ਬੀਬੀਸੀ ਦਸਤਾਵੇਜ਼ੀ: ਜਾਮੀਆ ’ਚ 70 ਵਿਦਿਆਰਥੀ ਹਿਰਾਸਤ ’ਚ ਲਏ

ਬੀਬੀਸੀ ਦਸਤਾਵੇਜ਼ੀ: ਜਾਮੀਆ ’ਚ 70 ਵਿਦਿਆਰਥੀ ਹਿਰਾਸਤ ’ਚ ਲਏ

ਐੱਸਐੱਫਆਈ ਦੇ ਚਾਰ ਕਾਰੁਕਨਾਂ ਨੂੰ ਹਿਰਾਸਤ ’ਚ ਲੈਣ ਦਾ ਵਿਰੋਧ ਕਰਨ ਲਈ ਇਕੱਤਰ ਹੋਏ ਸਨ ਵਿਦਿਆਰਥੀ
ਨਵੀਂ ਦਿੱਲੀ- ਦਿੱਲੀ ਪੁਲੀਸ ਨੇ ਬੀਬੀਸੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਸਤਾਵੇਜ਼ੀ ਦੀ ਤਜਵੀਜ਼ਤ ਸਕਰੀਨਿੰਗ ਨੂੰ ਲੈ ਕੇ ਚਾਰ ਕਾਰੁਕਨਾਂ ਨੂੰ ਹਿਰਾਸਤ ਵਿੱਚ ਲੲੇ ਜਾਣ ਦਾ ਵਿਰੋਧ ਕਰਨ ਲਈ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ’ਚ ਇਕੱਤਰ ਹੋਏ ਵਿਦਿਆਰਥੀਆਂ ਵਿਚੋਂ 70 ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਹ ਦਾਅਵਾ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐੱਸਐੱਫਆਈ) ਨੇ ਕੀਤਾ ਹੈ। ਉਂਜ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਦੇ ਇਕੱਤਰ ਹੋਣ ਕਰਕੇ ਕੈਂਪਸ ਦੇ ਬਾਹਰ ਪੁਲੀਸ ਅਮਲੇ ਤੇ ਰੈਪਿਡ ਐਕਸ਼ਨ ਫੋਰਸ ਦਾ ਅਮਲਾ ਤਾਇਨਾਤ ਰਿਹਾ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਜਾਮੀਆ ਦੇ ਗੇਟਾਂ ’ਤੇ ਪੁਲੀਸ ਅਤੇ ਅੱਥਰੂ ਗੈਸ ਦੀਆਂ ਤੋਪਾਂ ਵਾਲੀਆਂ ਵੈਨਾਂ ਤਾਇਨਾਤ ਕੀਤੀਆਂ ਗਈਆਂ।

ਦਿੱਲੀ ਪੁਲੀਸ ਨੇ ਕਿਹਾ ਕਿ ਬੀਬੀਸੀ ਦਸਤਾਵੇਜ਼ੀ ਦੀ ਸਕਰੀਨਿੰਗ ਨੂੰ ਲੈ ਕੇ ਅੱਜ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਕਥਿਤ ਹੰਗਾਮਾ ਕਰਨ ਦੇ ਦੋਸ਼ ਵਿੱਚ ਚਾਰ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਐੱਸਐੱਫਆਈ ਦਿੱਲੀ ਸਟੇਟ ਕਮੇਟੀ ਨੇ ਕਿਹਾ ਕਿ ਅਜ਼ੀਜ਼ (ਜਾਮੀਆ ਵਿਦਿਆਰਥੀ ਅਤੇ ਜਾਮੀਆ ਯੂਨਿਟ ਸਕੱਤਰ), ਨਿਵੇਦਿਆ (ਜਾਮੀਆ ਵਿਦਿਆਰਥੀ ਅਤੇ ਦੱਖਣੀ ਦਿੱਲੀ ਖੇਤਰ ਦੇ ਉਪ ਪ੍ਰਧਾਨ), ਅਭਿਰਾਮ ਅਤੇ ਤੇਜਸ (ਜਾਮੀਆ ਵਿਦਿਆਰਥੀ ਅਤੇ ਯੂਨਿਟ ਦੇ ਮੈਂਬਰ) ਨੂੰ ਹਿਰਾਸਤ ਵਿੱਚ ਲਿਆ ਗਿਆ। ਹੋਰ ਵਿਦਿਆਰਥੀਆਂ ਨੂੰ ਵੀ ਹਿਰਾਸਤ ਵਿੱਚ ਲੈਣ ਦੀਆਂ ਖ਼ਬਰਾਂ ਹਨ।

ਐੱਸਐੱਫਆਈ ਦੀ ਦਿੱਲੀ ਸਟੇਟ ਕਮੇਟੀ ਦੇ ਸਕੱਤਰ ਪ੍ਰਿਤੀਸ਼ ਮੈਨਨ ਨੇ ਕਿਹਾ ਕਿ ਪੁਲੀਸ ਨੇ ਕੈਂਪਸ ’ਚ ਇਕੱਤਰ ਹੋਏ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੈਨਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਆਪਣਾ ਰੋਸ ਮੁਜ਼ਾਹਰਾ ਸ਼ੁਰੂ ਕਰਨ ਲੱਗੇ ਸੀ ਕਿ ਉਨ੍ਹਾਂ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨੂੰ ਪੁਲੀਸ ਸਟੇਸ਼ਨ ਲਿਜਾਇਆ ਗਿਆ ਹੈ।’’ ਕਾਬਿਲੇਗੌਰ ਹੈ ਕਿ ਖੱਬੇਪੱਖੀਆਂ ਦੀ ਹਮਾਇਤ ਵਾਲੀ ਐੱਸਐੱਫਆਈ ਦੀ ਜਾਮੀਆ ਇਕਾਈ ਨੇ ਮੰਗਲਵਾਰ ਨੂੰ ਪੋਸਟਰ ਰਿਲੀਜ਼ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਬੀਬੀਸੀ ਦਸਤਾਵੇਜ਼ੀ ‘ਇੰਡੀਆ: ਦਿ ਮੋਦੀ ਕੁਐੱਸਚਨ’ ਯੂਨੀਵਰਸਿਟੀ ਦੇ ਐੱਮਸੀਆਰਸੀ ਲਾਅਨ ਗੇਟ 8 ’ਤੇ ਸ਼ਾਮ 6 ਵਜੇ ਵਿਖਾਈ ਜਾਵੇਗੀ। ਦਿੱਲੀ ਪੁਲੀਸ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਐੱਸਐੱਫਆਈ ਦੇ ਇਸ ਐਲਾਨ ਮਗਰੋਂ ਉਨ੍ਹਾਂ ਚਾਰ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਧਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਕਿ ਦਸਤਾਵੇਜ਼ੀ ਵਿਖਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਉਹ ਲੋਕਾਂ ਤੇ ਜਥੇਬੰਦੀਆਂ ਨੂੰ ‘ਉਨ੍ਹਾਂ ਦੇ ਸੌੜੇ ਹਿੱਤਾਂ ਲਈ ਯੂਨੀਵਰਸਿਟੀ ਦੇ ਸ਼ਾਂਤਮਈ ਅਕਾਦਮਿਕ ਮਾਹੌਲ ਨੂੰ ਖ਼ਰਾਬ ਕਰਨ’ ਤੋਂ ਰੋਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ’ਵਰਸਿਟੀ ਪ੍ਰਸ਼ਾਸਨ ਨੇ ਇਕ ਬਿਆਨ ਵਿੱਚ ਕਿਹਾ ਕਿ ਦਸਤਾਵੇਜ਼ੀ ਦੀ ਸਕਰੀਨਿੰਗ ਲਈ ਉਨ੍ਹਾਂ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ। ਯੂਨੀਵਰਸਿਟੀ ਨੇ ਕਿਹਾ ਕਿ ਹੁਕਮਾਂ ਦੀ ਉਲੰਘਣਾ ਹੋਣ ’ਤੇ ਪ੍ਰਬੰਧਕਾਂ ਖਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਸਤਾਵੇਜ਼ੀ ਦੀ ਸਕਰੀਨਿੰਗ ਦੌਰਾਨ ਜੇਐਨਯੂ ਵਿੱਚ ਡਰਾਮਾ ਹੋਇਆ। ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਕਰੀਨਿੰਗ ਨੂੰ ਰੋਕਣ ਲਈ ਬਿਜਲੀ ਸਪਲਾਈ ਅਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਿਵਾਦਪੂਰਨ ਲੜੀ ਨੂੰ ਦੇਖਦੇ ਹੋਏ ਉਨ੍ਹਾਂ ’ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ ਸੀ। ਪੁਲੀਸ ਦੇ ਡਿਪਟੀ ਕਮਿਸ਼ਨਰ (ਦੱਖਣ-ਪੱਛਮੀ) ਮਨੋਜ ਸੀ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ। ਜੇਐਨਯੂ ਵਿਦਿਆਰਥੀ ਯੂਨੀਅਨ ਨੇ ਕਿਹਾ ਕਿ ਰਾਤ 9 ਵਜੇ ਦਸਤਾਵੇਜ਼ੀ ਦੀ ਸਕਰੀਨਿੰਗ ਦਾ ਆਯੋਜਨ ਕੀਤਾ ਗਿਆ ਸੀ। ਸਕਰੀਨਿੰਗ ਤੋਂ ਸਿਰਫ ਤੀਹ ਮਿੰਟ ਪਹਿਲਾਂ, ਪੂਰੇ ਜੇਐਨਯੂ ਕੈਂਪਸ ਦਾ ਇਲੈਕਟ੍ਰਿਕ ਕੁਨੈਕਸ਼ਨ ਫੇਲ੍ਹ ਹੋ ਗਿਆ। ਫਿਰ ਵੀ ਵਿਦਿਆਰਥੀ ਆਪਣੇ ਲੈਪਟਾਪ ਤੇ ਬਲੂਟੁੱਥ ਸਪੀਕਰਾਂ ਨਾਲ ਸਕਰੀਨਿੰਗ ਲਈ ਸਥਾਨ ’ਤੇ ਇਕੱਠੇ ਹੋਏ। ਵਿਦਿਆਰਥੀਆਂ ਨੇ ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਦਸਤਾਵੇਜ਼ੀ ਦੇਖਣ ਦਾ ਸੰਕਲਪ ਲਿਆ ਸੀ। ਰਾਤ ਨੂੰ ਹੀ ਵਿਦਿਆਰਥੀਆਂ ਨੇ ਵਸੰਤ ਕੁੰਜ ਥਾਣੇ ਵੱਲ ਮਾਰਚ ਕੱਢ ਕੇ ’ਵਰਸਿਟੀ ਵਿੱਚ ਬਾਹਰੋਂ ਆਏ ਸ਼ਰਾਰਤੀ ਤੱਤਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਸੀ।