ਅਕਾਲੀ ਦਲ (ਅ) ਉਗੋਕੇ ਖ਼ਿਲਾਫ਼ ਕੇਸ ਦਰਜ ਕਰਵਾਏਗਾ: ਮਾਨ

ਅਕਾਲੀ ਦਲ (ਅ) ਉਗੋਕੇ ਖ਼ਿਲਾਫ਼ ਕੇਸ ਦਰਜ ਕਰਵਾਏਗਾ: ਮਾਨ

ਸੰਸਦ ਮੈਂਬਰ ਵੱਲੋਂ ਸਰਪੰਚ ਦੇ ਪੁੱਤਰ ਨੂੰ ਥੱਪੜ ਮਾਰਨ ਦੀ ਧਮਕੀ ਦੇਣ ’ਤੇ ਵਿਧਾਇਕ ਦੀ ਨਿਖੇਧੀ
ਸ਼ਹਿਣਾ- ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਸ਼ਹਿਣਾ ਦੀ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਨੂੰ ਥੱਪੜ ਮਾਰਨ ਦੀ ਦਿੱਤੀ ਧਮਕੀ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਜਮਹੂਰੀਅਤ ਦੀ ਜੜ੍ਹ ’ਤੇ ਹਮਲਾ ਕਰਾਰ ਦਿੱਤਾ ਹੈ।

ਇੱਥੇ ਅੱਜ ਪੰਚਾਇਤਘਰ ਵਿੱਚ ਸੰਸਦ ਮੈਂਬਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਗੋਕੇ ਖ਼ਿਲਾਫ਼ ਕੇਸ ਦਰਜ ਕਰਵਾਏਗਾ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਧਮਕੀਆਂ ਦੇ ਰਹੇ ਹਨ ਕਿ ਅਗਲੀਆਂ ਚੋਣਾਂ ਵਿੱਚ ‘ਆਪ’ ਦੇ ਹੀ ਸਰਪੰਚ ਬਣਾਏ ਜਾਣਗੇ। ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੰਗ ਤਹਿਤ ਕੌਮਾਂਤਰੀ ਪੱਧਰ ’ਤੇ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਲਾਤਕਾਰੀਆਂ ਨੂੰ ਜ਼ਮਾਨਤਾਂ ਦਿੱਤੀਆਂ ਜਾ ਰਹੀਆਂ ਹਨ, ਪਰ 25 ਸਾਲ ਪਹਿਲਾਂ ਸਜ਼ਾਵਾਂ ਖ਼ਤਮ ਕਰ ਚੁੱਕੇ ਬੰਦੀ ਸਿੰਘਾਂ ਨੂੰ ਅੱਜ ਤੱਕ ਰਿਹਾਅ ਨਹੀਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸ਼ਹਿਣਾ ਦੇ ਵਿਕਾਸ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਮੌਜੂਦ 70 ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤ ਯੂਨੀਅਨ ਪੰਜਾਬ ਨੇ ਮੀਟਿੰਗ ਕਰ ਕੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਅਸੱਭਿਅਕ ਭਾਸ਼ਾ ਦੀ ਵਰਤੋਂ ਕੀਤੇ ਜਾਣ ਦੀ ਨਿਖੇਧੀ ਕੀਤੀ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਕਸਬਾ ਸ਼ਹਿਣਾ ਵਿੱਚ ਲਾਭ ਸਿੰਘ ਉਗੋਕੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਪੁੱਜੇ ਸਨ, ਜਿੱਥੇ ਉਨ੍ਹਾਂ ਕਲੀਨਿਕ ਦਾ ਵਿਰੋਧ ਕਰ ਰਹੇ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੂੰ ਥੱਪੜ ਮਾਰ ਕੇ ਜੇਲ੍ਹ ਵਿੱਚ ਸੁੱਟਣ ਦੀ ਧਮਕੀ ਦਿੱਤੀ ਸੀ।