ਭਾਰਤ ਦੀ ਮਦਦ ਕਰੇ ਅਮਰੀਕਾ: ਨਿਊਲੈਂਡ

ਭਾਰਤ ਦੀ ਮਦਦ ਕਰੇ ਅਮਰੀਕਾ: ਨਿਊਲੈਂਡ

ਵਾਸ਼ਿੰਗਟਨ- ਭਾਰਤ ਦੌਰੇ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਦੀ ਅਧਿਕਾਰੀ ਵਿਕਟੋਰੀਆ ਨਿਊਲੈਂਡ ਨੇ ਅੱਜ ਕਾਂਗਰਸ ਮੈਂਬਰਾਂ ਨੂੰ ਕਿਹਾ ਕਿ ਰੂਸੀ ਫ਼ੌਜੀ ਸਾਜ਼ੋ-ਸਾਮਾਨ ਦਾ ਬਦਲ ਲੱਭਣ ਲਈ ਅਮਰੀਕਾ ਨੂੰ ਭਾਰਤ ਦੀ ਮਦਦ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ‘ਇਸ ਨੂੰ ਅਮਲੀ ਜਾਮਾ ਪਹਿਨਾਉਣਾ ਸਾਡੇ ਕੰਮ ਦਾ ਹਿੱਸਾ ਹੈ।’ ਜ਼ਿਕਰਯੋਗ ਹੈ ਕਿ ਵਿਦੇਸ਼ ਵਿਭਾਗ ਵਿਚ ਅੰਡਰ ਸਕੱਤਰ ਵਿਕਟੋਰੀਆ ਭਾਰਤ, ਨੇਪਾਲ, ਸ੍ਰੀਲੰਕਾ ਦੇ ਕਤਰ ਦੇ ਦੌਰੇ ਉਤੇ ਆ ਰਹੀ ਹੈ। ਉਹ ਵਿਦੇਸ਼ ਵਿਭਾਗ ਪੱਧਰ ਦੇ ਰਾਬਤੇ ਲਈ 28 ਜਨਵਰੀ ਤੋਂ 3 ਫਰਵਰੀ ਤੱਕ ਚਾਰ ਦੇਸ਼ਾਂ ਦੇ ਦੌਰੇ ਉਤੇ ਹੋਣਗੇ। ਰੂਸ ਬਾਰੇ ਅਮਰੀਕੀ ਕਾਂਗਰਸ ’ਚ ਬੋਲਦਿਆਂ ਨਿਊਲੈਂਡ ਨੇ ਸੈਨੇਟ ਦੀ ਵਿਦੇਸ਼ੀ ਸਬੰਧਾਂ ਬਾਰੇ ਕਮੇਟੀ ਦੇ ਮੈਂਬਰਾਂ ਨੂੰ ਕਿਹਾ, ‘ਮੈਨੂੰ ਲੱਗਦਾ ਹੈ ਕਿ ਭਾਰਤ 60 ਸਾਲ ਬਾਅਦ ਹੁਣ ਬਦਲ ਤਲਾਸ਼ ਰਿਹਾ ਹੈ, ਤੇ ਇਹ ਸਾਡੇ ਵੱਲੋਂ ਕੀਤੇ ਜਾਣ ਵਾਲੇ ਕੰਮ ਦਾ ਹਿੱਸਾ ਹੈ।’ ਜ਼ਿਕਰਯੋਗ ਹੈ ਕਿ ਭਾਰਤ ਨੂੰ ਰਿਪਬਲਿਕਨ ਤੇ ਡੈਮੋਕਰੈਟ ਮੈਂਬਰਾਂ ਦੀ ਆਲੋਚਨਾ ਸਹਿਣੀ ਪੈ ਰਹੀ ਹੈ। ਭਾਰਤ ਸੰਯੁਕਤ ਰਾਸ਼ਟਰ ਵਿਚ ਰੂਸ ਖ਼ਿਲਾਫ਼ ਵੋਟ ਪਾਉਣ ਤੋਂ ਲਾਂਭੇ ਹੋ ਗਿਆ ਸੀ। ਇਹ ਵੋਟਿੰਗ ਯੂਕਰੇਨ ’ਤੇ ਰੂਸ ਵੱਲੋਂ ਕੀਤੇ ਹਮਲੇ ਨਾਲ ਸਬੰਧਤ ਸੀ। ਭਾਰਤ ਵੱਲੋਂ ਰੂਸ ਤੋਂ ਖ਼ਰੀਦੀ ਗਈ ਐੱਸ-400 ਮਿਜ਼ਾਈਲ ਪ੍ਰਣਾਲੀ ’ਤੇ ਵੀ ਅਮਰੀਕਾ ਨੇ ਚਿੰਤਾ ਜ਼ਾਹਿਰ ਕੀਤੀ ਸੀ। ਸੈਨੇਟਰ ਜੈੱਫ ਮਰਕਲੇ ਨੇ ਇਸ ਮੌਕੇ ਕਿਹਾ ਕਿ ਭਾਰਤ, ਦੱਖਣੀ ਅਫ਼ਰੀਕਾ ਤੇ ਆਸੀਆਨ ਮੁਲਕਾਂ ਨਾਲ ਅਮਰੀਕਾ ਨੂੰ ਰੂਸ ਖ਼ਿਲਾਫ਼ ਸਹਿਮਤੀ ਬਣਾਉਣ ਵਿਚ ਮੁਸ਼ਕਲ ਆ ਰਹੀ ਹੈ। ਇਸ ’ਤੇ ਨਿਊਲੈਂਡ ਨੇ ਕਿਹਾ ਕਿ ਦੱਖਣੀ ਅਫ਼ਰੀਕਾ ਤੇ ਭਾਰਤ ਨਾਲ ਰੂਸ ਦੇ ਰਿਸ਼ਤੇ ਇਤਿਹਾਸਕ ਮਹੱਤਤਾ ਰੱਖਦੇ ਹਨ। ਨਿਊਲੈਂਡ ਨੇ ਕਿਹਾ ਕਿ ਅਮਰੀਕਾ ਲਗਾਤਾਰ ਇਨ੍ਹਾਂ ਦੇਸ਼ਾਂ ਨੂੰ ਇਸ ਨਿਰਭਰਤਾ ਬਾਰੇ ਚੌਕਸ ਕਰਦਾ ਰਿਹਾ ਹੈ ਤੇ ਕਰਦਾ ਰਹੇਗਾ। ਤੇਲ ਦੀ ਕੀਮਤ ਤੈਅ ਕਰਨ ਦੇ ਮੁੱਦੇ ਉਤੇ ਅਮਰੀਕੀ ਕੂਟਨੀਤਕ ਨੇ ਕਿਹਾ ਕਿ ਸਸਤੇ ਰੂਸੀ ਤੇਲ ਦਾ ਸਭ ਤੋਂ ਵੱਧ ਲਾਹਾ ਭਾਰਤ ਤੇ ਹੋਰ ਮੁਲਕਾਂ ਨੂੰ ਮਿਲ ਰਿਹਾ ਹੈ। ਨਿਊਲੈਂਡ ਨੇ ਕਿਹਾ, ‘ਅਸੀਂ ਹੁਣ ਉਨ੍ਹਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਕਿ ਰੂਸੀ ਹਥਿਆਰਾਂ ਦਾ ਬਦਲ ਤਲਾਸ਼ਿਆ ਜਾ ਸਕੇ। ਅਗਲੇ ਹਫ਼ਤੇ ਭਾਰਤ ਯਾਤਰਾ ਮੌਕੇ ਇਸ ਉਤੇ ਚਰਚਾ ਹੋਵੇਗੀ।