ਸੈਂਟਰਲ ਲਾਇਬਰੇਰੀ ਵਿੱਚ ਚਾਰ ਦਰਜਨ ਦੇ ਕਰੀਬ ਅਸਾਮੀਆਂ ਖਾਲੀ

ਸੈਂਟਰਲ ਲਾਇਬਰੇਰੀ ਵਿੱਚ ਚਾਰ ਦਰਜਨ ਦੇ ਕਰੀਬ ਅਸਾਮੀਆਂ ਖਾਲੀ

ਮੁੱਖ ਲਾਇਬਰੇਰੀਅਨ ਇਕੱਲਿਆਂ ਸੰਭਾਲ ਰਹੀ ਹੈ 1.65 ਲੱਖ ਕਿਤਾਬਾਂ
ਪਟਿਆਲਾ- ਉੱਤਰੀ ਭਾਰਤ ਵਿਚ ਸਾਹਿਤ ਦਾ ਖ਼ਜ਼ਾਨਾ ਮੰਨੀ ਜਾਂਦੀ 1956 ਵਿੱਚ ਸ਼ੁਰੂ ਹੋਈ ਮੁਸਾਫ਼ਰ ਮੈਮੋਰੀਅਲ ਸੈਂਟਰਲ ਸਟੇਟ ਲਾਇਬਰੇਰੀ ਵਿੱਚ ਅੱਜ 1.65 ਲੱਖ ਕਿਤਾਬਾਂ ਮੌਜੂਦ ਹਨ ਪਰ ਇਨ੍ਹਾਂ ਦੀ ਸੰਭਾਲ ਲਈ ਲਾਇਬਰੇਰੀਅਨਾਂ ਦੀਆਂ ਅਸਾਮੀਆਂ ਪਿਛਲੇ 10 ਸਾਲ ਤੋਂ ਖਾਲੀ ਹਨ।

ਜਾਣਕਾਰੀ ਅਨੁਸਾਰ ਸੈਂਟਰ ਸਟੇਟ ਲਾਇਬਰੇਰੀ ਵਿੱਚ ਇਕ ਚੀਫ਼ ਲਾਇਬਰੇਰੀਅਨ ਹੀ ਸਾਰੇ ਕੰਮ ਸੰਭਾਲ ਰਹੀ ਹੈ। ਇਸ ਲਾਇਬਰੇਰੀ ਵਿੱਚ 7 ਲਾਇਬਰੇਰੀਅਨਾਂ, 5 ਰੀਸਟਰੋਰਾਂ, 12 ਸੇਵਾਦਾਰਾਂ, 12 ਸਪੋਰਟਿੰਗ ਸਟਾਫ਼, ਦੋ ਮਾਲੀਆਂ, ਦੋ ਸਫ਼ਾਈ ਸੇਵਕਾਂ, ਦੋ ਕਲਰਕਾਂ, ਇਕ ਬੁੱਕ ਬਾਈਂਡਰ, ਇਕ ਦਫ਼ਤਰੀ, ਇਕ ਚੌਕੀਦਾਰ ਅਤੇ ਇਕ ਵਾਟਰਮੈਨ ਦੀਆਂ ਅਸਾਮੀਆਂ ਖਾਲੀ ਪਈਆਂ ਹਨ।

ਲਾਇਬਰੇਰੀ ਸਮੇਤ ਆਡੀਟੋਰੀਅਮ ਸੰਵਾਰਨ ਲਈ ਪੰਜਾਬ ਸਰਕਾਰ ਵੱਲੋਂ 8.26 ਕਰੋੜ ਰੁਪਏ ਦੇਣ ਦੇ ਕੀਤੇ ਗਏ ਐਲਾਨ ਤੋਂ ਮੁੱਖ ਲਾਇਬਰੇਰੀਅਨ ਡਾ. ਪ੍ਰਭਜੋਤ ਕੌਰ ਖ਼ੁਸ਼ ਹਨ ਪਰ ਖਾਲੀ ਪਈਆਂ ਅਸਾਮੀਆਂ ਕਾਰਨ ਉਹ ਕਾਫੀ ਚਿੰਤਤ ਹਨ। ਡਾ. ਪ੍ਰਭਜੋਤ ਨੇ ਕਿਹਾ ਕਿ ਸੈਂਟਰਲ ਸਟੇਟ ਲਾਇਬਰੇਰੀ ਨੂੰ ਕਈ ਸਾਲਾਂ ਤੋਂ ਉਹ ਇਕੱਲੇ ਹੀ ਸੰਭਾਲ ਰਹੇ ਹਨ। ‘ਬੁੱਕ ਬਾਈਂਡਰ’ ਆਰਜ਼ੀ ਤੌਰ ’ਤੇ ਮਹਿੰਦਰਾ ਕਾਲਜ ਤੋਂ ਬੁਲਾ ਲਿਆ ਜਾਂਦਾ ਹੈ ਪਰ ਨਿੱਤ ਨਵੀਆਂ ਕਿਤਾਬਾਂ ਲਾਇਬਰੇਰੀ ਵਿੱਚ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਨੂੰ ਸੰਭਾਲਣ ਲਈ ਮੁਲਾਜ਼ਮਾਂ ਦੀ ਕਮੀ ਮਹਿਸੂਸ ਹੁੰਦੀ ਹੈ। ਇਸੇ ਤਰ੍ਹਾਂ ਦਫਤਰੀ, ਚੌਕੀਦਾਰ, ਕਲਰਕ, ਮਾਲੀ, ਸਫਾਈ ਸੇਵਕਾਂ ਅਤੇ ਹੋਰ ਮੁਲਾਜ਼ਮਾਂ ਦੀ ਵੀ ਘਾਟ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਦੀ ਘਾਟ ਕਾਰਨ ਕਿਤਾਬਾਂ ਲੈਣ ਆਉਣ ਵਾਲੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਜਲਦੀ ਹੀ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਣਗੇ ਅਤੇ ਆਸ ਹੈ ਕਿ ਲਾਇਬਰੇਰੀ ਸੰਵਾਰਨ ਲਈ ਮਿਲੀ ਗਰਾਂਟ ਵਾਂਗ ਸਰਕਾਰ ਖ਼ਾਲੀ ਅਸਾਮੀਆਂ ਵੀ ਭਰੇਗੀ।

ਜ਼ਿਕਰਯੋਗ ਹੈ ਕਿ ਇਸ ਲਾਇਬਰੇਰੀ ਦੇ ਬਹੁਤ ਅਹਿਮ ‘ਹਵਾਲਾ ਭਾਗ’ ਵਿੱਚ ਪੁਰਾਤਨ 13,500 ਕਿਤਾਬਾਂ ਦਾ ਖ਼ਜ਼ਾਨਾ ਪਿਆ ਹੈ। ਇੱਥੇ ਤਿੰਨ ਹਜ਼ਾਰ ਦੇ ਕਰੀਬ ਹੱਥ ਲਿਖਤਾਂ ਪਈਆਂ ਹਨ। ਇੱਥੇ ਪਏ ਗਜ਼ਟੀਅਰ ਖੋਜਕਾਰਾਂ ਲਈ ਵਰਦਾਨ ਹਨ। ਇਸੇ ਤਰ੍ਹਾਂ ‘ਉਧਾਰ ਭਾਗ’ ਵਿੱਚ ਇਕ ਲੱਖ ਤੋਂ ਵੱਧ ਪੁਸਤਕਾਂ ਮੌਜੂਦ ਹਨ। ਇਸ ਭਾਗ ’ਚੋਂ 21,500 ਦੇ ਕਰੀਬ ਮੈਂਬਰ ਕਿਤਾਬਾਂ 15 ਦਿਨਾਂ ਲਈ ਲਿਜਾ ਕੇ ਪੜ੍ਹ ਸਕਦੇ ਹਨ। ਇਸ ਤੋਂ ਇਲਾਵਾ ‘ਰਸਾਲਾ ਭਾਗ’ ਵਿੱਚ ਵੱਖ-ਵੱਖ ਤਰ੍ਹਾਂ ਦੇ ਪੁਰਾਣੇ ਤੋਂ ਪੁਰਾਣੇ ਰਸਾਲੇ ਪਏ ਹਨ। ਇੱਥੇ 55 ਤੋਂ 60 ਸਾਲ ਪੁਰਾਣੇ ਅਖ਼ਬਾਰ ਵੀ ਪੜ੍ਹੇ ਜਾ ਸਕਦੇ ਹਨ। ਇੱਥੇ ਬਾਲ ਸਾਹਿਤ ਦਾ ਇਕ ਵੱਖਰਾ ‘ਬਾਲ ਭਾਗ’ ਸਥਾਪਿਤ ਹੈ, ਜਿੱਥੇ ਬਾਲ ਸਾਹਿਤ ਦੀਆਂ 18,500 ਪੁਸਤਕਾਂ ਪਈਆਂ ਹਨ। ਇਸੇ ਤਰ੍ਹਾਂ ਹੋਰ ਵੱਖ-ਵੱਖ ਭਾਗਾਂ ਵਿੱਚ ਇੱਥੇ ਵੱਡੀ ਗਿਣਤੀ ਕਿਤਾਬਾਂ ਪਈਆਂ ਹਨ।