰੀਟ੍ਰੀਟ ਸਮਾਰੋਹ ਦੇ ਜੋਸ਼ ਨੂੰ ਮੀਂਹ ਵੀ ਠੰਢਾ ਨਾ ਕਰ ਸਕਿਆ। ਹਥਿਆਰਬੰਦ ਸੈਨਾਵਾਂ ਦੇ ਬੈਂਡਾਂ ਨੇ ਭਾਰਤੀ ਕਲਾਸੀਕਲ ਸੰਗੀਤ ਦੀਆਂ ਧੁਨਾਂ ਵਜਾ ਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਨਾਲ ਗਣਤੰਤਰ ਦਿਵਸ ਜਸ਼ਨਾਂ ਦੀ ਸਮਾਪਤੀ ਹੋ ਗਈ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਆਗਮਨ ਨਾਲ ਸਮਾਗਮ ਦੀ ਸ਼ੁਰੂਆਤ ਹੋਈ। ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਵਾਗਤ ਕੀਤਾ। ਸਮਾਰੋਹ ਖ਼ਤਮ ਹੋਣ ਮਗਰੋਂ ਪ੍ਰਧਾਨ ਮੰਤਰੀ ਲੋਕਾਂ ਨੇੜੇ ਪਹੁੰਚ ਗਏ ਜਿਸ ਕਾਰਨ ਉਹ ਮੀਂਹ ’ਚ ਭਿੱਜ ਗਏ। ਨੌਰਥ ਅਤੇ ਸਾਊਥ ਬਲਾਕ ਸਾਹਮਣੇ ਪਹਿਲੀ ਵਾਰ 3-ਡੀ ਐਨਾਮੋਰਫਿਕ ਪ੍ਰੋਜੈਕਸ਼ਨ ਕੀਤੀ ਗਈ। ਸਮਾਰੋਹ ਦੌਰਾਨ ਥਲ, ਜਲ, ਹਵਾਈ ਫ਼ੌਜ ਦੇ ਨਾਲ ਨਾਲ ਪ੍ਰਦੇਸ਼ ਪੁਲੀਸ ਅਤੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੇ ਬੈਂਡਾਂ ਵੱਲੋਂ 29 ਧੁਨਾਂ ਵਜਾਈਆਂ ਗਈਆਂ। ਮੈਦਾਨ ਗਿੱਲਾ ਹੋਣ ਦੇ ਬਾਵਜੂਦ ਜਵਾਨਾਂ ਦਾ ਸੰਗੀਤ ਦੀ ਧੁਨ ’ਤੇ ਕਦਮਤਾਲ ਦੇਖਣ ਵਾਲਾ ਸੀ। ਬੈਂਡਾਂ ਨੇ ‘ਅਗਨੀਵੀਰ’, ‘ਅਲਮੋੜਾ’, ‘ਕੇਦਾਰਨਾਥ’, ‘ਅਪਰਾਜੇਯ’, ‘ਚਰਖਾ’, ‘ਸਵਦੇਸ਼ੀ’, ‘ਏਕਲਾ ਚਲੋ’, ‘ਹਮ ਹੈਂ ਤਿਆਰ’, ‘ਸ਼ੇਰ-ਏ-ਜਵਾਨ’, ‘ਯੰਗ ਇੰਡੀਆ’, ‘ਕਦਮ ਕਦਮ ਬੜਾਏ ਜਾ’, ‘ਐ ਮੇਰੇ ਵਤਨ ਕੇ ਲੋਗੋਂ’ ਆਦਿ ਧੁਨਾਂ ਵਜਾ ਕੇ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਸਮਾਗਮ ਦੀ ਸਮਾਪਤੀ ‘ਸਾਰੇ ਜਹਾਂ ਸੇ ਅੱਛਾ’ ਦੀ ਧੁਨ ਨਾਲ ਹੋਈ। ਖ਼ਰਾਬ ਮੌਸਮ ਕਾਰਨ 3500 ਸਵਦੇਸ਼ੀ ਡਰੋਨਾਂ ਨਾਲ ਸਬੰਧਤ ਸ਼ੋਅ ਰੱਦ ਕਰਨਾ ਪਿਆ। ਜ਼ਿਕਰਯੋਗ ਹੈ ਕਿ ਇਹ ਸਦੀਆਂ ਪੁਰਾਣੀ ਰਵਾਇਤ ਰਹੀ ਹੈ ਜਦੋਂ ਫ਼ੌਜਾਂ ਸੂਰਜ ਛਿਪਣ ਮਗਰੋਂ ਕੈਂਪਾਂ ’ਚ ਵਾਪਸੀ ਦਾ ਬਿਗਲ ਵਜਾ ਕੇ ਜੰਗ ਬੰਦ ਕਰਨ ਦਾ ਸੰਕੇਤ ਦਿੰਦੀਆਂ ਸਨ।