ਅੰਮਿ੍ਰਤਸਰ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸਬੰਧੀ ਵਫਦ ਵੱਲੋਂ ਮਨਜਿੰਦਰ ਸਿਰਸਾ ਨਾਲ ਮੁਲਾਕਾਤ

ਅੰਮਿ੍ਰਤਸਰ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸਬੰਧੀ ਵਫਦ ਵੱਲੋਂ ਮਨਜਿੰਦਰ ਸਿਰਸਾ ਨਾਲ ਮੁਲਾਕਾਤ

ਨਵੀਂ ਦਿੱਲੀ : ਅੰਮਿ੍ਰਤਸਰ ਤੋਂ ਕੈਨੇਡਾ ਆਉਣ-ਜਾਣ ਵਾਲੇ ਪੰਜਾਬੀ ਭਾਈਚਾਰੇ ਨੂੰ ਜਲਦੀ ਹੀ ਚੰਗੀ ਖਬਰ ਮਿਲ ਸਕਦੀ ਹੈ। ਅੰਮਿ੍ਰਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਹਵਾਈ ਉਡਾਣਾਂ ਸੁਰੂ ਕਰਨ ਲਈ ਇਕ ਮੰਗ ਪੱਤਰ ਤਿਆਰ ਕੀਤਾ ਗਿਆ। ਅੰਮਿ੍ਰਤਸਰ ਵਿਕਾਸ ਮੰਚ ਦੇ ਸਰਪ੍ਰਸਤ ਪਿ੍ਰੰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਮਨਮੋਹਣ ਸਿੰਘ ਬਰਾੜ ਨੇ ਕੌਮੀ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸਟਰੀ ਹਵਾਈ ਅੱਡਾ ਅੰਮਿ੍ਰਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਹਵਾਈ ਉਡਾਣਾਂ ਸੁਰੂ ਕਰਨ ਲਈ ਮਦਦਗਾਰ ਹੋਣ ਸਬੰਧੀ ਮੰਗ-ਪੱਤਰ ਸੌਂਪਿਆ।
ਸਿਰਸਾ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਕੈਨੇਡਾ ਵਿੱਚ ਵਸਦੇ ਹਨ, ਜੋ ਅਕਸਰ ਹੀ ਪੰਜਾਬ ਆਪਣੀਆਂ ਜਾਇਦਾਦਾਂ ਦੀ ਦੇਖਭਾਲ ਕਰਨ, ਆਪਣੇ ਭਾਈਚਾਰੇ ਦੇ ਦੁੱਖ-ਸੁੱਖ ਵਿੱਚ ਸਾਮਲ ਹੋਣ ਅਤੇ ਆਪਣੇ ਬੱਚਿਆਂ ਨੂੰ ਪੰਜਾਬ ਦੇ ਨਰੋਏ ਭਾਈਚਾਰਕ ਸਭਿਆਚਾਰ ਨਾਲ ਜਾਣੂੰ ਕਰਾਉਣ ਲਈ ਆਉਂਦੇ ਹਨ। ਪਰ ਤ੍ਰਾਸਦੀ ਇਹ ਹੈ ਕਿ ਸਾਰੀਆਂ ਸਹੂਲਤਾਂ ਨਾਲ ਓਤਪੋਤ ਅੰਮਿ੍ਰਤਸਰ ਹਵਾਈ ਅੱਡੇ ਤੋਂ ਕੈਨੇਡਾ ਲਈ ਸਿੱਧੀਆਂ ਹਵਾਈ ਉਡਾਣਾਂ ਦੀ ਸਹੂਲਤ ਨਹੀਂ ਹੈ। ਸੋ ਪੰਜਾਬੀ ਪਰਦੇਸੀਆਂ ਦੀ ਸਹੂਲਤ ਦੀ ਪੂਰਤੀ ਲਈ ਅੰਮਿ੍ਰਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਹਵਾਈ ਉਡਾਣਾਂ ਸੁਰੂ ਕਰਨ ਲਈ ਯਤਨਸੀਲ ਹੋਣ। ਉਹਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਅੰਮਿ੍ਰਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਅੱਵਲ ਅਤੇ ਸਿਰਮੌਰ ਰੁਤਬਾ ਹਾਸਲ ਹੈ, ਪ੍ਰੰਤੂ ਯੂਨੀਵਰਸਿਟੀ ਸਿੰਥੈਟਿਕ ਅਥਲੈਟਿਕਸ ਟਰੈਕ ਤੋਂ ਵਿਰਵੀ ਹੈ। ਯੂਨੀਵਰਸਿਟੀ ਦੀ ਇਸ ਘਾਟ ਨੂੰ ਪੂਰਾ ਕਰਨ ਲਈ ਲੋੜੀਂਦੀ ਵਿੱਤੀ ਸਹਾਇਤਾ ਦੇਣ ਲਈ ਉਹ ਸਹਾਈ ਹੋਣ। ਸ੍ਰ. ਸਿਰਸਾ ਨੇ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਭਰੋਸਾ ਦਿੱਤਾ। ਸਿਰਸਾ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਅੰਮਿ੍ਰਤਸਰ ਵਿਖੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ (ਏਮਜ) ਅਤੇ ਹਾਈਕੋਰਟ ਦੇ ਬੈਂਚ ਦੀ ਸਥਾਪਨਾ ਮਹੱਤਵਪੂਰਨ ਜਰੂਰਤਾਂ ਹਨ।