ਫਿਰੌਤੀ ਮਾਮਲੇ ’ਚ ਜੱਗੂ ਭਗਵਾਨਪੁਰੀਆ‌ਦਾ ਪੁਲੀਸ ਰਿਮਾਂਡ

ਫਿਰੌਤੀ ਮਾਮਲੇ ’ਚ ਜੱਗੂ ਭਗਵਾਨਪੁਰੀਆ‌ਦਾ ਪੁਲੀਸ ਰਿਮਾਂਡ

ਲਾਰੈਂਸ ਬਿਸ਼ਨੋਈ ਕੋਲੋਂ ਕੀਤੀ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਸੀ ਜੱਗੂ ਦਾ ਨਾਂ
ਸ੍ਰੀ ਮੁਕਤਸਰ ਸਾਹਿਬ- ਮੁਕਤਸਰ ਦੇ ਇੱਕ ਵਿਅਕਤੀ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਸਥਾਨਕ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ’ਤੇ ਲਿਆ ਕੇ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਜੱਗੂ ਭਗਵਾਨਪੁਰੀਆ ਨੂੰ ਦੋ ਦਿਨਾਂ ਦੇ ਰਿਮਾਂਡ ’ਤੇ ਭੇਜਣ ਦੇ ਆਦੇਸ਼ ਦਿੱਤੇ ਹਨ। ਹੁਣ ਪੁਲੀਸ ਭਲਕੇ 24 ਜਨਵਰੀ ਨੂੰ ਮੁਲਜ਼ਮ ਨੂੰ ਮੁੜ ਅਦਾਲਤ ’ਚ ਪੇਸ਼ ਕਰੇਗੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਤਿੰਨ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਕਰਕੇ ਉਸ ਤੋਂ ਤੀਹ ਲੱਖ ਰੁਪਏ ਦੀ ਫਿਰੌਤੀ ਦੀ ਮੰਗੇ ਜਾਣ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਇਹ ਵੀ ਦੱਸਿਆ ਸੀ ਕਿ ਕਾਲ ਕਰਨ ਵਾਲੇ ਨੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਹੈ। ਇਹ ਕਾਲਾਂ 21 ਮਾਰਚ ਨੂੰ ਆਈਆਂ ਸਨ ਤੇ 23 ਮਾਰਚ ਨੂੰ ਫਰੀਦਕੋਟ ਅਦਾਲਤ ਵਿੱਚ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਵਾਲੇ ਦਿਨ ਇਹ ਪੈਸਾ ਦੇਣ ਦੀ ਗੱਲ ਆਖੀ ਗਈ ਸੀ। ਪੁਲੀਸ ਨੇ ਇਸ ਸਬੰਧੀ 22 ਜਨਵਰੀ ਨੂੰ ਮੁਕਤਸਰ ਥਾਣਾ ਸਿਟੀ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮੁਢਲੀ ਜਾਂਚ ਦੌਰਾਨ ਕਾਬੂ ਕੀਤੇ ਗਏ ਦਮਨਪ੍ਰੀਤ ਨਾਂ ਦੇ ਮੁਲਜ਼ਮ ਨੇ ਦੱਸਿਆ ਕਿ ਲਾਰੈਂਸ ਉਸ ਤੋਂ ਫੋਨ ਕਰਵਾਉਂਦਾ ਸੀ। ਫਿਰ ਮੁਕਤਸਰ ਪੁਲੀਸ ਵੱਲੋਂ ਲਾਰੈਂਸ ਤੋਂ ਕੀਤੀ ਗਈ ਪੁੱਛ-ਪੜਤਾਲ ਮਗਰੋਂ ਪੁੱਛਗਿੱਛ ਕੀਤੀ। ਲਾਰੇਂਸ ਜੱਗੂ ਭਗਵਾਨਪੁਰੀਆ ਦਾ ਨਾਂ ਸਾਹਮਣੇ ਆਇਆ।