ਪੁਲੀਸ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ: ਮੋਦੀ

ਪੁਲੀਸ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੈਦਲ ਗਸ਼ਤ ਜਿਹੇ ਰਵਾਇਤੀ ਪੁਲੀਸ ਤੰਤਰ ਨੂੰ ਹੋਰ ਮਜ਼ਬੂਤ ਕਰਦਿਆਂ ਪੁਲੀਸ ਬਲਾਂ ਨੂੰ ਵਧੇਰੇ ਸੰਵੇਦਨਸ਼ੀਲ ਬਣਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਨਵੀਂ ਤਕਨੀਕ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਇੱਥੇ ਪੁਲੀਸ ਦੇ ਡਾਇਰੈਕਟਰ ਜਨਰਲਾਂ ਤੇ ਇੰਸਪੈਕਟਰ ਜਨਰਲਾਂ ਦੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਮਰੱਥਾਵਾਂ ਦਾ ਲਾਭ ਲੈਣ ਅਤੇ ਸਭ ਤੋਂ ਬਿਹਤਰੀਨ ਢੰਗਾਂ ਨੂੰ ਸਾਂਝਾ ਕਰਨ ਲਈ ਕੇਂਦਰੀ ਏਜੰਸੀਆਂ ਤੇ ਸੂਬਾਈ ਪੁਲੀਸ ਵਿਚਾਲੇ ਆਪਸੀ ਸਹਿਯੋਗ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਵੇਲਾ ਲੰਘਾ ਚੁੱਕੇ ਅਪਰਾਧਕ ਕਾਨੂੰਨਾਂ ਨੂੰ ਰੱਦ ਕਰਨ, ਸੂਬਿਆਂ ’ਚ ਪੁਲੀਸ ਸੰਗਠਨਾਂ ਲਈ ਮਾਪਦੰਡਾਂ ਦੇ ਨਿਰਮਾਣ ਦਾ ਸੁਝਾਅ ਦਿੱਤਾ। ਇੱਕ ਅਧਿਕਾਰਤ ਬਿਆਨ ਅਨੁਸਾਰ, ‘ਪ੍ਰਧਾਨ ਮੰਤਰੀ ਨੇ ਪੁਲੀਸ ਬਲਾਂ ਨੂੰ ਵਧੇਰੇ ਸੰਵੇਦਨਸ਼ੀਲ ਬਣਾਉਣ ਅਤੇ ਉਨ੍ਹਾਂ ਨੂੰ ਉਭਰਦੀ ਤਕਨੀਕ ਦੀ ਸਿਖਲਾਈ ਦੇਣ ਦੀ ਸਲਾਹ ਦਿੱਤੀ।’ ਉਨ੍ਹਾਂ ਅਧਿਕਾਰੀਆਂ ਵੱਲੋਂ ਲਗਾਤਾਰ ਦੌਰੇ ਕਰਕੇ ਸਰਹੱਦ ਦੇ ਨਾਲ ਨਾਲ ਤੱਟੀ ਸੁਰੱਖਿਆ ਨੂੰ ਮਜ਼ਬੂਤ ਕਰਨ ਬਾਰੇ ਵੀ ਚਰਚਾ ਕੀਤੀ।

ਪ੍ਰਧਾਨ ਮੰਤਰੀ ਨੇ ਏਜੰਸੀਆਂ ’ਚ ਅੰਕੜਿਆਂ ਦੇ ਵਟਾਂਦਰੇ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਕੌਮੀ ਡੇਟਾ ਗਵਰਨੈਂਸ ਫਰੇਮਵਰਕ ਦੇ ਮਹੱਤਵ ਨੂੰ ਵੀ ਉਭਾਰਿਆ। ਉਨ੍ਹਾਂ ਸੁਝਾਅ ਦਿੱਤਾ ਕਿ ਜਿੱਥੇ ਪੁਲੀਸ ਬਲਾਂ ਨੂੰ ਬਾਇਓਮੈਟ੍ਰਿਕ ਆਦਿ ਜਿਹੀਆਂ ਤਕਨੀਕਾਂ ਦਾ ਵਧੇਰੇ ਲਾਭ ਉਠਾਉਣਾ ਚਾਹੀਦਾ ਹੈ, ਉੱਥੇ ਹੀ ਪੈਦਲ ਗਸ਼ਤ ਜਿਹੇ ਰਵਾਇਤੀ ਪੁਲੀਸ ਤੰਤਰ ਨੂੰ ਹੋਰ ਮਜ਼ਬੂਤ ਕਰਨ ਦੀ ਵੀ ਲੋੜ ਹੈ। ਮੋਦੀ ਨੇ ਜੇਲ੍ਹ ਪ੍ਰਬੰਧਨ ’ਚ ਸੁਧਾਰ ਲਈ ਜੇਲਾਂ ’ਚ ਸੁਧਾਰ ਦੀ ਵੀ ਹਮਾਇਤ ਕੀਤੀ। ਪ੍ਰਧਾਨ ਮੰਤਰੀ ਨੇ ਉਭਰਦੀਆਂ ਚੁਣੌਤੀਆਂ ’ਤੇ ਚਰਚਾ ਕਰਨ ਅਤੇ ਆਪਣੀ ਟੀਮ ਵਿਚਾਲੇ ਸਰਵੋਤਮ ਢੰਗਾਂ ਨੂੰ ਵਿਕਸਿਤ ਕਰਨ ਲਈ ਰਾਜ ਤੇ ਜ਼ਿਲ੍ਹਾ ਪੱਧਰ ’ਤੇ ਡੀਜੀਪੀ/ਆਈਜੀਪੀ ਸੰਮੇਲਨਾਂ ਦੇ ਮਾਡਲ ਦੁਹਰਾਉਣ ਦਾ ਸੱਦਾ ਦਿੱਤਾ। ਇਸ ਸੰਮੇਲਨ ’ਚ ਪੁਲੀਸ ਤੰਤਰ ਤੇ ਕੌਮੀ ਸੁਰੱਖਿਆ ਦੇ ਵੱਖ ਵੱਖ ਪੱਖਾਂ ਨੂੰ ਸ਼ਾਮਲ ਕੀਤਾ ਗਿਆ।