ਸੰਚਾਰ ਤੇ ਸੰਸਾਰ- ਸੱਭਿਆਚਾਰ ਬਨਾਮ ਸੋਸ਼ਲ ਮੀਡੀਆ

ਸੰਚਾਰ ਤੇ ਸੰਸਾਰ- ਸੱਭਿਆਚਾਰ ਬਨਾਮ ਸੋਸ਼ਲ ਮੀਡੀਆ

ਜਸਵੰਤ ਕੌਰ ਮਣੀ

ਸੱਭਿਆਚਾਰ ਕਿਸੇ ਸਮਾਜ ਜਾਂ ਕੌਮ ਦਾ ਸਰਮਾਇਆ ਹੁੰਦਾ ਹੈ। ਇਹ ਕਿਸੇ ਵੀ ਕੌਮ ਲਈ ਪਹਿਰਾਵੇ ਦਾ ਕੰਮ ਕਰਦਾ ਹੈ। ਹਰੇਕ ਕੌਮ ਅਤੇ ਸਮਾਜ ਦਾ ਆਪਣਾ ਅਲੱਗ-ਅਲੱਗ ਸੱਭਿਆਚਾਰ ਅਤੇ ਸੱਭਿਆਚਾਰਕ ਲੋੜਾਂ ਹੁੰਦੀਆਂ ਹਨ। ਕਿਸੇ ਵੀ ਖਿੱਤੇ ਜਾਂ ਸਮਾਜ ਨੂੰ ਜਾਣਨ ਤੇ ਸਮਝਣ ਲਈ ਉਸ ਖਿੱਤੇ ਦੇ ਸੱਭਿਆਚਾਰ ਨੂੰ ਜਾਣ ਲੈਣਾ ਬੇਹੱਦ ਜ਼ਰੂਰੀ ਹੈ। ਸੱਭਿਆਚਾਰ ਇੱਕ ਦਰਪਣ ਦੀ ਤਰ੍ਹਾਂ ਕਿਸੇ ਖਿੱਤੇ ਵਿੱਚ ਵਸਦੇ ਲੋਕਾਂ ਦੀ ਤਸਵੀਰ ਹੂ-ਬ-ਹੂ ਪੇਸ਼ ਕਰਦਾ ਹੈ। ਭਾਰਤ ਵਿਭਿੰਨਤਾਵਾਂ ਭਰਪੂਰ ਦੇਸ਼ ਹੈ ਜਿੱਥੇ ਵੱਖ-ਵੱਖ ਧਰਮਾਂ, ਜਾਤਾਂ ਆਦਿ ਦੇ ਲੋਕ ਵਸਦੇ ਹਨ। ਇਸ ਕਾਰਨ ਇੱਥੇ ਸੱਭਿਆਚਾਰ ਵੀ ਵਿਭਿੰਨ ਪ੍ਰਕਾਰ ਦਾ ਵਿਗਸਦਾ ਰਿਹਾ ਹੈ, ਪਰ ਸਭ ਦੀ ਸਾਂਝ ਅਨੇਕਤਾ ਵਿੱਚ ਏਕਤਾ ਦੀ ਵੀ ਪੇਸ਼ਕਾਰੀ ਕਰਦੀ ਹੈ। ਸਮੇਂ ਸਮੇਂ ’ਤੇ ਭਾਰਤ ਦੀਆਂ ਭੂਗੋਲਿਕ, ਆਰਥਿਕ, ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਦਿ ਪ੍ਰਸਥਿਤੀਆਂ ਵਿੱਚ ਪਰਿਵਰਤਨ ਆਉਂਦਾ ਰਿਹਾ। ਇਨ੍ਹਾਂ ਪਰਿਵਰਤਨਾਂ ਕਰਕੇ ਕਈ ਸੱਭਿਆਚਾਰਕ ਵੰਨਗੀਆਂ ਦਾ ਖ਼ਾਤਮਾ ਵੀ ਹੋਇਆ। ਬਹੁਤ ਸਾਰੀਆਂ ਸੱਭਿਆਚਾਰਕ ਵੰਨਗੀਆਂ ਅਲੋਪ ਹੋਣ ਦੇ ਕਿਨਾਰੇ ਹਨ। ਸੱਭਿਆਚਾਰ ਆਪਣੇ ਆਪ ਵਿੱਚ ਇੱਕ ਜਟਿਲ ਤੇ ਵਿਆਪਕ ਪ੍ਰਬੰਧ ਹੈ। ਇਸ ਦੀ ਜਟਿਲਤਾ ਦਾ ਕਾਰਨ ਹੈ ਕਿ ਇਸ ਵਿੱਚ ਅਨੇਕਾਂ ਹੀ ਪਰਤਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਇੱਕੇ ਸਮੇਂ ਤੇ ਇੱਕੋ ਸੰਦਰਭ ਵਿੱਚ ਵਿਸ਼ਲੇਸ਼ਣ ਕਰਨਾ ਲਗਪਗ ਟੇਢੀ ਖੀਰ ਹੈ। ਸੱਭਿਆਚਾਰ ਸੁੱਘੜ ਸੁਚੱਜੇ ਮਨੁੱਖ ਦਾ ਉਹ ਸੱਚਾ-ਸੁੱਚਾ ਆਚਾਰ-ਵਿਹਾਰ ਹੈ ਜਿਸ ਵਿੱਚ ਕਿਸੇ ਵਿਸ਼ੇਸ਼ ਖਿੱਤੇ ਦੇ ਪਰੰਪਰਈ ਵਿਸ਼ਵਾਸ, ਰੀਤੀ ਰਿਵਾਜ, ਰਹਿਣੀ-ਬਹਿਣੀ, ਖਾਣ-ਪੀਣ, ਪਹਿਣਨ, ਧਰਮ ਆਦਰਸ਼, ਕਲਾ ਆਦਿ ਸਭ ਕੁਝ ਸ਼ਾਮਲ ਹੁੰਦੇ ਹਨ।

ਭਾਰਤ ਵਿੱਚ 1990 ਤੋਂ ਮਗਰੋਂ ਬਹੁਕੌਮੀ ਪੂੰਜੀਵਾਦ ਦੇ ਗਿਣੇ-ਮਿੱਥੇ ਵਿਸ਼ਵੀਕਰਨ ਦੇ ਪ੍ਰੋਗਰਾਮ ਅਧੀਨ ਪ੍ਰਚਾਰਿਆ ਜਾ ਰਿਹਾ ਹੈ ਕਿ ਨਵੀਂ ਟਕਨਾਲੋਜੀ ਖ਼ਾਸਕਰ ਸੰਚਾਰ ਤੇ ਆਵਾਜਾਈ ਦੇ ਨਵੇਂ ਸਾਧਨ, ਮੀਡੀਆ, ਕੰਪਿਊਟਰ, ਈ-ਮੇਲ, ਇੰਟਰਨੈੱਟ ਵਰਗੇ ਨਵੇਂ ਸੰਦ ਸਾਧਨ ਸਮੁੱਚੀ ਦੁਨੀਆਂ ਨੂੰ ਇੱਕ ਆਲਮੀ ਪਿੰਡ ਵਿੱਚ ਬਦਲ ਰਹੇ ਹਨ। ਸੱਭਿਆਚਾਰ ਇੱਕ ਗਤੀਸ਼ੀਲ ਵਰਤਾਰਾ ਹੈ। ਜੇਕਰ ਅਸੀਂ ਆਪਣੇ ਇਤਿਹਾਸ ਤੋਂ ਲੈ ਕੇ ਹੁਣ ਤੱਕ ਦੀ ਸੱਭਿਆਚਾਰਕ ਯਾਤਰਾ ’ਤੇ ਨਜ਼ਰ ਮਾਰੀਏ ਤਾਂ ਅਸੀਂ ਉਦੋਂ ਦੇ ਸੱਭਿਆਚਾਰ ਤੇ ਹੁਣ ਦੇ ਸੱਭਿਆਚਾਰ ਦੇ ਵਿੱਚ ਬੜੀ ਹੀ ਤੇਜ਼ੀ ਨਾਲ ਪਰਿਵਰਤਨ ਹੋਇਆ ਦੇਖਦੇ ਹਾਂ। ਇਹ ਪਰਿਵਰਤਨ ਸੱਭਿਆਚਾਰ ਦੇ ਅੰਤਰਗਤ ਵੀ ਹੋ ਸਕਦੇ ਹਨ ਅਤੇ ਬਾਹਰੀ ਵੀ। ਸੱਭਿਆਚਾਰਕ ਪਰਿਵਰਤਨ ਹੋਣ ਦੇ ਅਨੇਕਾਂ ਹੀ ਕਾਰਨ ਹਨ, ਪਰ ਅਜੋਕੇ ਸਮੇਂ ਵਿੱਚ ਮੁੱਖ ਤੌਰ ’ਤੇ ਪਾਇਆ ਜਾਂਦਾ ਕਾਰਨ ਹੈ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਜਿੱਥੇ ਸੱਭਿਆਚਾਰ ਨੂੰ ਪ੍ਰਭਾਵਿਤ ਤੇ ਪਰਿਵਰਤਿਤ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ, ਉੱਥੇ ਨਾਲ ਹੀ ਸੱਭਿਆਚਾਰ ਨਾਲ ਕਈ ਪ੍ਰਕਾਰ ਦੇ ਸੰਬੰਧ ਵੀ ਕਾਇਮ ਕਰਦਾ ਹੈ। ਸੋਸ਼ਲ ਮੀਡੀਆ ਅੱਜ ਦੇ ਸਮੇਂ ਦੀ ਇੱਕ ਮੁੱਖ ਜ਼ਰੂਰਤ ਬਣ ਚੁੱਕਿਆ ਹੈ ਜਿਸ ਨੇ ਹਰ ਵਰਗ ਦੇ ਮਨੁੱਖ ਤੱਕ ਆਪਣੀ ਨਿਵੇਕਲੀ ਪਹੁੰਚ ਤੇ ਪਕੜ ਬਣਾ ਲਈ ਹੈ। ਇਸ ਨੇ ਹਰ ਮਨੁੱਖ ਨੂੰ ਆਜ਼ਾਦੀ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਤੇ ਵਿਚਰਨ ਦਾ ਹੱਕ ਦਿੱਤਾ ਹੈ। ਹਰ ਕਿਸਮ ਦਾ ਵਿਅਕਤੀ ਅੱਜਕੱਲ੍ਹ ਸੋਸ਼ਲ ਮੀਡੀਆ ਨਾਲ ਜੁੜ ਰਿਹਾ ਹੈ। ਖ਼ਾਸ ਤੌਰ ’ਤੇ ਬੱਚੇ ਵਧੇਰੇ ਤੌਰ ’ਤੇ ਇਸ ਦੀ ਪਕੜ ਵਿੱਚ ਆ ਰਹੇ ਹਨ। ਸੋਸ਼ਲ ਮੀਡੀਆ ਹੈ ਕੀ? ਸੋਸ਼ਲ ਮੀਡੀਆ ਉਹ ਮੀਡੀਆ ਹੈ ਜਿਸ ਰਾਹੀਂ ਵੱਖ ਵੱਖ ਐਪਸ ਰਾਹੀਂ ਅਸੀਂ ਆਪਣੇ ਵਿਚਾਰ ਸੁਤੰਤਰਤਾ ਪੂਰਵਕ ਹੋਰਾਂ ਅੱਗੇ ਲਿਖ ਕੇ ਜਾਂ ਬੋਲ ਕੇ ਪ੍ਰਗਟਾ ਸਕਦੇ ਹਾਂ। ਸੋਸ਼ਲ ਮੀਡੀਆ ਵੱਟਸਐਪ, ਫੇਸਬੁੱਕ, ਟਵਿੱਟਰ, ਟਿਕਟੋਕ, ਸਨੈਪਚੈਟ ਆਦਿ ਦੇ ਰੂਪ ਵਿੱਚ ਸਮੇਂ ਸਥਾਨ ਦੀਆਂ ਸੀਮਾਵਾਂ ਤੋਂ ਮੁਕਤ, ਸਮਾਜ ਦੇ ਅਨੇਕ ਵਰਗਾਂ ਅਤੇ ਸਾਡੇ ਧਰਮ, ਰਾਜਨੀਤੀ ਅਤੇ ਸੱਭਿਆਚਾਰ ਵਿੱਚ ਸੰਚਾਰ ਕਰਨ ਦਾ ਨਵਾਂ ਤੇ ਆਧੁਨਿਕ ਮਾਧਿਅਮ ਹੈ। ਅਜੋਕਾ ਸਮਾਂ ਗਿਆਨ ਵਿਗਿਆਨ ਤੇ ਤਕਨਾਲੋਜੀ ਦਾ ਸਮਾਂ ਹੈ। ਇਲੈਕਟ੍ਰੋਨਿਕ ਸੰਚਾਰ ਸਾਧਨਾਂ ਨੇ ਸਮੁੱਚੇ ਸੰਸਾਰ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਲੈਕਟ੍ਰੋਨਿਕ ਸਾਧਨਾਂ ਵਿੱਚ ਸੋਸ਼ਲ ਮੀਡੀਆ ਇੱਕ ਅਜਿਹਾ ਸੰਚਾਰ ਸਾਧਨ ਹੈ ਜਿਸ ਨੇ ਸਮੁੱਚੇ ਵਿਸ਼ਵ ਨੂੰ ਇੱਕ ਆਲਮੀ ਪਿੰਡ ਦੇ ਰੂਪ ਵਿੱਚ ਬੰਨ੍ਹ ਦਿੱਤਾ ਹੈ। ਸੋਸ਼ਲ ਮੀਡੀਆ ਸਮਾਜਿਕ ਸਮੁਦਾਇ ਵਿੱਚ ਸ਼ਾਬਦਿਕ, ਆਡੀਓ-ਵੀਡੀਓ, ਤਸਵੀਰਾਂ ਆਦਿ ਰਾਹੀਂ ਇੱਕ ਤੋਂ ਵਧੇਰੇ ਲੋਕਾਂ ਨਾਲ ਗੱਲਬਾਤ ਜਾਂ ਜਾਣਕਾਰੀ ਨੂੰ ਸਾਂਝਾ ਕਰਨ ਵਾਲਾ ਵਸੀਲਾ ਹੈ। ਸੋਸ਼ਲ ਮੀਡੀਆ ਬਾਕੀ ਸੰਚਾਰ ਸਾਧਨਾਂ ਦੇ ਮੁਕਾਬਲੇ ਵਿਸ਼ਾਲ ਪੱਧਰ ’ਤੇ ਤੇਜ਼ੀ ਨਾਲ ਡਾਟਾ ਦਾ ਫੈਲਾਓ ਕਰਨ ਵਾਲਾ ਵਰਤਾਰਾ ਹੈ।

ਜੇ ਕਿਹਾ ਜਾਵੇ ਕਿ ਸੋਸ਼ਲ ਮੀਡੀਆ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਦੇ ਮਨਾਂ ਵਿਚਲੀਆਂ ਹੱਦਾਂ ਸਰਹੱਦਾਂ ਨੂੰ ਮਿਟਾ ਦਿੱਤਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਸੋਸ਼ਲ ਮੀਡੀਆ ਨੇ ਇੱਕ ਸੱਭਿਆਚਾਰ ਨੂੰ ਦੂਰ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਤੱਕ ਪਹੁੰਚਾਇਆ। ਉਨ੍ਹਾਂ ਨੂੰ ਇਸ ਤੋਂ ਜਾਣੂ ਕਰਵਾਇਆ ਤੇ ਇਸ ਦਾ ਵਧੇਰੇ ਸੰਚਾਰ ਕੀਤਾ ਹੈ। 21ਵੀਂ ਸਦੀ ਦਾ ਦੌਰ ਸੋਸ਼ਲ ਮੀਡੀਏ ਦਾ ਦੌਰ ਹੈ ਅਤੇ ਅਜੋਕੇ ਸਮੇਂ ਵਿੱਚ ਇਹ ਆਪਣੇ ਸਿਖ਼ਰ ’ਤੇ ਚੱਲ ਰਿਹਾ ਹੈ। ਮੀਡੀਆ ਦੇ ਇਸ ਵਿਸਫੋਟ ਨੇ ਸੱਭਿਆਚਾਰ ਦਾ ਕਈ ਪੱਖਾਂ ਤੋਂ ਵਿਕਾਸ ਵੀ ਕੀਤਾ ਹੈ ਅਤੇ ਬਹੁਤ ਹੱਦ ਤੱਕ ਇਸ ਨੂੰ ਪ੍ਰਭਾਵਿਤ ਵੀ ਕੀਤਾ ਹੈ। ਬਹੁਤੇ ਪੱਧਰ ’ਤੇ ਇਸ ਨੂੰ ਨੁਕਸਾਨ ਵੀ ਪਹੁੰਚਾਇਆ ਹੈ। ਸੋਸ਼ਲ ਮੀਡੀਆ ਅੱਜ ਸਮਾਜ ਵਿੱਚ ਆਪਣਾ ਸਥਾਨ ਇਸ ਕਦਰ ਬਣਾ ਚੁੱਕਾ ਹੈ ਕਿ ਕੋਈ ਵੀ ਸਮਾਜਿਕ ਵਰਤਾਰਾ ਇਸ ਤੋਂ ਅਭਿੱਜ ਨਹੀਂ ਰਹਿ ਸਕਿਆ। ਇਸ ਦਾ ਤੰਤਰ ਚਾਰੇ ਪਾਸੇ ਆਪਣੇ ਪੈਰ ਪਸਾਰ ਚੁੱਕਾ ਹੈ। ਸੋਸ਼ਲ ਮੀਡੀਆ ਨੇ ਅੱਜ ਹਰੇਕ ਵਰਗ ਤੱਕ ਆਪਣੀ ਗਹਿਰੀ ਪਹੁੰਚ ਬਣਾ ਲਈ ਹੈ। ਇਸ ਦੇ ਸਾਕਾਰਤਮਕ ਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੇ ਪੱਖ ਸਾਨੂੰ ਦੇਖਣ ਨੂੰ ਮਿਲ ਰਹੇ ਹਨ। ਸੋਸ਼ਲ ਮੀਡੀਆ ਨੇ ਸੱਭਿਆਚਾਰ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਤੇ ਨੁਕਸਾਨ ਪਹੁੰਚਾਇਆ ਹੈ, ਪਰ ਨਾਲ ਹੀ ਇਸ ਨਾਲ ਸੰਬੰਧ ਸਥਾਪਤ ਕਰਕੇ ਇਸ ਨੂੰ ਮਹੱਤਵਪੂਰਨ ਦੇਣ ਵੀ ਦਿੱਤੀ ਹੈ। ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਰਾਹੀਂ ਸੱਭਿਆਚਾਰ ਨੂੰ ਇੱਕ ਨਵੀਂ ਤੇ ਨਿਵੇਕਲੀ ਪਹਿਚਾਣ ਮਿਲੀ ਹੈ। ਭਾਰਤ ਵਰਗੇ ਵਿਕਾਸਸ਼ੀਲ ਅਤੇ ਵੱਖ-ਵੱਖ ਧਰਮਾਂ, ਜਾਤਾਂ, ਬੋਲੀਆਂ ਅਤੇ ਸੱਭਿਆਚਾਰਕ ਵਖਰੇਵਿਆਂ ਵਾਲੇ ਵਿਸ਼ਾਲ ਦੇਸ਼ ਵਿੱਚ ਫੇਸਬੁੱਕ, ਵਟਸਐਪ, ਟਵਿੱਟਰ ਅਨੇਕਤਾ ਵਿੱਚ ਏਕਤਾ ਦੀ ਕੜੀ ਨੂੰ ਮਜ਼ਬੂਤ ਕਰਨ ਵਿੱਚ ਵੱਡਾ ਰੋਲ ਅਦਾ ਕਰ ਰਹੇ ਹਨ। ਇਸ ਦੇ ਨਾਲ ਇਹੀ ਪਲੇਟਫਾਰਮ ਵਿਪਰੀਤ ਤੇ ਭੜਕੇ ਹੋਏ ਹਾਲਾਤ ਨੂੰ ਪਲਾਂ ਵਿੱਚ ਬਦਤਰ ਵੀ ਬਣਾ ਸਕਦੇ ਹਨ। ਸੋਸ਼ਲ ਮੀਡੀਆ ਹਾਸ਼ੀਏ ਤੋਂ ਬਾਹਰ ਧੱਕੇ ਜਾ ਰਹੇ, ਲਤਾੜੇ ਅਤੇ ਘੱਟ ਗਿਣਤੀ ਲੋਕਾਂ ਨੂੰ ਆਪਣੀ ਮਨ ਦੀ ਆਵਾਜ਼ ਖੁੱਲ੍ਹੇ ਢੰਗ ਨਾਲ ਕਹਿਣ ਦਾ ਰਸਤਾ ਮੁਹੱਈਆ ਕਰਦਾ ਹੈ। ਇਸ ਦੇ ਨਾਲ ਇਸ ਵਰਗ ਦੀ ਲੋਕਧਾਰਾ ਤੇ ਸੱਭਿਆਚਾਰ ਦੀ ਸਾਂਭ-ਸੰਭਾਲ ਲਈ ਵੀ ਪਲੈਟਫਾਰਮ ਬਣਦਾ ਹੈ। ਵੱਟਸਐਪ, ਫੇਸਬੁੱਕ, ਯੂ-ਟਿਊਬ ਆਦਿ ਸੋਸ਼ਲ ਐਪਸ/ਸਾਈਟਾਂ ਉੱਤੇ ਸੱਭਿਆਚਾਰਕ ਵੰਨਗੀਆਂ ਜਿਵੇਂ ਚੁੱਲ੍ਹੇ-ਚੌਂਕੇ, ਤੰਦੂਰ, ਚਾਟੀਆਂ ਮਧਾਣੀਆਂ, ਘੱਗਰੇ, ਫੁਲਕਾਰੀਆਂ, ਬਲਦਾਂ, ਖੂਹਾਂ, ਘੁਲਾੜੀ, ਪੀਂਘਾਂ ਦੇ ਨਜ਼ਾਰੇ ਤੇ ਪੰਜਾਬੀ ਸੱਭਿਆਚਾਰਕ ਪਹਿਰਾਵੇ ਆਦਿ ਨਾਲ ਓਤ-ਪੋਤ ਦ੍ਰਿਸ਼ ਸਾਡੇ ਪੁਰਾਤਨ ਸੱਭਿਆਚਾਰਕ ਵਿਰਸੇ ਦੀ ਯਾਦ ਦਿਵਾਉਂਦੇ ਹਨ। ਸੋਸ਼ਲ ਮੀਡੀਆ ਨੇ ਸਾਡੇ ਸੱਭਿਆਚਾਰ ਦਾ ਇਹ ਅਮੁੱਲ ਖ਼ਜ਼ਾਨਾ ਸੰਭਾਲਿਆ ਹੋਇਆ ਹੈ ਜਿਸ ਨੂੰ ਅੱਜ ਵੀ ਦੇਖਿਆ, ਸੁਣਿਆ ਤੇ ਘੋਖਿਆ ਜਾ ਸਕਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦਿਖਾਇਆ ਜਾ ਸਕਦਾ ਹੈ। ਹਾਲਾਂਕਿ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀਂ ਲਹਿੰਦੀ, ਪਰ ਫਿਰ ਵੀ ਇਹ ਕੁਝ ਪਲੈਟਫਾਰਮ ਪ੍ਰਦਾਨ ਕਰਦਾ ਹੈ ਜਿਸ ਰਾਹੀਂ ਅਸੀਂ ਇਨ੍ਹਾਂ ਵੰਨਗੀਆਂ ਦੇ ਦਰਸ਼ਨ ਕਰ ਸਕਦੇ ਹਾਂ। ਬਹੁਤੇ ਸੱਭਿਆਚਾਰਕ ਪਿਆਰੇ ਆਪਣੇ ਫੇਸਬੁੱਕ, ਵੱਟਸਐਪ ਆਦਿ ਦੀ ਪ੍ਰੋਫ਼ਾਇਲ ਵੀ ਸੱਭਿਆਚਾਰ ਨਾਲ ਸਬੰਧਿਤ ਹੀ ਲਗਾਉਂਦੇ ਹਨ ਅਤੇ ਸਟੇਟਸ ਵੀ ਸੱਭਿਆਚਾਰਕ ਹੀ ਪਾਉਂਦੇ ਹਨ। ਸੱਭਿਆਚਾਰ ਇੱਕ ਨਿਰੰਤਰ ਚਲਦਾ ਮਨੁੱਖੀ ਸੱਭਿਆਚਾਰਕ ਵਰਤਾਰਾ ਹੈ। ਇਹ ਸਮੇਂ ਦੇ ਨਾਲ ਨਾਲ, ਪੀੜ੍ਹੀ ਦਰ ਪੀੜ੍ਹੀ ਹਜ਼ਾਰਾਂ ਸਾਲਾਂ ਤੋਂ ਚਲਦਾ ਆਇਆ, ਬਦਲਦਾ ਆਇਆ ਵਰਤਾਰਾ ਹੈ ਅਤੇ ਅੱਗੇ ਵੀ ਸਮੇਂ ਦੇ ਬਦਲਣ ਦੇ ਨਾਲ ਨਾਲ ਇਸ ਨੇ ਬਦਲਦੇ ਰਹਿਣਾ ਹੈ।

ਸੋਸ਼ਲ ਮੀਡੀਆ ਸਾਡੀ ਵਿਚਾਰਧਾਰਾ ਨੂੰ ਦੂਰ ਦੂਰ ਤੱਕ ਪਹੁੰਚਾਉਂਦਾ ਹੈ ਅਤੇ ਇਸ ਜ਼ਰੀਏ ਸਾਡੇ ਸੱਭਿਆਚਾਰ ਦਾ ਪਾਸਾਰ ਵੀ ਦੂਰ ਦੂਰ ਤੱਕ ਫੈਲ ਰਿਹਾ ਹੈ। ਜੋ ਕੌਮਾਂ ਇੱਕ ਦੂਜੇ ਦੇ ਸੱਭਿਆਚਾਰ ਨੂੰ ਨਹੀਂ ਜਾਣਦੀਆਂ ਪਹਿਚਾਣਦੀਆਂ, ਉਹ ਸੋਸ਼ਲ ਮੀਡੀਆ ਜ਼ਰੀਏ ਹੋਰਨਾਂ ਕੌਮਾਂ ਦੇ ਸੱਭਿਆਚਾਰਾਂ ਨੂੰ ਬਾਖ਼ੂਬੀ ਜਾਣ-ਪਛਾਣ ਸਕਦੀਆਂ ਹਨ। ਕਿਸੇ ਵੀ ਕੌਮ ਦੇ ਸੱਭਿਆਚਾਰ ਦਾ ਦ੍ਰਿਸ਼ ਪ੍ਰਤੱਖ ਰੂਪ ਵਿੱਚ ਆਡੀਓ-ਵੀਡੀਓ ਜ਼ਰੀਏ ਸੋਸ਼ਲ ਐਪਸ/ਸਾਈਟਸ ’ਤੇ ਬਾਖ਼ੂਬੀ ਦੇਖਿਆ ਜਾ ਸਕਦਾ ਹੈ। ਭਾਸ਼ਾ, ਸਾਹਿਤ, ਲੋਕਧਾਰਾ ਤੇ ਸੱਭਿਆਚਾਰ ਆਦਿ ਸਬੰਧੀ ਦੇਸ਼ਾਂ ਵਿਦੇਸ਼ਾਂ ਵਿੱਚ ਹੋ ਰਹੇ ਸੈਮੀਨਾਰ/ਕਾਨਫਰੰਸਾਂ, ਯੂਥ ਫੈਸਟੀਵਲਾਂ ਆਦਿ ਦੀ ਵੀਡੀਓ ਬਣਾ ਕੇ ਸੋਸ਼ਲ ਸਾਈਟਾਂ/ਐਪਸ ’ਤੇ ਪਾਉਣ ਨਾਲ ਦੂਰ-ਦੁਰੇਡੇ ਵਸਦੇ ਲੋਕਾਂ ਤੱਕ ਵੀ ਇਨ੍ਹਾਂ ਸੱਭਿਆਚਾਰਕ ਵੰਨਗੀਆਂ ਦਾ ਪ੍ਰਗਟਾਵਾ ਹੁੰਦਾ ਰਹਿੰਦਾ ਹੈ ਜੋ ਕਿ ਸੋਸ਼ਲ ਮੀਡੀਆ ਦੀ ਇੱਕ ਬਹੁਤ ਵੱਡੀ ਦੇਣ ਹੋ ਨਿੱਬੜਦੀ ਹੈ। ਲੋਕ ਘਰ ਬੈਠ ਕੇ ਵੀ ਇਨ੍ਹਾਂ ਦਾ ਲਾਈਵ ਨਜ਼ਾਰਾ ਮਾਣ ਸਕਦੇ ਹਨ ਅਤੇ ਆਪਣੇ ਕੋਲ ਸੰਭਾਲ ਕੇ ਅਰਥਾਤ ਸੇਵ ਕਰਕੇ ਵੀ ਰੱਖ ਸਕਦੇ ਹਨ। ਔਨਲਾਈਨ ਖ਼ਰੀਦਦਾਰੀ ਰਾਹੀਂ ਵੀ ਸੱਭਿਆਚਾਰਕ ਵਸਤਾਂ ਦੀ ਪ੍ਰਾਪਤੀ ਘਰ ਬੈਠੇ ਹੀ ਕਰ ਸਕਦੇ ਹਾਂ।

ਸੋਸ਼ਲ ਮੀਡੀਆ ਦੇ ਵੱਸ ਵਿੱਚ ਆਏ ਮਨੁੱਖ ਲਈ ਇਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਆਉਣਾ ਇੱਕ ਬਹੁਤ ਵੱਡੀ ਚੁਣੌਤੀ ਸਾਬਤ ਹੋ ਰਿਹਾ ਹੈ। ਇਸ ਮਾਧਿਅਮ ਵਿੱਚ ਫੇਸਬੁੱਕ, ਟਵਿੱਟਰ, ਵੱਟਸਐਪ, ਯੂ-ਟਿਊਬ, ਇੰਸਟਾਗ੍ਰਾਮ ਆਦਿ ਆਉਂਦੇ ਹਨ ਜਿਨ੍ਹਾਂ ਵਿੱਚੋਂ ਕੁਝ ਮਾਧਿਅਮਾਂ ਰਾਹੀਂ ਫੋਟੋਆਂ ਅਤੇ ਵੀਡੀਓਜ਼ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਕੁਝ ਮਾਧਿਅਮਾਂ ਦੁਆਰਾ ਹਰ ਤਰ੍ਹਾਂ ਦੀ ਹਰ ਪੱਖ ਦੀ ਜਾਣਕਾਰੀ ਗ੍ਰਹਿਣ ਕੀਤੀ ਜਾਂਦੀ ਹੈ। ਇਨ੍ਹਾਂ ਮਾਧਿਅਮਾਂ ਦੁਆਰਾ ਵਿਅਕਤੀਗਤ ਤੌਰ ’ਤੇ ਜਾਂ ਆਪਸੀ ਗਰੁੱਪ ਬਣਾ ਕੇ ਜਾਣਕਾਰੀ ਭੇਜੀ ਤੇ ਲਈ ਜਾਂਦੀ ਹੈ। ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਅਤੇ ਇਸ ਦੇ ਨੈਤਿਕ ਵਿਧੀ ਵਿਧਾਨਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਪਹੁੰਚਾਉਣ ਵਿੱਚ ਇਹ ਸਾਈਟਾਂ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਸਮੱਗਰੀ ਦੀ ਵੱਖਰਤਾ ਜਾਂ ਵਿਸ਼ਿਆਂ ਦੀ ਪੇਸ਼ਕਾਰੀ ਪੱਖੋਂ ਦੇਖੀਏ ਤਾਂ ਅਲੱਗ ਅਲੱਗ ਤਰ੍ਹਾਂ ਦੀ ਸਮੱਗਰੀ ਇਨ੍ਹਾਂ ਮਾਧਿਅਮਾਂ ਜ਼ਰੀਏ ਵਰਤੋਂਕਾਰਾਂ ਤੱਕ ਪਹੁੰਚਦੀ ਹੈ। ਪਰਿਵਾਰ ਦੀ ਮਹੱਤਤਾ, ਵੱਡਿਆਂ ਦੀ ਇੱਜ਼ਤ, ਪ੍ਰਾਹੁਣਚਾਰੀ ਕਰਨਾ ਆਦਿ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਪ੍ਰਸੰਗ ਵਿੱਚ ਮਹੱਤਵ ਰੱਖਣ ਵਾਲੀਆਂ ਵਿਸ਼ੇਸ਼ਤਾਵਾਂ ਨੂੰ ਇਨ੍ਹਾਂ ਸੋਸ਼ਲ ਸਾਈਟਾਂ ’ਤੇ ਸ਼ਾਬਦਿਕ, ਆਡੀਓ-ਵੀਡੀਓ ਰੂਪ ਵਿੱਚ ਪ੍ਰਚਾਰਿਆ ਜਾਂਦਾ ਹੈ। ਸੋਸ਼ਲ ਮੀਡੀਆ ’ਤੇ ਹਰ ਚੰਗੇ ਮਾੜੇ ਪ੍ਰਕਾਰ ਦਾ ਡਾਟਾ ਮਿਲਦਾ ਹੈ। ਇਸ ਤਰ੍ਹਾਂ ਸੋਸ਼ਲ ਮੀਡੀਆ ਨੇ ਨੈਤਿਕ ਕਦਰਾਂ ਕੀਮਤਾਂ ਦੀ ਪਹਿਚਾਣ ਬਣਾਈ ਰੱਖਣ ਲਈ ਬਹੁਤ ਵੱਡੀ ਸੰਖਿਆ ਵਿੱਚ ਵਿਚਾਰ ਦਿੱਤੇ ਹਨ। ਪੰਜਾਬੀ ਸੱਭਿਆਚਾਰ ਨੈਤਿਕ ਮਾਣ ਮਰਿਆਦਾ ਸਬੰਧੀ ਸੋਸ਼ਲ ਐਪਲੀਕੇਸ਼ਨਜ਼ ਤੇ ਪੇਜ ਜਾਂ ਗਰੁੱਪ ਬਣਾਏ ਹੋਏ ਹਨ ਜਿਨ੍ਹਾਂ ’ਤੇ ਵੱਡੀ ਗਿਣਤੀ ਲੋਕ ਆਪਣਾ ਬਹੁਤਾ ਸਮਾਂ ਬਤੀਤ ਕਰਦੇ ਹਨ। ਇਸ ਕਾਰਨ ਬੱਚੇ ਤੇ ਨੌਜਵਾਨ ਆਪਣੇ ਪਰਿਵਾਰਾਂ ਤੋਂ ਬੇਮੁੱਖ ਹੋ ਰਹੇ ਹਨ ਅਤੇ ਪੋਸਟਾਂ ਵਿੱਚ ਔਰਤਾਂ ਦੀ ਇੱਜ਼ਤ ਕਰਨੀ, ਭੈਣ-ਭਰਾ ਦੇ ਪਿਆਰ, ਮਾਂ-ਪਿਓ ਦੀ ਸੇਵਾ ਸੰਭਾਲ ਆਦਿ ਵਾਲੀਆਂ ਪੋਸਟਾਂ ਪਈਆਂ ਜਾਂਦੀਆਂ ਹਨ। ਅਜਿਹੀਆਂ ਕਦਰਾਂ-ਕੀਮਤਾਂ ਨੂੰ ਸਿਰਫ਼ ਪ੍ਰਚਾਰਿਆ ਹੀ ਜਾਂਦਾ ਹੈ, ਇਨ੍ਹਾਂ ’ਤੇ ਅਮਲ ਨਹੀਂ ਕੀਤਾ ਜਾਂਦਾ। ਵਿਹਾਰ ਕੁਝ ਹੋਰ ਹੀ ਸਾਹਮਣੇ ਆਉਂਦਾ ਹੈ ਅਰਥਾਤ ਸੋਸ਼ਲ ਮੀਡੀਆ ਜ਼ਰੀਏ ਸਿਧਾਂਤ ਤੇ ਬਿਰਤਾਂਤ ਕੁਝ ਹੋਰ ਸਿਰਜਿਆ ਜਾਂਦਾ ਹੈ ਅਤੇ ਵਿਹਾਰ ਕੁਝ ਹੋਰ ਨਜ਼ਰੀਂ ਪੈਂਦਾ ਹੈ।

ਪੱਛਮੀਕਰਨ, ਮਸ਼ੀਨੀਕਰਨ ਅਤੇ ਵਧ ਰਹੀ ਸੋਸ਼ਲ ਮੀਡੀਆ ਦੀ ਵਰਤੋਂ ਨੇ ਸੱਭਿਆਚਾਰ ਨੂੰ ਇੱਕ ਵੱਡੀ ਸੱਟ ਮਾਰੀ ਹੈ। ਸਮੇਂ ਦੇ ਬੀਤਣ ਨਾਲ ਲੋਕਾਂ ਦਾ ਆਹਾਰ-ਵਿਹਾਰ, ਪਹਿਰਾਵਾ, ਰਹਿਣ-ਸਹਿਣ ਦੇ ਤੌਰ ਤਰੀਕੇ। ਇੱਥੋਂ ਤੱਕ ਕਿ ਲੋਕਾਂ ਦੀ ਸੋਚ ਅਤੇ ਰਿਸ਼ਤਾ ਨਾਤਾ ਪ੍ਰਣਾਲੀ ਵਿੱਚ ਬੜਾ ਵੱਡਾ ਪਰਿਵਰਤਨ ਦੇਖਣ ਨੂੰ ਮਿਲਿਆ ਹੈ। ਸੋਸ਼ਲ ਮੀਡੀਆ ਜ਼ਰੀਏ ਰਿਸ਼ਤੇ ਪ੍ਰਭਾਵਿਤ ਹੋ ਰਹੇ ਹਨ। ਪਰਿਵਾਰ ਟੁੱਟ ਰਹੇ ਹਨ। ਰਿਸ਼ਤੇ ਟੁੱਟ ਰਹੇ ਹਨ। ਪਰਿਵਾਰ ਕੋਲ ਹੋ ਕੇ ਵੀ ਆਪਣੇ ਪਰਿਵਾਰ ਵਿੱਚੋਂ ਗ਼ੈਰਹਾਜ਼ਰ ਹੁੰਦਾ ਹੈ। ਆਪਸੀ ਭਾਈਚਾਰਕ ਸਾਂਝ ਘਟ ਰਹੀ ਹੈ ਅਤੇ ਦਿਖਾਵੇ ਦੀ ਦੋਸਤੀ ਬਲਵਾਨ ਹੋ ਰਹੀ ਹੈ ਜਿਸ ਦੀਆਂ ਮਿਸਾਲਾਂ ਆਧੁਨਿਕ ਸਮੇਂ ਵਿੱਚ ਬਾਖ਼ੂਬੀ ਦੇਖੀਆਂ ਜਾ ਸਕਦੀਆਂ ਹਨ। ਹੁਣ ਤਾਂ ਸੋਸ਼ਲ ਮੀਡੀਆ ਜ਼ਰੀਏ ਇੱਕ ਵੱਖਰਾ ਸੱਭਿਆਚਾਰ ਵੀ ਸਥਾਪਿਤ ਹੋ ਰਿਹਾ ਹੈ। ਸੋਸ਼ਲ ਮੀਡੀਏ ’ਤੇ ਰਿਸ਼ਤੇ ਜਿੰਨੀ ਜਲਦੀ ਬਣ ਰਹੇ ਹਨ, ਓਨੀ ਹੀ ਜਲਦੀ ਟੁੱਟ ਵੀ ਰਹੇ ਹਨ। ਇਸ ਦੀ ਮਿਸਾਲ ਅਸੀਂ ਫੇਸਬੁੱਕ ਦੇ (ਫਰੈਂਡ ਰਿਕੂਐਸਟ) ਦੋਸਤਾਨਾ ਸਬੰਧਾਂ ਤੋਂ ਦੇਖ ਸਕਦੇ ਹਾਂ। ਇਹ ਦੋਸਤਾਨਾ ਸਬੰਧ ਕਈ ਵਾਰ ਬਿਨਾਂ ਚੰਗੀ ਤਰ੍ਹਾਂ ਜਾਣੇ-ਪਛਾਣੇ ਇਸ ਹੱਦ ਤੱਕ ਗੂੜ੍ਹੇ ਹੋ ਜਾਂਦੇ ਹਨ ਕਿ ਪਿਆਰ-ਵਿਆਹ ਦੇ ਸਬੰਧਾਂ ਤੱਕ ਵੀ ਪਹੁੰਚ ਜਾਂਦੇ ਹਨ ਪਰ ਓਨੀ ਜਲਦੀ ਹੀ ਤਲਾਕ ਦੀ ਨੌਬਤ ਤੱਕ ਵੀ ਆ ਪਹੁੰਚਦੇ ਹਨ। ਹਰ ਰੋਜ਼ ਦੇ ਝਗੜੇ, ਚਿੰਤਾ, ਸ਼ੱਕ ਆਦਿ ਵਧਾਉਣ ਵਿੱਚ ਸੋਸ਼ਲ ਮੀਡੀਆ ਵੱਡੀ ਹੱਦ ਪ੍ਰਭਾਵ ਪਾ ਰਿਹਾ ਹੈ ਜੋ ਸਾਡੇ ਸੱਭਿਆਚਾਰ ਵਿੱਚ ਇੱਕ ਭਿਆਨਕ ਤਬਦੀਲੀ ਦਾ ਪ੍ਰਤੀਕ ਹੋ ਨਿੱਬੜਦਾ ਹੈ। ਇਸ ਦਾ ਮੁੱਖ ਕਾਰਨ ਆਕਰਸ਼ਣ ਤਾਂ ਹੋ ਸਕਦਾ ਹੈ, ਪਰ ਪਿਆਰ ਨਹੀਂ। ਇਸ ਦਾ ਜ਼ਿਆਦਾ ਪ੍ਰਭਾਵ ਯੁਵਕਾਂ ਤੇ ਖ਼ਾਸ ਤੌਰ ’ਤੇ ਅੱਲੜ ਉਮਰ ਵਾਲਿਆਂ ’ਤੇ ਪੈ ਰਿਹਾ ਹੈ।

ਪ੍ਰਚੱਲਿਤ ਸਮਾਜਿਕ ਸੰਕਲਪਾਂ ਵਿੱਚ ਸੋਸ਼ਲ ਮੀਡੀਆ ਦਾ ਇਸ ਕਦਰ ਧਸ ਜਾਣਾ ਡੂੰਘੀ ਚਿੰਤਾ ਤੇ ਗੰਭੀਰ ਚਿੰਤਨ ਦਾ ਵਿਸ਼ਾ ਬਣਦਾ ਹੈ। ਵਿਸ਼ਵੀਕਰਨ ਦੇ ਬਦਲਦੇ ਪਰਿਪੇਖ ਅਧੀਨ ਸੋਸ਼ਲ ਮੀਡੀਆ ਸੱਭਿਆਚਾਰ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਰਿਹਾ ਹੈ। ਇਸ ਨੇ ਨਾ ਕੇਵਲ ਸਾਡੇ ਸੱਭਿਆਚਾਰ ਨੂੰ ਹੀ ਸਗੋਂ ਸਾਡੀ ਭਾਸ਼ਾ ਨੂੰ ਵੀ ਨਿੱਖੜਵਾਂ ਮੂੰਹ-ਮੁਹਾਂਦਰਾ ਪ੍ਰਦਾਨ ਕੀਤਾ ਹੈ। ਇਸ ਪ੍ਰਭਾਵ ਅਧੀਨ ਹੀ ਮਨੁੱਖ ਦੀ ਅੰਦਰੂਨੀ ਅਤੇ ਬਾਹਰੀ, ਸਰੀਰਕ ਅਤੇ ਮਾਨਸਿਕ ਪ੍ਰਕਿਰਿਆ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪ੍ਰਭਾਵਿਤ ਹੋ ਰਹੀ ਹੈ। ਸੋਸ਼ਲ ਮੀਡੀਆ ਦੀ ਲਪੇਟ ’ਚ ਆ ਕੇ ਸੱਭਿਆਚਾਰਕ ਰਸਮਾਂ ਮਹਿਜ਼ ਇੱਕ ਦਿਖਾਵਾ ਬਣਦੀਆਂ ਪ੍ਰਤੀਤ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਉਹ ਸੰਕਲਪ ਤੇ ਪ੍ਰਤੀਕ ਵਿਸਰਦੇ ਜਾ ਰਹੇ ਹਨ ਜਿਸ ਅਧੀਨ ਇਨ੍ਹਾਂ ਰਸਮਾਂ ਦੀ ਪਿਰਤ ਪਈ। ਇਨ੍ਹਾਂ ਵਿੱਚੋਂ ਅਸਲੀਅਤ ਅਤੇ ਸ਼ਰਧਾ ਵੀ ਖ਼ਤਮ ਹੁੰਦੀ ਜਾ ਰਹੀ ਹੈ ਜੋ ਇਨ੍ਹਾਂ ਲਈ ਪ੍ਰੇਰਕ ਬਣਦੀ ਸੀ। ਅਜੋਕੇ ਦੌਰ ਵਿੱਚ ਕੋਈ ਵੀ ਰਸਮ ਰਿਵਾਜ ਕਰਨ ਤੋਂ ਪਹਿਲਾਂ ਕੈਮਰੇ ਜਾਂ ਮੋਬਾਈਲ ਰਾਹੀਂ ਬਣਾਈ ਜਾਂਦੀ ਵੀਡੀਓ ਅਤੇ ਕੀਤੀਆਂ ਜਾਂਦੀਆਂ ਤਸਵੀਰਾਂ ਇਨ੍ਹਾਂ ਵਿੱਚ ਦਿਖਾਵੇ ਦੀ ਰੁਚੀ ਵਧੇਰੇ ਬਲਵਾਨ ਕਰ ਰਹੀਆਂ ਹਨ। ਹਾਲਾਂਕਿ ਪਹਿਲਾਂ ਇਹ ਸਿਰਫ਼ ਯਾਦਗਾਰ ਰੱਖਣ ਲਈ ਕੀਤੀਆਂ ਜਾਂਦੀਆਂ ਸਨ ਪਰ ਅੱਜਕੱਲ੍ਹ ਇਨ੍ਹਾਂ ਦਾ ਮੂੰਹ-ਮੁਹਾਂਦਰਾ ਬਦਲਦਾ ਜਾ ਰਿਹਾ ਹੈ। ਜਨਮ, ਵਿਆਹ ਅਤੇ ਮੌਤ ਦੀਆਂ ਰਸਮਾਂ ਵਿੱਚ ਪਰਿਵਰਤਨ ਵੀ ਆ ਰਿਹਾ ਹੈ ਅਤੇ ਦਿਖਾਵਾ ਵੀ। ਇਹ ਰਸਮਾਂ ਅੱਜ ਵੀ ਕੀਤੀਆਂ ਜ਼ਰੂਰ ਜਾਂਦੀਆਂ ਹਨ, ਪਰ ਮਹਿਜ਼ ਦਿਖਾਵੇ ਵਜੋਂ। ਬੱਚੇ ਦੇ ਲੈਂਦਿਆਂ ਸਾਰ ਉਸ ਦੀਆਂ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀਆਂ ਜਾਂਦੀਆਂ ਹਨ। ਇਉਂ ਹੀ ਵਿਆਹ ਦੀਆਂ ਰਸਮਾਂ ਵਿੱਚ ਵੀ ਅਜਿਹਾ ਦਿਖਾਵਾ ਚਲਦਾ ਵਧੇਰੇ ਪ੍ਰਤੀਤ ਹੋ ਰਿਹਾ ਹੈ। ਵਿਆਂਦੜ ਦੀ ਮਾਂ ਜਾਂ ਕੋਈ ਹੋਰ ਰਿਸ਼ਤੇਦਾਰ ਮੂੰਹ ਜਠਾਉਣ ਲਈ ਕਿੰਨਾ ਕਿੰਨਾ ਸਮਾਂ ਮੂੰਹ ਕੋਲ ਚਮਚਾ ਲਾਈ ਰੱਖਦੇ ਹਨ ਕਿ ਕਿਤੇ ਸੋਸ਼ਲ ਮੀਡੀਆ ’ਤੇ ਪਾਉਣ ਸਮੇਂ ਜ਼ਿਆਦਾ ਖ਼ਰਾਬੀ ਨਾ ਹੋਵੇ। ਇਉਂ ਹੀ ਅੱਜਕੱਲ੍ਹ ਜਨਮਦਿਨ ਦਾ ਕੇਕ ਖੁਆਉਣ ਸਮੇਂ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਬਣਾਉਟੀ ਵਿਹਾਰ ਸਿਰਜਣ ਨਾਲੋਂ ਕੁਦਰਤੀ ਵਰਤਾਰੇ ਵਧੇਰੇ ਖ਼ੂਬਸੂਰਤ ਹੁੰਦੇ ਹਨ।

ਸਮੁੱਚੇ ਰੂਪ ਵਿੱਚ ਦੇਖਿਆ ਜਾਵੇ ਤਾਂ ਇਤਿਹਾਸਕ ਦੌਰ ਤੋਂ ਹੀ ਪੰਜਾਬੀ ਸੱਭਿਆਚਾਰ ਨੂੰ ਸਮੁੱਚੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ। ਪੰਜਾਬੀ ਸੱਭਿਆਚਾਰ ਨੈਤਿਕ ਕਦਰਾਂ ਕੀਮਤਾਂ ਨੂੰ ਸੰਭਾਲ ਕੇ ਰੱਖਣ ਵਾਲਾ ਸੱਭਿਆਚਾਰ ਹੈ। ਅੱਜ ਤੋਂ ਕੁਝ ਸਮਾਂ ਪਹਿਲਾਂ ਸੰਯੁਕਤ ਪਰਿਵਾਰਾਂ ਨੂੰ ਤਵੱਜੋਂ ਦਿੱਤੀ ਜਾਂਦੀ ਸੀ। ਬੱਚਾ ਬਚਪਨ ਤੋਂ ਹੀ ਨੈਤਿਕ ਕਦਰਾਂ ਕੀਮਤਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਆਪਣੇ ਵਡੇਰਿਆਂ ਤੋਂ ਸਿੱਖਣਾ ਸ਼ੁਰੂ ਕਰ ਦਿੰਦਾ ਸੀ। ਸਾਰਿਆਂ ਰਿਸ਼ਤਿਆਂ ਦੀ ਕਦਰ ਹੁੰਦੀ ਸੀ। ਪਰ ਅਜੋਕੀ ਪੀੜ੍ਹੀ ਸੋਸ਼ਲ ਮੀਡੀਆ ’ਤੇ ਹਰ ਸਮੇਂ ਰੁੱਝੀ ਰਹਿੰਦੀ ਹੈ ਅਤੇ ਇਕੱਲੇ ਰਹਿਣ ਨੂੰ ਵਧੇਰੇ ਮਹੱਤਵ ਦੇ ਰਹੀ ਹੈ। ਇਨ੍ਹਾਂ ਵਿੱਚ ਆਪਸੀ ਮੋਹ-ਪਿਆਰ ਘਟਦਾ ਜਾ ਰਿਹਾ ਹੈ ਅਤੇ ਰਿਸ਼ਤਿਆਂ ਦੀ ਪਰਿਭਾਸ਼ਾ ਤੇ ਕਦਰ ਵੀ ਮਨਫ਼ੀ ਹੁੰਦੀ ਜਾ ਰਹੀ ਹੈ। ਸੋਸ਼ਲ ਸਾਈਟਾਂ ਜ਼ਰੀਏ ਹਰ ਸੱਭਿਆਚਾਰ ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਦਾ ਹੈ। ਹਰ ਚੀਜ਼ ਦੇ ਚੰਗੇ ਤੇ ਮਾੜੇ ਦੋਵੇਂ ਹੀ ਪੱਖ ਹੁੰਦੇ ਹਨ। ਉਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਵੀ ਇੱਕ ਪਾਸੇ ਸੱਭਿਆਚਾਰ ਦੀ ਸਾਂਭ ਸੰਭਾਲ, ਸੱਭਿਆਚਾਰਕ ਕਦਰਾਂ-ਕੀਮਤਾਂ ਵੱਲ ਧਿਆਨ ਦਿਵਾ ਰਿਹਾ ਹੈ ਅਤੇ ਦੂਜੇ ਪਾਸੇ ਆਪਣੇ ਮੂਲ ਤੋਂ ਬੇਮੁਖ ਵੀ ਕਰ ਰਿਹਾ ਹੈ। ਹਰ ਵਰਗ ਵਿੱਚ ਗੁੱਸਾ ਤੇ ਚਿੜਚਿੜਾਪਣ ਵਧ ਰਿਹਾ ਹੈ। ਇਸ ਨੇ ਸੱਭਿਆਚਾਰ ਦੀ ਸਾਂਭ ਸੰਭਾਲ ਤੇ ਦੂਰ-ਦੂਰ ਤੱਕ ਪ੍ਰਚਾਰ ਪਸਾਰ ਵਿੱਚ ਬਾਖ਼ੂਬੀ ਭੂਮਿਕਾ ਅਦਾ ਕੀਤੀ ਹੈ, ਪਰ ਨਾਲ ਹੀ ਮਨੁੱਖ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈ ਕੇ ਉਸ ਲਈ, ਉਸ ਦੀ ਭਾਸ਼ਾ ਤੇ ਸੱਭਿਆਚਾਰ ਆਦਿ ਲਈ ਕਈ ਗੰਭੀਰ ਚੁਣੌਤੀਆਂ ਵੀ ਪੈਦਾ ਕੀਤੀਆਂ ਹਨ।