ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਸਿਖ਼ਲਾਈ ਮਿਸ਼ਨ ਲਈ ਗਵਾਲੀਅਰ ਏਅਰ ਫੋਰਸ ਬੇਸ ਤੋਂ ਸੁਖੋਈ ਤੇ ਮਿਰਾਜ ਨੇ ਭਰੀ ਸੀ ਉਡਾਣ
ਨਵੀਂ ਦਿੱਲੀ/ਮੋਰੇਨਾ/ਭਰਤਪੁਰ- ਭਾਰਤੀ ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ ਅੱਜ ਮੱਧ ਪ੍ਰਦੇਸ਼ ਦੇ ਮੋਰੇਨਾ ਜ਼ਿਲ੍ਹੇ ਵਿਚ ਇਕ ਰੁਟੀਨ ਸਿਖ਼ਲਾਈ ਮਿਸ਼ਨ ਦੌਰਾਨ ਹਾਦਸਾਗ੍ਰਸਤ ਹੋ ਗਏ। ਹਾਦਸੇ ਵਿਚ ਇਕ ਪਾਇਲਟ ਦੀ ਮੌਤ ਹੋ ਗਈ ਹੈ ਤੇ ਦੋ ਹੋਰ ਫੱਟੜ ਹੋ ਗਏ ਹਨ। ਇਹ ਪਾਇਲਟ ਸੁਖੋਈ 30ਐਮਕੇਆਈ ਤੇ ਮਿਰਾਜ-2000 ਜਹਾਜ਼ਾਂ ਵਿਚ ਸਵਾਰ ਸਨ। ਵੇਰਵਿਆਂ ਮੁਤਾਬਕ ਫੱਟੜ ਹੋਣ ਵਾਲੇ ਪਾਇਲਟ ‘ਇਜੈਕਟ’ ਕਰਨ ਵਿਚ ਸਫ਼ਲ ਹੋ ਗਏ ਤੇ ਉਹ ਸੁਖੋਈ ਵਿਚ ਸਵਾਰ ਸਨ ਜਦਕਿ ਮਿਰਾਜ ਦੇ ਪਾਇਲਟ ਦੀ ਜਾਨ ਚਲੀ ਗਈ।

ਮ੍ਰਿਤਕ ਪਾਇਲਟ ਦੀ ਸ਼ਨਾਖ਼ਤ ਵਿੰਗ ਕਮਾਂਡਰ ਹਨੂਮੰਤ ਰਾਓ ਸਾਰਥੀ ਵਜੋਂ ਹੋਈ ਹੈ। ਰੱਖਿਆ ਮਾਹਿਰਾਂ ਨੇ ਸੰਭਾਵਨਾ ਜਤਾਈ ਹੈ ਕਿ ਰੂਸ ਦੇ ਬਣੇ ਸੁਖੋਈ ਤੇ ਫਰਾਂਸ ਦੇ ਬਣੇ ਮਿਰਾਜ਼ ਦੀ ਹਵਾ ਵਿਚ ਟੱਕਰ ਹੋਈ ਹੋ ਸਕਦੀ ਹੈ। ਹਾਲਾਂਕਿ ਹਵਾਈ ਸੈਨਾ ਨੇ ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਘਟਨਾ ’ਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜ਼ਾਹਿਰ ਕੀਤੀ ਹੈ। ਦੋਵਾਂ ਜਹਾਜ਼ਾਂ ਦੇ ਡੇਟਾ ਰਿਕਾਰਡਰ ਮਿਲਣ ’ਤੇ ਹਾਦਸੇ ਬਾਰੇ ਕੁਝ ਸਾਫ਼ ਹੋ ਸਕੇਗਾ। ਇੰਡੀਅਨ ਏਅਰ ਫੋਰਸ ਨੇ ਇਕ ਬਿਆਨ ’ਚ ਕਿਹਾ ਕਿ ਹਾਦਸੇ ਪਿਛਲੇ ਕਾਰਨ ਖੋਜਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੋਰੇਨਾ ਦੇ ਜ਼ਿਲ੍ਹਾ ਕੁਲੈਕਟਰ ਅੰਕਿਤ ਅਸਥਾਨਾ ਨੇ ਕਿਹਾ ਕਿ ਦੋਵਾਂ ਜਹਾਜ਼ਾਂ ਦਾ ਮਲਬਾ ਜ਼ਿਲ੍ਹੇ ਦੇ ਪਹਾੜਗੜ੍ਹ ਇਲਾਕੇ ਵਿਚ ਡਿੱਗਿਆ ਹੈ। ਕੁਝ ਮਲਬਾ ਰਾਜਸਥਾਨ ਦੇ ਭਰਤਪੁਰ ਇਲਾਕੇ ਵਿਚ ਜਾ ਕੇ ਡਿੱਗਿਆ ਹੈ ਜੋ ਕਿ ਮੱਧ ਪ੍ਰਦੇਸ਼ ਦੇ ਨਾਲ ਲਗਦਾ ਹੈ। ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦੀ ਮੰਦਭਾਗੀ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਮ੍ਰਿਤਕ ਪਾਇਲਟ ਦੇ ਪਰਿਵਾਰ ਨਾਲ ਸੰਵੇਦਨਾ ਜ਼ਾਹਿਰ ਕੀਤੀ।