ਮੁਲਜ਼ਮ ਨੇ ਪਹਿਲਾਂ ਵੀ ਇੱਕ ਔਰਤ ਨਾਲ ਕੀਤੀ ਸੀ ਛੇੜਛਾੜ: ਮਾਲੀਵਾਲ

ਮੁਲਜ਼ਮ ਨੇ ਪਹਿਲਾਂ ਵੀ ਇੱਕ ਔਰਤ ਨਾਲ ਕੀਤੀ ਸੀ ਛੇੜਛਾੜ: ਮਾਲੀਵਾਲ

ਨਵੀਂ ਦਿੱਲੀ-ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਅੱਜ ਦੋਸ਼ ਲਾਇਆ ਕਿ ਏਮਸ ਦੇ ਬਾਹਰ ਉਨ੍ਹਾਂ ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਨੇ ਇਸੇ ਤਰ੍ਹਾਂ ਇੱਕ ਹੋਰ ਔਰਤ ਨੂੰ ਵੀ ਨਿਸ਼ਾਨਾ ਬਣਾਇਆ ਸੀ। ਮਾਲੀਵਾਲ ਨੇ ਦੋਸ਼ ਲਾਇਆ ਕਿ ਰਾਤ ਦੀ ਚੈਕਿੰਗ ਦੌਰਾਨ ਨਸ਼ੇ ਵਿੱਚ ਧੁੱਤ ਇੱਕ 47 ਸਾਲਾ ਵਿਅਕਤੀ ਨੇ ਉਨ੍ਹਾਂ ਨਾਲ ਛੇੜਛਾੜ ਕੀਤੀ ਤੇ ਏਮਸ ਦੇ ਬਾਹਰ ਕਾਰ ਨਾਲ ਉਨ੍ਹਾਂ ਨੂੰ 10-15 ਮੀਟਰ ਤੱਕ ਘੜੀਸਿਆ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਲੀਵਾਲ ਨੇ ਟਵੀਟ ਕੀਤਾ, ‘‘ਜਿਸ ਵਿਅਕਤੀ ਨੇ ਮੈਨੂੰ ਛੇੜਿਆ ਉਸ ਨੇ ਹੋਰ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇੱਕ ਲੜਕੀ ਨੇ 181 ਹੈਲਪਲਾਈਨ ’ਤੇ ਫੋਨ ਕਰ ਕੇ ਦੱਸਿਆ ਕਿ ਕਿਸ ਤਰ੍ਹਾਂ ਇਸ ਵਿਅਕਤੀ ਨੇ 17 ਜਨਵਰੀ ਨੂੰ ਲੋਧੀ ਰੋਡ ’ਤੇ ਕਈ ਵਾਰ ਉਸ ਦੇ ਅੱਗੇ ਗੱਡੀ ਰੋਕੀ ਅਤੇ ਇਸ ਵਿੱਚ ਬੈਠਣ ਨੂੰ ਕਿਹਾ।’’ ਇਸ ਦੌਰਾਨ ਮਾਲੀਵਾਲ ਨੇ ਮਹਿਲਾ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਮੁਲਜ਼ਮ ਵੱਲੋਂ ਛੇੜਛਾੜ ਕੀਤੇ ਜਾਣ ਬਾਰੇ ਦੱਸ ਰਹੀ ਹੈ।

ਮਾਲੀਵਾਲ ਨਾਲ ਛੇੜਛਾੜ ਦੀ ਵੀਡੀਓ ਵਾਇਰਲ

ਡੀਸੀਡਬਲਿਊ ਮੁਖੀ ਸਵਾਤੀ ਮਾਲੀਵਾਲ ਨਾਲ ਏਮਸ ਦੇ ਬਾਹਰ ਵਾਪਰੀ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਵੀਰਵਾਰ ਤੜਕੇ ਵਾਪਰੀ ਇਸ ਘਟਨਾ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਾਲੀਵਾਲ ਫੁਟਪਾਥ ’ਤੇ ਇੰਤਜ਼ਾਰ ਕਰ ਰਹੀ ਹੁੰਦੀ ਹੈ ਅਤੇ ਇੱਕ ਕਾਰ ਚਾਲਕ ਉਸ ਨੂੰ ਕਾਰ ਵਿੱਚ ਬੈਠਣ ਲਈ ਕਹਿੰਦਾ ਹੈ। ਇਸ ਮਗਰੋਂ ਮਾਲੀਵਾਲ ਕਾਰ ਚਾਲਕ ਨੂੰ ਕਹਿੰਦੀ ਹੈ, ‘‘ਤੁਸੀਂ ਮੈਨੂੰ ਕਿੱਥੇ ਛੱਡੋਗੇ? ਮੈਂ ਘਰ ਜਾਣਾ ਚਾਹੁੰਦੀ ਹਾਂ। ਮੇਰੇ ਰਿਸ਼ਤੇਦਾਰ ਆ ਰਹੇ ਹਨ।’’ ਇਸ ਮਗਰੋਂ ਮਾਲੀਵਾਲ ਦੂਰ ਹਟ ਜਾਂਦੀ ਹੈ ਅਤੇ ਕਾਰ ਚਲੀ ਜਾਂਦੀ ਹੈ। ਕਾਰ ਚਾਲਕ ਕੁੱਝ ਦੇਰ ਬਾਅਦ ਫਿਰ ਆਉਂਦਾ ਹੈ ਅਤੇ ਮਾਲੀਵਾਲ ਨੂੰ ਕਾਰ ’ਚ ਬੈਠਣ ਲਈ ਕਹਿੰਦਾ ਹੈ। ਜਦੋਂ ਉਹ ਮੁੜ ਉਸ ਨੂੰ ਮਨ੍ਹਾਂ ਕਰਦੀ ਹੈ ਤਾਂ ਕਾਰ ਚਾਲਕ ਤੁਰੰਤ ਸ਼ੀਸ਼ਾ ਉਪਰ ਚੁੱਕਦਾ ਹੈ ਅਤੇ ਉਸ ਦਾ ਹੱਥ ਸ਼ੀਸ਼ੇ ਵਿੱਚ ਫਸ ਜਾਂਦਾ ਹੈ। ਇਸ ਮਗਰੋਂ ਉਹ ਕਾਰ ਚਲਾ ਲੈਂਦਾ ਹੈ।