ਹਾਕੀ: ਸਰਕਾਰੀ ਮਾਡਲ ਸਕੂਲ ਜਲੰਧਰ ਬਣਿਆ ਚੈਂਪੀਅਨ

ਹਾਕੀ: ਸਰਕਾਰੀ ਮਾਡਲ ਸਕੂਲ ਜਲੰਧਰ ਬਣਿਆ ਚੈਂਪੀਅਨ

ਜਲੰਧਰ- ਸਰਕਾਰੀ ਮਾਡਲ ਸਕੂਲ ਜਲੰਧਰ ਨੇ ਸਰਕਾਰੀ ਮਾਡਲ ਸਕੂਲ ਚੰਡੀਗੜ੍ਹ ਨੂੰ 4-2 ਗੋਲਾਂ ਨਾਲ ਹਰਾ ਕੇ 16ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ-19) ਦਾ ਖ਼ਿਤਾਬ ਜਿੱਤ ਲਿਆ। ਜਦਕਿ ਸ਼ਹੀਦ ਉਧਮ ਸਿੰਘ ਸਕੂਲ ਤਰਨ ਤਾਰਨ ਨੇ ਤੀਜਾ, ਕਿਸ਼ਤਿਜ ਹਾਈ ਸਕੂਲ ਜਮਸ਼ੇਦਪੁਰ ਨੇ ਚੌਥਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਜਸਟਿਸ ਹਰਮਿੰਦਰ ਸਿੰਘ ਮਦਾਨ ਨੇ ਕੀਤੀ ਜਦਕਿ ਸੁਧੀਰ ਰੀਲਨ (ਜੀਐਮ ਇੰਡੀਅਨ ਪੋਟਾਸ਼ ਲਿਮਿਟੇਡ) ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਜੇਤੂ ਟੀਮ ਨੂੰ ਇੱਕ ਲੱਖ 50 ਹਜ਼ਾਰ ਰੁਪਏ ਅਤੇ ਮਾਤਾ ਪ੍ਰਕਾਸ਼ ਕੌਰ ਕੱਪ ਨਾਲ ਸਨਮਾਨਿਆ ਗਿਆ। ਜਦਕਿ ਉਪ ਜੇਤੂ ਟੀਮ ਨੂੰ ਇਕ ਲੱਖ ਰੁਪਏ ਨਕਦ ਅਤੇ ਟਰਾਫੀ ਨਾਲ ਸਨਮਾਨਿਆ ਗਿਆ। ਤੀਜੇ ਤੇ ਚੌਥੇ ਸਥਾਨ ਦੀ ਟੀਮ ਨੂੰ ਕ੍ਰਮਵਾਰ 80 ਹਜ਼ਾਰ ਅਤੇ 60 ਹਜ਼ਾਰ ਰੁਪਏ ਦਿੱਤੇ ਗਏ।

ਟੂਰਨਾਮੈਂਟ ਕਮੇਟੀ ਵੱਲੋਂ ਸਰਕਾਰੀ ਮਾਡਲ ਸਕੂਲ ਜਲੰਧਰ ਦੇ ਮਨਮੀਤ ਸਿੰਘ ਨੂੰ ਟੂਰਨਾਮੈਂਟ ਦਾ ਉਭਰਦਾ ਖਿਡਾਰੀ ਐਲਾਨਿਆ ਜਦਕਿ ਇਸੇ ਸਕੂਲ ਦੇ ਦਿਲਰਾਜ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਸਕੋਰਰ ਐਲਾਨਿਆ ਗਿਆ। ਸ਼ਹੀਦ ਉਧਮ ਸਿੰਘ ਸਕੂਲ ਤਰਨਤਾਰਨ ਦੇ ਏਕਮਪ੍ਰੀਤ ਸਿੰਘ ਨੂੰ ਸਰਵੋਤਮ ਗੋਲਕੀਪਰ, ਸਰਕਾਰੀ ਮਾਡਲ ਸਕੂਲ ਚੰਡੀਗੜ੍ਹ ਦੇ ਪਰਮਵੀਰ ਸਿਮਘ ਨੂੰ ਸਰਵੋਤਮ ਫੁਲ ਬੈਕ, ਕਿਸ਼ਤਿਜ ਹਾਈ ਸਕੂਲ ਜਮਸ਼ੇਦਪੁਰ ਦੇ ਅਸਿਮ ਇੱਕਾ ਨੂੰ ਸਰਵੋਤਮ ਹਾਫ ਬੈਕ ਅਤੇ ਸਰਕਾਰੀ ਮਾਡਲ ਸਕੂਲ ਚੰਡੀਗੜ੍ਹ ਦੇ ਸੁਰਿੰਦਰ ਸਿੰਘ ਨੂੰ ਸਰਵੋਤਮ ਫਾਰਵਰਡ ਐਲਾਨਿਆ ਗਿਆ। ਇਨ੍ਹਾਂ ਸਾਰਿਆਂ ਨੂੰ ਦਸ-ਦਸ ਹਜ਼ਾਰ ਰੁਪਏ ਨਕਦ ਅਤੇ ਟਰਾਫੀਆਂ ਨਾਲ ਸਨਮਾਨਿਆ ਗਿਆ। ਕਿਸ਼ਤਿਜ਼ ਹਾਈ ਸਕੂਲ ਜਮਸ਼ੇਦਪੁਰ ਨੂੰ ਫੇਅਰ ਪਲੇਅ ਟਰਾਫੀ ਨਾਲ ਸਨਮਾਨਿਆ ਗਿਆ। ਫਾਇਨਲ ਮੁਕਾਬਲੇ ਵਿੱਚ ਸਰਕਾਰੀ ਮਾਡਲ ਸਕੂਲ ਜਲੰਧਰ ਦੀਆਂ ਟੀਮ ਨੇ ਖੇਡ ਦੇ ਸ਼ੁਰੂ ਤੋਂ ਹੀ ਖੇਡ ਤੇ ਦਬਦਬਾ ਬਣਾਇਆ।