ਹਰਮੀਤ ਢਿੱਲੋਂ ਰਿਪਬਲਿਕਨ ਪਾਰਟੀ ਦਾ ਚੋਟੀ ਦਾ ਅਹੁਦਾ ਜਿੱਤਣ ’ਚ ਅਸਫ਼ਲ

ਹਰਮੀਤ ਢਿੱਲੋਂ ਰਿਪਬਲਿਕਨ ਪਾਰਟੀ ਦਾ ਚੋਟੀ ਦਾ ਅਹੁਦਾ ਜਿੱਤਣ ’ਚ ਅਸਫ਼ਲ

ਵਾਸ਼ਿੰਗਟਨ – ਉੱਘੀ ਭਾਰਤੀ-ਅਮਰੀਕੀ ਸ਼ਖ਼ਸੀਅਤ ਹਰਮੀਤ ਢਿੱਲੋਂ ਰਿਪਬਲਿਕਨ ਨੈਸ਼ਨਲ ਕਮੇਟੀ (ਆਰਐੱਨਸੀ) ਦੀ ਚੇਅਰਮੈਨਸ਼ਿਪ ਹਾਸਲ ਕਰਨ ਵਿਚ ਸਫ਼ਲ ਨਹੀਂ ਹੋ ਸਕੀ ਹੈ। ਇਸ ਬੇਹੱਦ ਉੱਚੇ ਪੱਧਰ ਦੀ ਚੋਣ ਵਿਚ ਰੋਨਾ ਮੈਕਡੇਨੀਅਲ ਮੁੜ ਤੋਂ ਚੁਣੀ ਗਈ ਹੈ। ਢਿੱਲੋਂ (54) ਜੋ ਕਿ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਕੋ-ਚੇਅਰ ਰਹਿ ਚੁੱਕੀ ਹੈ, ਨੇ ਮੈਕਡੇਨੀਅਲ ਖ਼ਿਲਾਫ਼ ਚੋਣ ਲੜੀ ਸੀ। ਮੈਕਡੇਨੀਅਲ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਮਾਇਤ ਨਾਲ 2016 ਵਿਚ ਆਰਐੱਨਸੀ ਦੀ ਚੇਅਰਮੈਨਸ਼ਿਪ ਹਾਸਲ ਕੀਤੀ ਸੀ। ਹਾਲ ਹੀ ਵਿਚ ਪਈਆਂ ਵੋਟਾਂ ਵਿਚ ਰੋਨਾ ਨੇ ਢਿੱਲੋਂ ਨੂੰ ਆਸਾਨੀ ਨਾਲ ਹਰਾ ਦਿੱਤਾ। ਰੌਨਾ ਨੂੰ 111 ਤੇ ਢਿੱਲੋਂ ਨੂੰ 51 ਵੋਟਾਂ ਪਈਆਂ। ਜ਼ਿਕਰਯੋਗ ਹੈ ਕਿ ਆਰਐੱਨਸੀ ਰਿਪਬਲਿਕਨ ਪਾਰਟੀ ਦੀ ਚੋਟੀ ਦੀ ਗਵਰਨਿੰਗ ਇਕਾਈ ਹੈ, ਜਿਸ ਦੀ ਅਗਵਾਈ ਟਰੰਪ ਕਰ ਰਹੇ ਹਨ। ਆਰਐੱਨਸੀ ਦੀ ਬੈਠਕ ਹਾਲ ਹੀ ਵਿਚ ਕੈਲੀਫੋਰਨੀਆ ਦੀ ਔਰੇਂਜ ਕਾਊਂਟੀ ਦੇ ਲਗਜ਼ਰੀ ਰਿਜ਼ੌਰਟ ਵਿਚ ਹੋਈ ਸੀ। ਇਸ ਜਿੱਤ ਨਾਲ ਹੁਣ ਮੈਕਡੇਨੀਅਲ ਰਿਕਾਰਡ ਚੌਥੀ ਵਾਰ ਆਰਐੱਨਸੀ ਦੀ ਕਮਾਨ ਸੰਭਾਲੇਗੀ। ਟਰੰਪ ਨੇ ਸੋਸ਼ਲ ਮੀਡੀਆ ’ਤੇ ਰੋਨਾ ਮੈਕਡੇਨੀਅਲ ਨੂੰ ਵਧਾਈ ਦਿੱਤੀ ਹੈ।