ਨਹਿਰੀਬੰਦੀ: ਕਿਸਾਨ ਮਹਿੰਗੇ ਭਾਅ ਡੀਜ਼ਲ ਫੂਕ ਕੇ ਪਾਲ ਰਹੇ ਨੇ ਫ਼ਸਲਾਂ

ਨਹਿਰੀਬੰਦੀ: ਕਿਸਾਨ ਮਹਿੰਗੇ ਭਾਅ ਡੀਜ਼ਲ ਫੂਕ ਕੇ ਪਾਲ ਰਹੇ ਨੇ ਫ਼ਸਲਾਂ

ਸਰਕਾਰ ਨੇ ਗ਼ਲਤ ਸਮੇਂ ਕੀਤਾ ਨਹਿਰ ਦਾ ਪਾਣੀ ਬੰਦ: ਰੁਲਦੂ ਸਿੰਘ ਮਾਨਸਾ
ਮਾਨਸਾ- ਨਹਿਰੀਬੰਦੀ ਹੋਣ ਕਾਰਨ ਕਿਸਾਨ ਆਪਣੀ ਫ਼ਸਲ ਪਾਲਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕ ਰਹੇ ਹਨ ਅਤੇ ਮਾਲਵੇ ਵਿੱਚ ਧਰਤੀ ਹੇਠਲਾ ਪਾਣੀ ਵੀ ਪੀਣਯੋਗ ਨਹੀਂ ਹੈ, ਪਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਨਹਿਰੀ ਬੰਦੀ ਨੂੰ ਖ਼ਤਮ ਕਰਨ ਦਾ ਅਜੇ ਤੱਕ ਕੋਈ ਯਤਨ ਨਹੀਂ ਕੀਤਾ ਗਿਆ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਦੋਂ ਹੁਣ ਕਿਸਾਨਾਂ ਨੂੰ ਕਣਕ ਨੂੰ ਪਾਣੀ ਲਾਉਣ ਦੀ ਜ਼ਰੂਰਤ ਹੈ ਤਾਂ ਸਰਕਾਰ ਨੇ ਗ਼ਲਤ ਸਮੇਂ ’ਤੇ ਨਹਿਰੀ ਪਾਣੀ ਦੀ ਬੰਦੀ ਕਰ ਰੱਖੀ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਆਪਣੀਆਂ ਫ਼ਸਲਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨਸਾ-ਬਠਿੰਡਾ ਦੇ ਲੋਕ ਨਹਿਰੀ ਪਾਣੀ ਦੀ ਬੰਦੀ ਕਾਰਨ ਆਪਣੀ ਪਿਆਸ ਬੁਝਾਉਣ ਲਈ ਧਰਤੀ ਹੇਠਲਾ ਮਾੜਾ ਪਾਣੀ ਪੀਣ ਲਈ ਮਜਬੂਰ ਹਨ ਤੇ ਇਸ ਪਾਣੀ ਕਾਰਨ ਲੋਕਾਂ ਨੂੰ ਖਤਰਨਾਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਪਹਿਲਾਂ ਹੀ ਕਰਜ਼ੇ ਵਿਚ ਨਪੀੜੀ ਕਿਸਾਨੀ ਉਪਰ ਬਿਮਾਰੀਆਂ ਦੇ ਇਲਾਜ ਦਾ ਹੋਰ ਬੋਝ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾਈ ਆਗੂ ਕੁਲਦੀਪ ਸਿੰਘ ਚੱਕ ਭਾਈਕੇ ਨੇ ਕਿਹਾ ਕਿ ਫਸਲਾਂ ਨੂੰ ਪਾਣੀ ਲਾਉਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ. ਐਲ.) ਵੱਲੋਂ ਅੱਠ ਘੰਟੇ ਬਿਜਲੀ ਵੀ ਸਹੀ ਰੂਪ ਵਿੱਚ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਫ਼ਸਲਾਂ ਨੂੰ ਪਾਣੀ ਦੇਣ ਲਈ ਇੰਜਣਾਂ ਤੇ ਜਨਰੇਟਰਾਂ ਰਾਹੀਂ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜ਼ਬੂਰ ਹਨ। ਇਸੇ ਦੌਰਾਨ ਸਿੰਜਾਈ ਵਿਭਾਗ ਦੇ ਮਾਨਸਾ ਸਥਿਤ ਐਕਸੀਅਨ ਜਗਮੀਤ ਸਿੰਘ ਭਾਕਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਵਿਭਾਗ ਵੱਲੋਂ 20 ਦਿਨਾਂ ਦੀ ਬੰਦੀ ਕੀਤੀ ਗਈ ਸੀ, ਪਰ ਹੁਣ ਕੱਲ੍ਹ ਤੱਕ ਨਹਿਰਾਂ ਵਿੱਚ ਸਿੰਜਾਈ ਲਈ ਪਾਣੀ ਪੂਰਾ ਭਰ ਜਾਵੇਗਾ ਅਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ।