ਐਮਰਜੈਂਸੀ ਸੇਵਾਵਾਂ ਨੂੰ ਕੀਤਾ ਜਾਵੇਗਾ ਮਜ਼ਬੂਤ: ਸਿਹਤ ਮੰਤਰੀ

ਐਮਰਜੈਂਸੀ ਸੇਵਾਵਾਂ ਨੂੰ ਕੀਤਾ ਜਾਵੇਗਾ ਮਜ਼ਬੂਤ: ਸਿਹਤ ਮੰਤਰੀ

ਪਹਿਲੀ ਵਾਰ ਗੁਰੂ ਕੀ ਨਗਰੀ ਪੁੱਜੇ ਬਲਬੀਰ ਸਿੰਘ; ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ
ਅੰਮ੍ਰਿਤਸਰ- ਨਵੇਂ ਬਣੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਉਹ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਕਰਨਗੇ, ਤਾਂ ਜੋ ਕਿਸੇ ਵੀ ਵਿਅਕਤੀ ਦੀ ਇਲਾਜ ਦੀ ਕਮੀ ਕਾਰਨ ਜਾਨ ਨਾ ਜਾਵੇ। ਉਹ ਸਿਹਤ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਗੁਰੂ ਨਗਰੀ ਪੁੱਜੇ ਹਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਸੁਫਨਾ ਹੈ ਕਿ ਪੰਜਾਬ ਨੂੰ ਤੰਦਰੁਸਤ ਬਨਾਉਣਾ ਹੈ। ਇਸ ਵਿਚ ਸਭ ਤੋਂ ਵੱਧ ਯੋਗਦਾਨ ਸਿਹਤ ਵਿਭਾਗ ਦਾ ਹੋਣਾ ਚਾਹੀਦਾ ਹੈ, ਇਸ ਵਾਸਤੇ ਸਾਰਾ ਅਮਲਾ ਇਸ ਟੀਚੇ ਦੀ ਪ੍ਰਾਪਤੀ ਲਈ ਸਰਕਾਰ ਦਾ ਡਟਵਾਂ ਸਾਥ ਦੇਵੇ। ਸਰਕਾਰੀ ਹਸਪਤਾਲਾਂ ਵਿਚ ਕੇਵਲ ਦਵਾਈਆਂ ਨਾਲ ਮਰੀਜ਼ ਦਾ ਇਲਾਜ ਹੀ ਨਹੀਂ, ਬਲਿਕ ਇਸ ਤਰ੍ਹਾਂ ਦੀ ਪ੍ਰਣਾਲੀ ਵਿਕਸਤ ਕੀਤੀ ਜਾਵੇਗੀ, ਜਿਸ ਵਿੱਚ ਮਰੀਜ਼ ਨੂੰ ਯੋਗ, ਮਨੋ ਚਕਿਤਸਕ ਸੇਵਾਵਾਂ, ਕਸਰਤ ਆਦਿ ਵੱਲ ਲਗਾ ਕੇ ਸੰਪੂਰਨ ਇਲਾਜ ਵੱਲ ਮੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਇੰਨਾ ਮਜ਼ਬੂਤ ਕੀਤਾ ਜਾਵੇ, ਤਾਂ ਕਿ ਕਿਸੇ ਵੀ ਵਿਅਕਤੀ ਦੀ ਮੌਤ ਇਲਾਜ ਦੀ ਕਮੀ ਕਾਰਨ ਨਾ ਹੋਵੇ। ਇਸ ਲਈ ਜਿੱਥੇ ਸਰਕਾਰੀ ਮੈਡੀਕਲ ਢਾਂਚਾ ਮਜ਼ਬੂਤ ਕੀਤਾ ਜਾਵੇਗਾ, ਉਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀਆਂ ਸੇਵਾਵਾਂ ਵੀ ਲੈਣਗੇ। ਉਨ੍ਹਾਂ ਡਾਕਟਰਾਂ, ਸਿਹਤ ਕਰਮੀਆਂ ਤੇ ਹੋਰ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪ ਆਪਣੀਆਂ ਗੱਡੀਆਂ ਵਿੱਚ ਫਸਟ ਏਡ ਕਿੱਟ ਰੱਖਣ ਅਤੇ ਆਪਣੇ ਮਿਤਰਾਂ ਤੇ ਹੋਰ ਲੋਕਾਂ ਨੂੰ ਵੀ ਮੁੱਢਲੀ ਸਹਾਇਤਾ ਦੀ ਸਿੱਖਿਆ ਦੇ ਕੇ ਇਸ ਲਈ ਪ੍ਰੇਰਿਤ ਕਰਨ। ਆਮ ਆਦਮੀ ਕਲੀਨਿਕ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਚੰਗੇ ਨਤੀਜੇ ਮਿਲੇ ਹਨ ਅਤੇ ਥੋੜ੍ਹੇ ਜਿਹੇ ਅਰਸੇ ਵਿਚ 10 ਲੱਖ ਤੋਂ ਵੱਧ ਲੋਕਾਂ ਨੂੰ ਇਹ ਕਲੀਨਿਕ ਸੇਵਾਵਾਂ ਦੇ ਚੁੱਕੇ ਹਨ। ਨਸ਼ਿਆਂ ਦੇ ਖਾਤਮੇ ਲਈ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਬਾਰੇ ਉਨ੍ਹਾ ਕਿਹਾ ਕਿ ਨਸ਼ੇ ਨੂੰ ਰੋਕਣਾ ਸਿਹਤ ਵਿਭਾਗ ਦਾ ਕੰਮ ਨਹੀਂ, ਪਰ ਨਸ਼ਾ ਕਰ ਰਹੇ ਰੋਗੀ ਨੂੰ ਮੁੜ ਜ਼ਿੰਦਗੀ ਦੇਣੀ ਡਾਕਟਰਾਂ ਦਾ ਕੰਮ ਹੈ। ਉਨਾਂ ਕਿਹਾ ਕਿ ਉਹ ਜਲਦੀ ਹੀ ਤਰਕਸੰਗਤ ਢੰਗ ਅਨੁਸਾਰ ਡਾਕਟਰਾਂ ਤੇ ਸਿਹਤ ਕਰਮੀਆਂ ਦੀ ਤਾਇਨਾਤੀ ਕਰਨਗੇ। ਸਿਹਤ ਮੰਤਰੀ ਨੇ ਪੁਤਲੀਘਰ ਸਥਿਤ ਉਸ ਸਥਾਨ ਦਾ ਦੌਰਾ ਵੀ ਕੀਤਾ, ਜਿਥੋਂ 27 ਜਨਵਰੀ ਨੂੰ ਮੁੱਖ ਮੰਤਰੀ ਵੱਲੋਂ 400 ਤੋਂ ਵੱਧ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣੇ ਹਨ।