ਬੀਬੀਸੀ ਦਸਤਾਵੇਜ਼ੀ: ਦਿੱਲੀ ਯੂਨੀਵਰਸਿਟੀ ਵਿੱਚ ਹੰਗਾਮਾ

ਬੀਬੀਸੀ ਦਸਤਾਵੇਜ਼ੀ: ਦਿੱਲੀ ਯੂਨੀਵਰਸਿਟੀ ਵਿੱਚ ਹੰਗਾਮਾ

ਪੁਲੀਸ ਨੇ 24 ਵਿਦਿਆਰਥੀ ਹਿਰਾਸਤ ’ਚ ਲਏ; ਵਿਦਿਆਰਥਣਾਂ ਨਾਲ ਖਿੱਚ-ਧੂਹ ਦਾ ਲੱਗਿਆ ਦੋਸ਼
ਨਵੀਂ ਦਿੱਲੀ- ਦਿੱਲੀ ਯੂਨੀਵਰਸਿਟੀ ਦੀ ਆਰਟਸ ਫੈਕਲਟੀ ਵਿੱਚ ਅੱਜ ਉਸ ਸਮੇਂ ਹਾਲਾਤ ਤਣਾਅ ਵਾਲੇ ਬਣ ਗਏ ਜਦੋਂ ਵਿਦਿਆਰਥੀ ਗੁਜਰਾਤ ਦੰਗਿਆਂ ਬਾਰੇ ਬੀਬੀਸੀ ਦਸਤਾਵੇਜ਼ੀ ਦਿਖਾਉਣ ਲਈ ਬਜ਼ਿਦ ਦਿਖਾਈ ਦਿੱਤੇ। ਉਨ੍ਹਾਂ ਨੂੰ ਰੋਕਣ ਲਈ ਯੂਨੀਵਰਸਿਟੀ ਨੇ ਪੁਲੀਸ ਸੱਦ ਲਈ ਜਿਸ ਕਾਰਨ ਵਿਦਿਆਰਥੀ ਅਤੇ ਦਿੱਲੀ ਪੁਲੀਸ ਆਹਮੋ-ਸਾਹਮਣੇ ਆ ਗਏ। ਦਿੱਲੀ ਪੁਲੀਸ ਨੇ ਧਾਰਾ 144 ਦੀ ਉਲੰਘਣਾ ਕਰਨ ਵਾਲੇ 24 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਵਿਦਿਆਰਥੀ ਯੂਨੀਅਨਾਂ ਨੇ ਮਹਿਲਾ ਗਾਰਡਾਂ ਉਪਰ ਵਿਦਿਆਰਥਣਾਂ ਨਾਲ ਖਿੱਚ-ਧੂਹ ਦੇ ਦੋਸ਼ ਲਗਾਏ ਹਨ। ਜਿਵੇਂ ਹੀ ਭੀਮ ਆਰਮੀ ਫੈਡਰੇਸ਼ਨ ਨੇ ਫਿਲਮ ਦਿਖਾਉਣੀ ਸ਼ੁਰੂ ਕੀਤੀ ਤਾਂ ਦਿੱਲੀ ਪੁਲੀਸ ਨੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਥਾਣੇ ਲੈ ਗਏ। ਇਸ ਤੋਂ ਬਾਅਦ ਵਿਦਿਆਰਥੀਆਂ ਦਾ ਇਕੱਠ ਆਰਟ ਫੈਕਲਟੀ ਕੈਂਪਸ ਦੇ ਗੇਟਾਂ ਵੱਲ ਵਧਿਆ ਅਤੇ ਉਨ੍ਹਾਂ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਵਾਦਿਤ ਬੀਬੀਸੀ ਦਸਤਾਵੇਜ਼ੀ ਦੀ ਨਿਰਧਾਰਿਤ ਸਕ੍ਰੀਨਿੰਗ ਤੋਂ ਪਹਿਲਾਂ ਦਿੱਲੀ ਯੂਨੀਵਰਸਿਟੀ ਦੀ ਆਰਟਸ ਫੈਕਲਟੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਪੁਲੀਸ ਨੇ ਯੂਨੀਵਰਸਿਟੀ ਪਲਾਜ਼ਾ ਦੇ ਗੇਟ ਸਾਹਮਣੇ ਦਸਤਾਵੇਜ਼ੀ ਦਿਖਾਉਣ ਤੋਂ ਪਹਿਲਾਂ ਐੱਨਐੱਸਯੂਆਈ ਦੇ ਕਾਰਕੁਨਾਂ ਨੂੰ ਸ਼ਾਮ 4 ਵਜੇ ਅਤੇ ਭੀਮ ਆਰਮੀ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੁਨਾਂ ਨੂੰ 5 ਵਜੇ ਹਿਰਾਸਤ ’ਚ ਲੈ ਲਿਆ। ਪੁਲੀਸ ਨੇ ਵਿਦਿਆਰਥੀਆਂ ਨੂੰ ਥਾਂ ਖਾਲੀ ਕਰਨ ਲਈ ਕਿਹਾ ਸੀ ਪਰ ਉਹ ਜਦੋਂ ਨਾ ਮੰਨੇ ਤਾਂ ਕਾਰਵਾਈ ਕੀਤੀ। ਦਿੱਲੀ ਯੂਨੀਵਰਸਿਟੀ ਦੇ ਚੀਫ਼ ਪ੍ਰੋਕਟਰ ਪ੍ਰੋਫ਼ੈਸਰ ਰਜਨੀ ਅੱਬੀ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਵਿਦਿਆਰਥੀ ਐੱਨਐੱਸਯੂਆਈ ਕੇਰਲਾ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਦਸਤਾਵੇਜ਼ੀ ਦਿਖਾਉਣ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ। ਹਿਰਾਸਤ ਵਿਚ ਲੈਣ ਤੋਂ ਪਹਿਲਾਂ ਦਿੱਲੀ ਐੱਨਐੱਸਯੂਆਈ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮੰਗੀ ਸੀ ਜਿਸ ਦੀ ਪੁਲੀਸ ਨੇ ਇਜਾਜ਼ਤ ਨਹੀਂ ਦਿੱਤੀ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅਤੇ ਜਾਮੀਆ ਮਿਲੀਆ ਇਸਲਾਮੀਆ ’ਚ ਦਸਤਾਵੇਜ਼ੀ ਦਿਖਾਉਣ ਨੂੰ ਲੈ ਕੇ ਹੋਏ ਹੰਗਾਮੇ ਤੋਂ ਦੋ ਦਿਨਾਂ ਮਗਰੋਂ ਪੁਲੀਸ ਨੇ ਦਿੱਲੀ ਯੂਨੀਵਰਸਿਟੀ ’ਚ ਕਾਰਵਾਈ ਕੀਤੀ ਹੈ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਨੌਰਥ) ਸਾਗਰ ਸਿੰਘ ਕਲਸੀ ਨੇ ਕਿਹਾ,‘‘ਸ਼ਾਮ ਕਰੀਬ ਚਾਰ ਵਜੇ 20 ਵਿਦਿਆਰਥੀ ਬੀਬੀਸੀ ਦਸਤਾਵੇਜ਼ੀ ਦਿਖਾਉਣ ਲਈ ਆਰਟਸ ਫੈਕਲਟੀ ਗੇਟ ਦੇ ਬਾਹਰ ਆਏ। ਇਸ ਨਾਲ ਇਲਾਕੇ ’ਚ ਸ਼ਾਂਤੀ ਵਿਵਸਥਾ ਭੰਗ ਹੋ ਸਕਦੀ ਸੀ ਜਿਸ ਕਾਰਨ ਉਨ੍ਹਾਂ ਨੂੰ ਖਿੰਡਣ ਲਈ ਕਿਹਾ ਗਿਆ। ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ।’’